ਅੱਜ ਕੱਲ੍ਹ ਦੇ ਮਾਪੇ ਬਿਮਾਰੀਆਂ ਨਾਲ ਜੂਝ ਰਹੇ ਹਨ। ਇੱਕ ਪਾਸੇ ਪੰਜਾਬ ਵਿੱਚ ਬਹੁਤੀਆਂ ਚੀਜ਼ਾਂ ਨਕਲੀ ਮਿਲਦੀਆਂ ਹਨ। ਦੂਜੇ ਪਾਸੇ ਮਾਪਿਆਂ ਨੂੰ ਬੱਚੇ ਸਿੱਟ ਕਰਨ ਦਾ ਫ਼ਿਕਰ ਹੈ। ਕੁਝ ਮਾਪਿਆਂ ਨੇ ਬੱਚਿਆਂ ਨੂੰ ਪੜ੍ਹਾ ਲਿਖਾ ਲਿਆ ਹੈ ਆਪਣੀ ਸਾਰੀ ਪੂੰਜੀ ਉਹਨਾਂ ਤੇ ਲਾ ਦਿੱਤੀ ਹੈ।ਉਹ ਥੱਬਾ ਸਾਰਾ ਡਿੱਗਰੀਆਂ ਦਾ ਲੈ ਕੇ ਜਦੋਂ ਵਿਹਲੇ ਫਿਰਦੇ ਦੇਖਦੇ ਹਨ ਤਾਂ ਉਹਨਾਂ ਨਾਲ ਜੋ ਬੀਤਦੀ ਹੈ ਉਹ ਸਿਰਫ਼ ਉਹੀ ਜਾਣਦੇ ਹਨ। ਕੁਝ ਮਾਪਿਆਂ ਦੇ ਜਵਾਨ ਹੋਣ ਜਾ ਰਹੇ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ। ਉਹਨਾਂ ਦੀ ਮਾਨਸਿਕਤਾ ਤੇ ਕੀ ਅਸਰ ਹੁੰਦਾ ਹੈ ਉਹ ਵੀ ਸਿਰਫ਼ ਉਹੀ ਜਾਣਦੇ ਹਨ। ਬੰਦਾ ਜਦੋਂ ਆਪਣੇ ਜਵਾਨ ਹੋਏ ਪੁੱਤ ਦਾ ਬੋਝ ਚੁੱਕਦਾ ਹੈ।ਬੋਝ ਸਿਰਫ਼ ਰੋਟੀ ਪਾਣੀ ਕੱਪੜੇ ਆਦਿ ਦਾ ਹੀ ਨਹੀਂ। ਅੱਜ ਕੱਲ੍ਹ ਦੇ ਬੱਚਿਆਂ ਦੀ ਮੰਗ ਵੀ ਬਹੁਤ ਕੀਮਤੀ ਹੁੰਦੀ ਹੈ। ਜਿਵੇਂ ਮਹਿੰਗੇ ਫੋਨ, ਬਰੈਂਡਡ ਕੱਪੜੇ ਆਦਿ ਦਾ ਬੋਝ ਝੱਲਣਾ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ।ਉਹ ਮਾਪੇ ਵੀ ਬਿਮਾਰ ਹਨ। ਜਿਨ੍ਹਾਂ ਨੂੰ ਇਹ ਸਭ ਕਰਨਾ ਪੈ ਰਿਹਾ ਹੈ। ਪਹਿਲਾਂ ਗੱਲ ਹੋਰ ਸੀ । ਬੱਚੇ ਵੀ ਓਦੋਂ ਚਾਰ ਚਾਰ ਪੰਜ ਤੋਂ ਲੇ ਕੇ ਦਸ ਬਾਰਾਂ ਤੱਕ ਵੀ ਹੁੰਦੇ ਸਨ। ਉਸ ਵੇਲੇ ਬੱਚੇ ਜ਼ਿਆਦਾਤਰ ਆਪਣੇ ਪਿਤਾ ਪੁਰਖੀ ਕਿੱਤਾ ਹੀ ਕਰਦੇ ਸਨ। ਪਿਤਾ ਪੁਰਖੀ ਕਿੱਤਾ ਖ਼ਤਮ ਕਰਨ ਵਿਚ ਪ੍ਰਾਈਵੇਟ ਸਕੂਲਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਪਹਿਲਾਂ ਬੱਚਾ ਪੜ੍ਹਦਾ ਪੜ੍ਹਦਾ ਹੀ ਆਪਣੇ ਪਿਓ ਨਾਲ਼ ਉਹਦੇ ਕੰਮ ਵਿਚ ਹੱਥ ਵਟਾਉਣ ਲੱਗ ਜਾਂਦਾ ਸੀ। ਜਦੋਂ ਦੇ ਪ੍ਰਾਈਵੇਟ ਸਕੂਲ ਆਏ ਹਨ ਓਦੋਂ ਦਾ ਬੱਚਿਆਂ ਤੇ ਪੜ੍ਹਾਈ ਦਾ ਬੋਝ ਵਧ ਗਿਆ ਹੈ। ਮਾਪੇ ਐਨੀਂ ਫ਼ੀਸ ਭਰੀ ਹੋਣ ਕਰਕੇ ਬੱਚਿਆਂ ਨੂੰ ਕੰਮ ਨਹੀਂ ਲਾਉਂਦੇ। ਉੱਪਰੋਂ ਵੱਧ ਪਰਸੈਂਟ ਲੈਣ ਦੀ ਹੋੜ੍ਹ ਨੇ ਬੱਚਿਆਂ ਤੋਂ ਕੰਮ ਤੋਂ ਲੈ ਕੇ ਬਚਪਨ ਵੀ ਖੋ ਲਿਆ। ਪੜ੍ਹਦਾ ਪੜ੍ਹਦਾ ਜਿਹੜਾ ਬੱਚਾ ਵੀਹ ਸਾਲ ਤੱਕ ਕੰਮ ਨੂੰ ਹੱਥ ਨਹੀਂ ਲਾਉਂਦਾ ਬਾਅਦ ਵਿੱਚ ਉਹਦੇ ਲਈ ਕੰਮ ਕਰਨਾ ਔਖਾ ਹੋ ਜਾਂਦਾ ਹੈ। ਦੂਜਾ ਸਾਡੇ ਦੇਸ਼ ਵਿੱਚ ਪੜ੍ਹਾਈ ਵੀ ਹੱਥੀਂ ਕੰਮ ਕਰਨ ਵਾਲੀ ਨਹੀਂ। ਸਿਰਫ਼ ਕਲਰਕ ਬਣਾਉਣ ਤੱਕ ਹੀ ਸੀਮਤ ਹੈ।
ਪੰਜਾਬੀ ਮਾਪਿਆਂ ਕੋਲ ਦੂਜਾ ਬਦਲਾਅ ਹੈ। ਬੱਚਿਆਂ ਨੂੰ ਵਿਦੇਸ਼ ਭੇਜਣਾ। ਬਹੁਤ ਸਾਰੇ ਮਾਪਿਆਂ ਨੇ ਨਾ ਚਾਹੁੰਦੇ ਹੋਏ ਵੀ ਇਹ ਰਾਹ ਚੁਣਿਆ। ਬੱਚੇ ਔਖੇ ਸੌਖੇ ਵਿਦੇਸ਼ਾਂ ਨੂੰ ਤੋਰੇ। ਹੁਣ ਓਥੇ ਬੱਚੇ ਤਾਂ ਸਾਰੀ ਦਿਹਾੜੀ ਕੰਮਾਂ ਕਾਰਾਂ ਵਿੱਚ ਲੰਘਾ ਦਿੰਦੇ ਹਨ।ਪਰ ਇਥੇ ਮਾਪੇ ਸਾਰੀ ਦਿਹਾੜੀ ਉਹਨਾਂ ਦੇ ਫ਼ਿਕਰ ਵਿਚ ਰਹਿੰਦੇ ਹਨ। ਜਦੋਂ ਕੋਈ ਵਿਦੇਸ਼ਾਂ ਚੋਂ ਮਾੜੀ ਖ਼ਬਰ ਆਉਂਦੀ ਹੈ ਤਾਂ ਝੱਟ ਮਾਪਿਆਂ ਦੀ ਤਾਰ ਓਥੇ ਵਜਦੀ ਹੈ। ਅੱਜ ਜੇ ਸਰਵੇਖਣ ਕੀਤਾ ਜਾਵੇ ਤਾਂ ਵਿਦੇਸ਼ ਗਏ ਬੱਚਿਆਂ ਦੀਆਂ ਅੱਸੀ ਪ੍ਰਤੀਸ਼ਤ ਮਾਵਾਂ ਡਿਪਰੈਸ਼ਨ ਦਾ ਸ਼ਿਕਾਰ ਹਨ। ਦੂਜਾ ਜਿਨ੍ਹਾਂ ਦੇ ਬੱਚੇ ਸੈੱਟ ਵੀ ਹੋ ਗਏ। ਉਹਨਾਂ ਦੇ ਮਾਪਿਆਂ ਕੋਲ ਇਥੇ ਕੰਮ ਨਹੀਂ ਹਨ। ਉਹਨਾਂ ਦੀ ਉਮਰ ਵਧੇਰੇ ਹੋਣ ਕਰਕੇ ਕੁੱਝ ਨੌਕਰੀ ਪੇਸ਼ਾ ਰਿਟਾਇਰ ਹੋ ਚੁੱਕੇ ਹਨ।ਜੋ ਖੇਤੀਬਾੜੀ ਕਰਦੇ ਸਨ ਜਾਂ ਹੋਰ ਛੋਟੇ ਮੋਟੇ ਕੰਮ ਕਰਦੇ ਸਨ ਉਹਨਾਂ ਦਾ ਸਰੀਰ ਜਵਾਬ ਦੇ ਗਿਆ ਹੈ। ਦੂਜਾ ਬੰਦਾ ਖੁਰਾਕ ਦੇ ਸਿਰ ਤੇ ਵੀ ਸਿਹਤਮੰਦ ਰਹਿ ਸਕਦਾ ਹੈ। ਬਹੁਤੇ ਮਾਪਿਆਂ ਦਾ ਇਹ ਹਾਲ ਹੈ ਕਿ ਉਹ ਆਪਣਾ ਭੋਜਨ ਆਪ ਤਿਆਰ ਕਰਨ ਵਿਚ ਤਕਲੀਫ਼ ਮਹਿਸੂਸ ਕਰਦੇ ਹਨ। ਦੇਖਦੇ ਹਾਂ ਕਿ ਇਕੱਲੇ ਕਹਿਰੇ ਬੰਦੇ ਇੱਕ ਦਿਨ ਸਬਜ਼ੀ ਬਣਾ ਕੇ ਕਈ ਕਈ ਦਿਨ ਖਾ ਰਹੇ ਹਨ।ਦੁੱਧ ਘਿਓ ਦੇ ਸ਼ੌਕੀਨ ਪੰਜਾਬੀ ਹੁਣ ਸਵੇਰੇ ਸਵੇਰੇ ਡੋਲਣੇ ਚੁੱਕੀ ਫਿਰਦੇ ਪਿੰਡਾਂ ਵਿੱਚ ਡੇਅਰੀ ਦੁੱਧ ਲੈਣ ਜਾਂਦੇ ਆਮ ਮਿਲਦੇ ਹਨ।ਡੇਅਰੀਆ ਦੇ ਦੁੱਧ ਤੋਂ ਤੁਸੀਂ ਸਭ ਜਾਣੂੰ ਹੀ ਹੋ।ਸੋ ਨਾ ਅੱਜ ਕੱਲ੍ਹ ਦੇ ਮਾਪੇ ਚੱਜ ਦਾ ਖਾ ਰਹੇ ਹਨ ਨਾ ਸਕੂਨ ਦੀ ਜ਼ਿੰਦਗੀ ਜੀ ਰਹੇ ਹਨ।ਬਸ ਬਿਮਾਰ ਬਿਮਾਰ ਹੀ ਫਿਰਦੇ ਹਨ।