ਪੰਜਾਬੀ ਲਿਖਾਰੀ ਸਭਾ ਰਜਿ ਸਿਆਟਲ ਵੱਲੋਂ ਲਾਸਾਨੀ ਸ਼ਹਾਦਤ ਸਮਰਪਿਤ ਕਵੀ ਦਰਬਾਰ
(ਖ਼ਬਰਸਾਰ)
ਬਾਘਾਪੁਰਾਣਾ --ਉੱਘੇ ਵਿਅੰਗਕਾਰ ਅਤੇ ਪੰਜਾਬੀ ਲਿਖਾਰੀ ਸਭਾ ਰਜਿ ਸਿਆਟਲ ਦੇ ਪ੍ਰੈਸ ਸਕੱਤਰ ਮੰਗਤ ਕੁਲਜਿੰਦ ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸ਼ਟ-ਦਮਨ, ਸਰਬੰਸ ਦਾਨੀ, ਸਾਹਿਬੇ-ਕਲਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੁੰ ਸਿਜਦਾ ਕਰਨ ਲਈ, ਆਪਣੇ ਜ਼ਜਬਾਤਾਂ-ਭਾਵਨਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ, ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਦੇ ਸਾਹਿਤਕਾਰਾਂ ਵੱਲੋਂ ਸੱਚਾ ਮਾਰਗ ਗੁਰਦੁਆਰਾ, ਆਬਰਨ (ਸਿਆਟਲ,ਵਾਸ਼ਿੰਗਟਨ) ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਗੁਰਦਵਾਰਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਸ਼ਾਮਿਲ ਕਵੀਆਂ ਅਤੇ ਖ਼ਾਸ ਕਰਕੇ ਬੱਚਿਆਂ ਦੇ ਸਮੂਹ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ, ਕਾਵਿ ਦੀਆਂ ਵੱਖ ਵੱਖ ਵੰਨਗੀਆਂ ਸਾਧ-ਸੰਗਤ ਦੇ ਰੂ-ਬ-ਰੂ ਕੀਤੀਆਂ। ਕਵੀ ਦਰਬਾਰ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਵਾਹਿਗੁਰੂ ਨੂੰ ਯਾਦ ਕਰਦਿਆਂ ਆਈਆਂ ਸੰਗਤਾਂ ਅਤੇ ਕਵੀ ਕਵਿਤਰੀਆਂ ਨੂੰ ‘ਜੀ ਆਇਆਂ’ ਕਿਹਾ।ਸਭਾ ਦੇ ਅਹੁਦੇਦਾਰਾਂ ਮੈਂਬਰਾਂ ਅਤੇ ਮਹਿਮਾਨਾਂ - ਹਰਦਿਆਲ ਸਿੰਘ ਚੀਮਾ, ਅਵਤਾਰ ਸਿੰਘ ਆਦਮਪੁਰੀ, ਰਤਨ ਸਿੰਘ, ਬਲਬੀਰ ਸਿੰਘ ਲਹਿਰਾ, ਦਵਿੰਦਰ ਸਿੰਘ ਹੀਰਾ, ਸਿਮਰਨ ਸਿੰਘ, ਭਾਈ ਦਵਿੰਦਰਪਾਲ ਸਿੰਘ, ਸੁਰਜੀਤ ਸਿੰਘ ਬੈਂਸ, ਬਲਵੰਤ ਸਿੰਘ ਸੋਹਲ, ਪ੍ਰਿਤਪਾਲ ਸਿੰਘ ਟਿਵਾਣਾ, ਬਲਿਹਾਰ ਸਿੰਘ ਲੇਹਲ ਜਸਵੀਰ ਸਿੰਘ ਸਹੋਤਾ,ਇੰਦਰਬੀਰ ਸਿੰਘ, ਲਾਲੀ ਸੰਧੂ,ਸ਼ਸ਼ੀ ਪ੍ਰਾਸ਼ਰ, ਸੁਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਮੱਲ੍ਹੀ, ਭਾਈ ਮਨਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਸੁਖਦੇਵ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ, ਡਾ.ਜਸਬੀਰ ਕੌਰ,ਬੀਬੀ ਦਲਜੀਤ ਕੌਰ ਚੀਮਾ ਸਮੇਤ ਬੱਚਿਆਂ ਕਾਕਾ ਭਗੀਰਥ ਸਿੰਘ, ਬੱਚੀ ਸਦਾ ਕੌਰ,ਕਾਕਾ ਮਨਰਾਜ ਸਿੰਘ,ਕਾਕਾ ਹਰਸ਼ਾਂਨ ਸਿੰਘ, ਬੱਚੀ ਲਵਲੀਨ ਕੌਰ, ਕਾਕਾ ਪ੍ਰਭਜੋਤ ਸਿੰਘ, ਬੱਚੀ ਤ੍ਰਿਮਨ ਕੌਰ, ਨੇ ਆਪਣੇ ਆਪਣੇ ਗੀਤਾਂ,ਕਵਿਤਾਵਾਂ ਅਤੇ ਗੁਰੂ ਸਾਹਿਬਾਨਾਂ ਦੇ ਸਿਰਜੇ ਸ਼ਬਦਾਂ ਨੂੰ, ਆਪਣੀ ਸੁਰੀਲੀ ਆਵਾਜ਼ ਸੰਗ ਗਾਉਂਦਿਆਂ ਮਾਹੌਲ ਨੂੰ ਅਲੌਕਿਕ ਰੰਗ ਬਖਸ਼ਿਆ।ਜਿੱਥੇ ਕਈ ਕਵੀ ਕਵਿੱਤਰੀਆਂ ਨੇ ਜਜ਼ਬਾਤੀ ਸ਼ਬਦਾਂ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਕੁਰਬਾਨੀ ਨੂੰ ਚਿੱਤਰਿਆ ਉਥੇ ਕੁੱਝ ਕੁ ਨੇ ਬੜੇ ਜ਼ੋਸ਼ੀਲੇ ਸ਼ਬਦਾਂ `ਚ ਸ਼ਹਾਦਤ ਪੇਸ਼ ਕਰਦਿਆਂ ਸੰਗਤ ਵਿੱਚ ਜ਼ੋਸ਼ ਭਰਿਆ ।

ਜੁੱਗਾਂ ਜੁੱਗਾਂ ਤੋਂ ਅਟੱਲ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀ ਸਾਧ ਸੰਗਤ ਨੇ ਕਵੀ ਦਰਬਾਰ ਦਾ ਆਨੰਦ ਤਾਂ ਮਾਨਿਆ ਹੀ, ਨਾਲ ਦੀ ਨਾਲ ਮਾਨਵ ਇਤਿਹਾਸ ਵਿੱਚ ਖਾਲਸਾ ਪੰਥ ਜਿਹੀ ਲੋਕ-ਸੇਵਕ ਸੰਸਥਾ ਨੂੰ ਕਾਇਮ ਕਰਕੇ ਗਊ ਗਰੀਬ ਨੂੰ ਅੱਤਿਆਚਾਰਾਂ ਤੋਂ ਬਚਾਉਣ ਲਈ ਅਤੇ ਊਚ-ਨੀਚ ਨੂੰ ਖਤਮ ਕਰਕੇ ਬਰਾਬਰਤਾ ਦਾ ਅਧਿਕਾਰ ਦਿਵਾਉਣ ਵਾਲੇ ਦਸਮ-ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਵਿਦਵਾਨਾਂ ਦੀ ਰਸਨਾ ਤੋਂ ਸਰਵਣ ਕੀਤਾ।ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਸਟੇਜ ਸੰਚਾਲਨ ਕਰਦਿਆਂ ਪ੍ਰੋਗਰਾਮ ਦੀ ਸੰਜੀਦਗੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਨਣ ਅਟੱਲ ਸਚਾਈਆਂ ਦੀਆਂ ਤੁਕਾਂ ਦੇ ਗੁਣਗਾਣ ਨਾਲ ਕਾਇਮ ਰੱਖਿਆ।