ਰਣਧੀਰ ਦਾ ‘ਖ਼ਤ ਜੋ ਲਿਖਣੋ ਰਹਿ ਗਏ’ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਵਿਚਾਰ ਪ੍ਰਧਾਨ 78 ਖੁਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ਵਿੱਚ 15 ਕਵਿਤਾਵਾਂ ਮੁਹੱਬਤ ਨਾਲ ਸੰਬੰਧਤ ਹਨ, ਸ਼ਾਇਰ ਨੇ ਮੁਹੱਬਤ ਨੂੰ ਜ਼ਿੰਦਗੀ ਦਾ ਅਟੁੱਟ ਅੰਗ ਕਿਹਾ ਹੈ। ਮੁਹੱਬਤ ਹੀ ਜੀਵਨ ਹੈ। ਮੁਸੀਬਤ ਨੂੰ ਵੀ ਮੁਹੱਬਤ ਨਾਲ ਦੂਰ ਕੀਤਾ ਜਾ ਸਕਦਾ ਹੈ। ਮੁਹੱਬਤ ਵਿੱਚ ਪਾਕੀਜ਼ਗੀ ਅਤੇ ਨਿਰਛਲਤਾ ਹੋਣੀ ਚਾਹੀਦੀ ਹੈ। ਮੁਹੱਬਤ ਟੁੱਟੇ ਰਿਸ਼ਤਿਆਂ ਨੂੰ ਜੋੜਦੀ ਹੈ। ਕੁਝ ਕਵਿਤਾਵਾਂ ਵਿੱਚ ਪਿਆਰ ਮੁਹੱਬਤ ਦੀ ਪਾਕੀਜ਼ਗੀ ਦਾ ਸਪਨਾ ਲੈਂਦਾ ਹੈ। ਇਸੇ ਤਰ੍ਹਾ ਇਕ ਦਰਜਨ ਤੋਂ ਵੱਧ ਕਵਿਤਾਵਾਂ, ਕਵਿਤਾ ਬਾਰੇ ਹਨ। ਕਵਿਤਾ ਸਿਰਲੇਖ ਵਾਲੀਆਂ ਕਵਿਤਾਵਾਂ ਵਿੱਚ ਵੀ ਉਹ ਸੂਖ਼ਮਤਾ ਨਾਲ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦਾ ਹੈ। ਅਸਲ ਵਿੱਚ ਉਨ੍ਹਾਂ ਕਵਿਤਾ ਬਾਰੇ ਲਿਖਦਿਆਂ ਕਵਿਤਾ ਨੂੰ ਜ਼ਿੰਦਗੀ ਜਿਓਣ ਦਾ ਢੰਗ ਲਿਖਿਆ ਹੈ। ਕਵੀ ਅਤੇ ਕਵਿਤਾ ਨੂੰ ਮੁਹੱਬਤ ਦਾ ਪ੍ਰਤੀਕ ਕਿਹਾ ਹੈ। ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਰਣਧੀਰ ਨੇ ਫਸਟ ਪਰਸਨ ਵਿੱਚ ਲਿਖੀਆਂ ਹੋਈਆਂ ਹਨ। ਕਵੀ ਨੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ। ਆਪਣੀ ਪਹਿਲੀ ਕਵਿਤਾ ਰਾਹੀਂ ਹੀ ਉਹ ਮੰਤਰ ਮੁਗਧ ਹੋ ਕੇ ਦਰਿਆ ਦੇ ਵਹਿਣਾਂ ਵਿੱਚ ਤਾਰੀਆਂ ਮਾਰਨ ਲੱਗਦਾ ਹੈ। ਸ਼ਾਇਰ ਨੂੰ ਇਉਂ ਮਹਿਸੂਸ ਹੋ ਰਿਹਾ ਹੈ ਕਿ ਉਸ ਦੀਆਂ ਕਵਿਤਾਵਾਂ ਉਸ ਦੇ ਨਿੱਜੀ ਜੀਵਨ ਨਾਲ ਸੰਬੰਧਤ ਹਨ ਪ੍ਰੰਤੂ ਇਹ ਭਾਵਨਾਵਾਂ ਹਰ ਇਨਸਾਨ ਦੇ ਜੀਵਨ ਦਾ ਹਿੱਸਾ ਬਣ ਗਈਆਂ ਹਨ। ਉਹ ਆਪਣੇ ਵਿਚਾਰਾਂ ਦੇ ਪ੍ਰਵਾਹ ਨੂੰ ਕਾਵਿ ਢੰਗ ਨਾਲ ਕਹਿਣ ਵਿੱਚ ਸਫਲ ਹੋਇਆ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਰਣਧੀਰ ਆਪਣੇ ਨਿੱਜੀ ਅਨੁਭਵਾਂ ਨੂੰ ਲੋਕਾਈ ਦੇ ਬਣਾਉਣ ਵਿੱਚ ਸਫਲ ਹੋ ਗਿਆ ਹੈ। ਇਹ ਸਾਰੀਆਂ ਕਵਿਤਾਵਾਂ ਰਣਧੀਰ ਦੇ ਅਹਿਸਾਸਾਂ ਦੇ ਆਲੇ ਦੁਆਲੇ ਘੁੰਮਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਉਹ ਕਈ ਸਵਾਲ ਕਰਦਾ ਹੋਇਆ ਪਾਠਕਾਂ ਤੋਂ ਜਵਾਬ ਮੰਗਦਾ ਹੈ। ਸਵਾਲਾਂ ਰਾਹੀਂ ਉਹ ਪਾਠਕ ਨੂੰ ਸਮਾਜਿਕ ਕੁਰੀਤੀਆਂ ਦੇ ਹਲ ਲਈ ਵੰਗਾਰਦਾ ਹੈ। ਉਸ ਦਾ ਭਾਵ ਹੈ ਕਿ ਸਮਾਜ ਜ਼ੋਰ ਜ਼ਬਰਦਸਤੀ ਵਰਗੀਆਂ ਕੁਰੀਤੀਆਂ ਨੂੰ ਵੇਖ ਕੇ ਚੁੱਪ ਰਹਿੰਦਾ ਹੈ। ਇਕ ਕਿਸਮ ਨਾਲ ਉਹ ਲੋਕਾਈ ਨੂੰ ਲਾਮਬੰਦ ਹੋਣ ਦੀ ਪਹਿਲ ਕਰਨੀ ਚਾਹੀਦੀ ਹੈ। ਕਵੀ ਪਾਠਕਾਂ ਨੂੰ ਅਜਿਹੀਆਂ ਸਥਿਤੀਆਂ ਨਾਲ ਨਜਿਠਣ ਲਈ ਤਾਕੀਦ ਕਰਦਾ ਹੈ, ਜਿਹੜੀਆਂ ਸਮਾਜ ਵਿੱਚ ਭਾਰੂ ਪੈ ਰਹੀਆਂ ਹਨ। ਕਵਿਤਾਵਾਂ ਸ਼ਾਇਰ ਦੇ ਅੰਤਰੀਵ ਮਨ ਦੀ ਬਾਤ ਪਾਉਂਦੀਆਂ ਹਨ। ਉਹ ਲੋਕਾਈ ਨੂੰ ਆਪਣੀ ਸੋਚ ਬਦਲਣ ਲਈ ਕਹਿੰਦਾ ਹੋਇਆ ਲਾਈਲੱਗ ਬਣਨ ਦੀ ਥਾਂ ਆਪਣੇ ਫ਼ੈਸਲੇ ਆਪ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਉਹ ਕੁਦਰਤ ਅਤੇ ਮੁਹੱਬਤ ਦੀ ਗੱਲ ਕਰਦਾ ਹੈ ਪ੍ਰੰਤੂ ਡੂੰਘਾਈ ਨਾਲ ਵਾਚਣ ਤੋਂ ਬਾਅਦ ਕੁਦਰਤ ਤੇ ਮੁਹੱਬਤ ਦੇ ਗਿਲਾਫ਼ ਵਿੱਚ ਲਪੇਟਕੇ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਲੱਗਦਾ ਹੈ, ਜਦੋਂ ਉਹ ‘ਸਾਂਚਾ’ ਕਵਿਤਾ ਵਿੱਚ ਇਨਸਾਨ ਨੂੰ ਬਿਹਤਰ ਇਨਸਾਨ ਬਣਨ ਲਈ ਸੱਚ ਝੂਠ ਤੇ ਪੁੰਨ ਪਾਪ ਦੇ ਅੰਤਰ ਨੂੰ ਸਮਝਕੇ ਹਓਮੈ ਤੋਂ ਖਹਿੜਾ ਛੁਡਾਉਣ ਲਈ ਕਹਿੰਦਾ ਹੈ। ਭਾਵੇਂ ਉਸ ਦੀਆਂ ਕਵਿਤਾਵਾਂ ਸੁਰ, ਤਾਲ ਅਤੇ ਲੈਅ ਦੇ ਵਹਿਣ ਵਿੱਚ ਨਹੀਂ ਵਹਿੰਦੀਆਂ ਪ੍ਰੰਤੂ ਫਿਰ ਵੀ ਉਸ ਦੀਆਂ ਕਵਿਤਾਵਾਂ ਸੰਗੀਤ ਨੂੰ ਆਪਣੀ ਜ਼ਿੰਦਗੀ ਮੰਨਦੀਆਂ ਹਨ ਕਿਉਂਕਿ ਸੰਗੀਤ ਜ਼ਿੰਦਗੀ ਨੂੰ ਹੁਲਾਰਾ ਦੇ ਕੇ ਤਰੋ ਤਾਜਾ ਕਰ ਦਿੰਦਾ ਹੈ। ਕਿਸਾਨੀ ਸੰਘਰਸ਼ ਨਾਲ ਸੰਬੰਧਤ ‘ਸਵੰਬਰ ਦਾ ਸ਼ੜਯੰਤਰ’ ਕਵਿਤਾ ਵਿੱਚ ਉਹ ਪਰਜਾ ਨੂੰ ਆਪਣੇ ਹੱਕ ਸੱਚ ਲਈ ਲਾਮਬੰਦ ਹੋ ਕੇ ਲੜਨ ਲਈ ਤਿਆਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ‘ਬੰਦਾ’ ਕਵਿਤਾ ਵਿੱਚ ਕਵੀ ਪੁਰਖਿਆਂ ਤੋਂ ਚਲੀ ਆ ਰਹੀ ਪਰੰਪਰਾਵਾਦੀ ਸਿਆਸਤਦਾਨਾ ਦੀ ਪ੍ਰਵਿਰਤੀ ਨੂੰ ਬਦਲਕੇ ਨਵੀਂ ਪਨੀਰੀ ਪੈਦਾ ਕਰਨ ਦੀ ਤਾਕੀਦ ਕਰਦਾ ਹੈ। ਸਿਆਸਤਦਾਨ ਪਰਜਾ ਨੂੰ ਜਾਤਾਂ ਤੇ ਰੰਗ ਭੇਦ ਵਿੱਚ ਵੰਡੀ ਰਖਦੇ ਹਨ। ‘ਮੀਂਹ ਬਨਾਮ ਚਿਕੜ’ ਕਵਿਤਾ ਰਾਹੀਂ ਵਾਈਟ ਕਾਲਰ ਨੌਕਰੀਆਂ ਦੀ ਥਾਂ ਮਿਹਨਤ ਕਰਕੇ ਕਮਾਈ ਕਰਨ ਨੂੰ ਰੋਜ਼ਗਾਰ ਦਾ ਸਾਧਨ ਬਣਾਉਣ ਦੇ ਉਪਰਾਲੇ ਕਰਨ ਦੀ ਨਸੀਅਤ ਦਿੰਦਾ ਹੈ। ‘ਬਾਰਾਂ ਅਪ੍ਰੈਲੀਏ’ ਕਵਿਤਾ ਰਾਹੀਂ ਗੁਰੂਆਂ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਕੇ ਆਪਣੇ ਹੱਕਾਂ ਅਤੇ ਸਰਬੱਤ ਦੇ ਭਲੇ ਲਈ ਦੁਬਿਧਾ ਵਿੱਚੋਂ ਨਿਕਲ ਕੇ ਵਿਰਾਸਤ ਤੋਂ ਬੇਮੁੱਖ ਹੋਣ ਦੀ ਥਾਂ ਪਹਿਰਾ ਦੇਈਏ। ਔਰਤ ਦੀ ਆਜ਼ਾਦੀ ਦਾ ਮਦਦਗਾਰ ਬਣਦਾ ਹੋਇਆ ਔਰਤ ਨੂੰ ਸਪਨੇ ਸਿਰਜਣੇ ਜ਼ਰੂਰੀ ਕਹਿੰਦਾ ਹੈ। ਕਾਵਿ ਸੰਗ੍ਰਹਿ ਦੇ ਨਾਮ ‘ਖ਼ਤ ਜੋ ਲਿਖਣੋ ਰਹਿ ਗਏ’ ਕਵਿਤਾ ਵਿੱਚ ਗ਼ਰੀਬਾਂ ਦੀ ਮਦਦ, ਇਸਤਰੀਆਂ ਦੇ ਬਲਾਤਕਾਰ, ਯਤੀਮ ਬੱਚਿਆਂ ਦੇ ਹੱਕ ਵਿੱਚ ਹਾਅਦਾ ਨਾਹਰਾ ਮਾਰਨ ਲਈ ਪ੍ਰੇਰਨਾ ਦਿੰਦਾ ਹੈ ਅਤੇ 1984 ਦੇ ਕਤਲੇਆਮ ਵਿੱਚ ਹੋਈਆਂ ਜ਼ਿਆਦਤੀਆਂ ਦੇ ਕਲੰਕ ਵਿਰੁੱਧ ਆਵਾਜ਼ ਬੁਲੰਦ ਕਰਨਾ ਇਨਸਨੀਅਤ ਦਾ ਮੁੱਖ ਕੰਮ ਹੈ। ਅਮੀਰ ਵਿਰਾਸਤ ਤੋਂ ਪਾਸਾ ਵੱਟਣ ਨਾਲ ਸਭਿਅਚਾਰ ਨੂੰ ਸੱਟ ਵੱਜਦੀ ਹੈ। ਮਿਲਵਰਤਣ ਵਿੱਚ ਗੰਧਲੇਪਣ ਨੇ ਨੁਕਸਾਨ ਪਹੁੰਚਾਇਆ ਹੈ। ਧਾਰਮਿਕ ਕੱਟੜਤਾ, ਹਿੰਸਕ ਵਾਰਦਾਤਾਂ, ਨਫ਼ਰਤ, ਬੇਰੋਜ਼ਗਾਰੀ, ਭੁੱਖਮਰੀ, ਨਸਲਵਾਦ ਅਤੇ ਫਿਰਕਾ ਪ੍ਰਸਤੀ ਨੇ ਜੀਣਾ ਦੁੱਭਰ ਕਰ ਦਿੱਤਾ ਹੈ। ਇਨਸਾਨ ਦੀ ਦਿਮਾਗੀ ਭੱਟਕਣਾ, ਬੁਜ਼ਦਿਲੀ, ਹਓਮੈ, ਦੁਬਿਧਾ, ਨਿਰਾਸਤਾ, ਜ਼ਮੀਰ ਵਿੱਚ ਨਿਘਾਰ ਅਤੇ ਬੇਵਜਾਹ ਦੇ ਵਿਰੋਧ ਸਮਾਜਿਕ ਤਾਣੇ ਬਾਣੇ ਨੂੰ ਬਿਖੇਰਦੇ ਹਨ। ਹਓਮੈ ਕਿਸੇ ਨਾਲ ਹਮਦਰਦੀ ਨਹੀਂ ਕਰਨ ਦਿੰਦੀ, ਸਮਾਜ ਨੂੰ ਪਾਗਲ ਸਮਝਦੀ ਹੈ। ਮਨ ਵਿੱਚ ਉਠਣ ਵਾਲੇ ਸਵਾਲਾਂ ਦੇ ਅਰਥ ਲੱਭਣੇ ਜ਼ਰੂਰੀ ਹਨ। ਹਰ ਸਮੱਸਿਆ ਦਾ ਹਲ ਇਨਸਾਨ ਦੇ ਅੰਦਰ ਹੀ ਹੈ। ਇਮਾਨਦਾਰੀ, ਬੇਬਾਕੀ, ਹਮਦਰਦੀ ਅਤੇ ਨਮਰਤਾ ਵਰਗੇ ਗਹਿਣਿਆਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ‘ਸੂਰਜ ਅੱਗੇ ਹਨ੍ਹੇਰਾ’ ਕਵਿਤਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਦੁੱਖ ਸੁੱਖ ਨੂੰ ਮਿਹਨਤ ਅਤੇ ਸੰਜੀਦਗੀ ਨਾਲ ਹੱਲ ਕਰਨ ਦੀ ਤਾਕੀਦ ਕਰਦੀ ਹੈ। ਜ਼ਿੰਦਗੀ ਨੂੰ ਗਿਆਨ ਪ੍ਰਾਪਤੀ ਨਾਲ ਮਾਨਣਾ ਚਾਹੀਦਾ ਹੈ। ਸ਼ਬਦ ਸੰਸਾਰ ਕਵਿਤਾ ਗਿਆਨ ਨੂੰ ਸਰਵਉਚ ਮੰਨਦੀ ਹੈ। ਵਕਤ ਦੀ ਸਹੀ ਵਰਤੋਂ ਕੀਤੀ ਜਾਵੇ। ‘ਸਰਾਪੇ ਦੇਵ’ ਕਵਿਤਾ ਵਿੱਚ ਖੇਤੀ ਨੂੰ ਘਾਟੇ ਦਾ ਸੌਦਾ ਕਿਹਾ ਗਿਆ, ਜਿਸ ਕਰਕੇ ਕਿਸਾਨ ਨਸ਼ਿਆਂ ਵਿੱਚ ਪੈ ਜਾਂਦੇ ਹਨ। ਕਵੀ ਅਨੇਕਾਂ ਮੁਸ਼ਕਲਾਂ, ਗ਼ਰੀਬੀ, ਮਜ਼ਦੂਰੀ, ਸਰਕਾਰਾਂ ਦੀਆਂ ਜ਼ਿਆਦਤੀਆਂ ਦੇ ਬਾਵਜੂਦ ਆਸ ਦੀ ਕਿਰਨ ਨੂੰ ਹਮੇਸ਼ਾ ਪ੍ਰਜਵਲਤ ਰੱਖਣੀ ਚਾਹੀਦੀ ਹੈ ਤਾਂ ਜੋ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਸਫ਼ਰ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਇਨਸਾਨ ਸਰੀਰਕ ਅਤੇ ਮਾਨਸਿਕ ਤੌਰ ‘ਤੇ ਇੱਕ ਥਾਂ ਨਹੀਂ ਰਹਿੰਦਾ। ਖਿਆਲੀ ਪਲਾਓ ਬਣਾਉਂਦਾ ਰਹਿੰਦਾ ਹੈ। ਬੰਦਾ ਆਪਣੇ ਆਪ ਵਿੱਚ ਹੀ ਗੁਆਚਿਆ ਰਹਿੰਦਾ ਹੈ। ਉਹ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਰਹਿੰਦਾ ਹੈ। ਆਉਣਾ ਮਨ੍ਹਾਂ ਹੈ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਯੁੱਧ ਲੋਕਾਈ ਦਾ ਨੁਕਸਾਨ ਕਰਦੇ ਹਨ, ਕਿਸਾਨਾ ਦੀ ਫ਼ਸਲ ਤਬਾਹ ਕਰਦੇ ਹਨ, ਜਾਤੀਵਾਦ, ਨਸਲਵਾਦ ਅਤੇ ਇਨਸਾਨੀਅਤ ਦੀ ਗਿਰਾਵਟ ਦਾ ਕਾਰਨ ਬਣਦੇ ਹਨ। ਲੋਕਾਂ ਨੂੰ ਤਾਂ ਰਹਿਣ ਲਈ ਘਰ, ਗ਼ਰੀਬਾਂ ਨੂੰ ਖਾਣ ਲਈ ਰੋਟੀ ਅਤੇ ਰੋਜ਼ਗਾਰ ਚਾਹੀਦਾ ਹੁੰਦਾ ਹੈ। ਭਾਵ ਸ਼ਾਂਤਮਈ ਮਾਹੌਲ ਵਿੱਚ ਲੋਕ ਖ਼ੁਸ਼ ਤੇ ਖ਼ੁਸ਼ਹਾਲ ਰਹਿ ਸਕਦੇ ਹਨ।