ਸਿਰਜਣਧਾਰਾ ਦੀ ਮੀਟਿੰਗ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੋਇਆ ਕਵੀ ਦਰਬਾਰ (ਖ਼ਬਰਸਾਰ)


ਪੰਜਾਬੀ ਭਵਨ ਦੇ ਵੇਹੜੇ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਉੱਘੀਆਂ ਤੇ ਨਾਮਵਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਉੱਘੇ ਵਿਦਵਾਂਨ ਲੇਖਕ ਡਾ: ਗੁਲਜ਼ਾਰ ਸਿੰਘ ਪੰਧੇਰ ਨੇ ਕੀਤੀ। ਮੀਟਿੰਗ ਦੇ ਸ਼ੁਰੂ ਵਿੱਚ ਕੁੱਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਪੰਜਾਬੀ ਭਵਨ ਵਿਕਰੀ ਕੇਂਦਰ ਦੇ ਇੰਚਾਰਜ ਅਜਮੇਰ ਸਿੰਘ ਜੱਸੋਵਾਲ, ਗੁਲਜ਼ਾਰ ਸਿੰਘ ਸ਼ੌਕੀ ਧੂਰੀ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ, ਸਰਬਜੀਤ ਵਿਰਦੀ ਦੇ ਭਰਾ ਦਲਜੀਤ ਸਿੰਘ ਅਤੇ ਪਾਕਿਸਤਾਨ ਦੇ ਉੱਘੇ ਲੇਖਕ ਅਹਿਮਦ ਸਲੀਮ ਜੀ ਨੂੰ ਦੀ ਮਿੰਟ ਦਾ ਮੌਨ ਰੱਖ ਕੇ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਵਿਦਵਾਨਾਂ ਨੇ ਜਿਥੇ ਬੀਤ ਚੁੱਕੇ ਸਾਲ ਦੋ ਹਜਾਰ ਤੇਈ ਦੇ ਲੇਖੇ ਜੋਖੇ ਦੀ ਗੱਲ ਕੀਤੀ ਉੱਥੇ ਨਵੇਂ ਸਾਲ ਦੋ ਹਜ਼ਾਰ ਚੌਵੀ ਨੂੰ ਵੀ ਖੁਸ਼ੀ ਭਰੀ ਜੀ ਆਇਆਂ ਆਖੀ। ਉਪਰੰਤ ਦੁਬਈ ਵਿਖੇ ਹੋਏ ਪੰਜਾਬੀ ਦੇ ਬਹੁਤ ਵੱਡੇ ਸਨਮਾਨ ਸਮਾਰੋਹ ਵਿੱਚ ਸਾਡੇ ਲੁਧਿਆਣੇ ਦੀ ਮਾਣ ਮੱਤੀ ਤੇ ਉੱਘੀ ਕਵਿਤਰੀ ਸਟੇਟ ਤੇ ਨੈਸ਼ਨਲ ਐਵਾਰਡ ਜੇਤੂ ਡਾਕਟਰ ਗੁਰਚਰਨ ਕੌਰ ਕੋਚਰ ਜੀ ਨੂੰ ਪੰਜਾਬੀ ਮਾਂ ਬੋਲੀ ਦੀ ਅਣਥੱਕ ਸੇਵਾ ਬਦਲੇ ਮਿਲੇ ਸਨਮਾਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਜਨਮੇਜਾ ਸਿੰਘ ਜੌਹਲ ਨੇ ਆਪਣੀ ਨਵੀਂ ਛਪੀ ਕਹਾਣੀਆਂ ਦੀ ਕਿਤਾਬ "ਸ਼ਮੀਰੋ" ਦੀਆਂ ਇੱਕੀ ਕਿਤਾਬਾਂ ਦਾ ਸੈਟ ਸਾਰੇ ਹਾਜ਼ਰ ਸਾਹਿਤਕਾਰਾਂ ਨੂੰ ਵੰਡਣ ਦੇ ਲਈ ਸਭਾ ਨੂੰ ਭੇਟ ਕੀਤਾ। ਉਹਨਾਂ ਬੋਲਦੇ ਹੋਏ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਕਦਰ ਕਰਦੇ ਰਹਿਣਾ ਹੀ ਸਾਡਾ ਪੰਜਾਬੀ ਪ੍ਰਤੀ ਪ੍ਰੇਮ ਦਾ ਸਬੂਤ ਹੈ। ਕਿਤਾਬਾਂ ਰੂਪੀ ਲੋਅ ਨੂੰ ਜੱਗਦੀ ਰੱਖਣ ਦੇ ਲਈ ਕਿਤਾਬਾਂ ਨੂੰ ਅੱਗੇ ਤੁਰਨ ਦਿਓ।

ਅਖੀਰ ਵਿੱਚ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗਜਰੀ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਕਵੀ ਦਰਬਾਰ ਵੀ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਗੱਲ ਕਰਦਿਆਂ ਉੱਘੀ ਕਹਾਣੀ ਕਾਰਾ ਇੰਦਰਜੀਤ ਪਾਲ ਕੌਰ ਨੇ ਕਿਹਾ ਕਿ ਅੱਜ ਜੀ ਵੀ ਅਸੀਂ ਹਾਂ ਦਸਮੇਸ਼ ਪਾਤਸ਼ਾਹ ਪੁੱਤਰਾਂ ਦੇ ਦਾਨੀ ਕਰਕੇ ਹਾਂ। ਅਸੀਂ ਸੌ ਵਾਰੀ ਜਨਮ ਲਈ ਕੇ ਵੀ ਕਲਗੀਆਂ ਵਾਲੇ ਦਾ ਕਰਜ਼ ਨਹੀਂ ਉਤਾਰ ਸਕਦੇ। ਡਾ: ਗੁਲਜ਼ਾਰ ਪੰਧੇਰ ਨੇ ਕਵਿਤਾ "ਮੈਥੋਂ ਕਵਿਤਾ ਲਿਖੀ ਨਾ ਗਈ", ਸਤੀਸ਼ ਗੁਲਾਟੀ ਨੇ "ਹੈ ਮਲੇਰਕੋਟਲੇ ਦਾ ਨਵਾਬ ਬੇਹਤਰ", ਡਾ: ਗੁਰਚਰਨ ਕੌਰ ਕੋਚਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਸੁਣਕੇ", ਹਰਦੇਵ ਸਿੰਘ ਕਲਸੀ ਨੇ "ਜੱਗੋ ਸ਼ੇਰੋ ਓ ਸ਼ੇਰੋ", ਮਹੇਸ਼ ਪਾਂਡੇ ਨੇ ਲਾਲਾਂ ਦੀ ਕੁਰਬਾਨੀ ਨੂੰ ਸਲਾਮ ਕਰਦੀ ਵਧੀਆ ਕਵਿਤਾ ਸੁਣਾ ਕੇ ਚੰਗਾ ਰੰਗ ਬੰਨ੍ਹਿਆ, ਕੁਲਵਿੰਦਰ ਕਿਰਨ ਨੇ "ਗੋਬਿੰਦ ਦੇ ਲਾਲਾਂ ਦੀ ਲੋਕੋ ਭੁਲਿਓ ਨਾ ਕੁਰਬਾਨੀ", ਸੁਰਿੰਦਰ ਦੀਪ ਨੇ "ਗੁਰੂ ਗੋਬਿੰਦ ਦੇ ਲਾਲਾਂ ਅੰਦਰ ਤੱਕ ਜਜ਼ਬਾ ਕੁਰਬਾਨੀ ਦਾ", ਸਨਮ ਸਾਹਨੇਵਾਲ ਨੇ "ਅਸੀਂ ਕਲਗੀਆਂ ਵਾਲੇ ਸਤਿਗੁਰ ਦਾ ਰਿਣ ਕਿਵੇਂ ਉਤਾਰਾਂ ਗੇ" ਸੁਰਜੀਤ ਲਾਂਬੜਾਂ ਨੇ "ਤੇਰੀ ਈਨ ਨਾ ਮਨਣੀ ਸੂਬਿਆ", ਜੋਰਾਵਰ ਸਿੰਘ ਪੰਛੀ ਨੇ "ਪੁੱਤ ਤੇਰੇ ਸ਼ਹੀਦ ਹੋ ਗਏ ਮਾਂ", ਪਰਮਜੀਤ ਕੌਰ ਮਹਿਕ ਨੇ "ਕਮਾਲ ਕਲਗੀ ਵਾਲਿਆ, ਕਮਾਲ ਕਲਗੀ ਵਾਲਿਆ", ਇੰਦਰਜੀਤ ਕੌਰ ਲੋਟੇ ਨੇ "ਤੂੰ ਕੰਡਿਆਂ ਤੇ ਤੁਰਿਆ ਦਾਤਾ ਸਾਡੇ ਲਈ ", ਪਰਮਿੰਦਰ ਅਲਬੇਲਾ ਨੇ "ਸਰਸਾ ਦੇ ਪਾਣੀਆਂ ਤੂੰ ਸਹਿਜੇ ਸਹਿਜੇ ਚੱਲ ਵੇ", ਮਲਕੀਤ ਮਾਲੜਾ ਨੇ "ਦੁਨੀਆ ਵਿੱਚ ਮਿਸਾਲ ਨੀ ਮਿਲਦੀ ਪਿਤਾ ਗੁਰੂ ਦਸ਼ਮੇਸ਼ ਜਿਹੀ" 
ਸਭਾ ਦੇ ਜਨਰਲ ਸੈਕਟਰੀ ਅਮਰਜੀਤ ਸ਼ੇਰਪੁਰੀ ਨੇ ਮੰਚ ਸੰਚਾਲਣ ਦੀ ਜਿੱਥੇ ਵਧੀਆ ਜੁੰਮੇਵਾਰੀ ਨਿਭਾਈ ਉੱਥੇ ਅਪਣਾ ਲਾਲਾਂ ਦੀ ਸ਼ਹਾਦਤ ਨੂੰ ਬਿਆਨ ਕਰਦਾ ਗੀਤ " ਵਿੱਚ ਨੀਹਾਂ ਦੇ ਖਲੋਤੇ ਦੋ ਗੋਬਿੰਦ ਜੀ ਦੇ ਲਾਲ, ਕੰਧ ਜਿਉਂ ਜਿਉਂ ਉੱਚੀ ਹੋਵੇ ਤਿਉਂ ਤਿਉਂ ਚੜ੍ਹਦਾ ਜਲਾਲ" ਵੀ ਪੇਸ਼ ਕੀਤਾ। ਅੰਤ ਵਿੱਚ ਪ੍ਰਧਾਨ ਡਾ: ਕੋਚਰ ਜੀ ਨੇ ਆਏ ਸਭਨਾਂ ਦਾ ਬਹੁਤ ਧੰਨਵਾਦ ਕੀਤਾ।