ਪਰਵਾਸੀ ਉਮੰਗਾਂ (ਕਵਿਤਾ)

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਅ ਕਰਦਾ ਲੁਧਿਆਣੇ ਜਾਕੇ, ਬਰਸੀ ਖ਼ੂਬ ਮਨਾਈਏ, ਹਿੱਸਾ ਪਾਈਏ
ਸਿੱਕ ਮਿਲਣ ਦੀ, ਤਰਸ ਨੈਣਾਂ ਦੀ, ਮਨ ਦੀ ਪਿਆਸ ਬੁਝਾਈਏ   
ਦੋ ਗਜ਼ ਜਗਾ ਜਿੱਥੇ ਵੀ ਮਿਲ ਜਾਏ, ਝੱਟ ਓਥੇ ਡੇਰਾ  ਲਾਈਏ 
ਕੁੱਤਾ ਬਿੱਲਾ ਜੋ ਰਾਹ ਵਿਚ ਮਿਲ਼ ਜਾਏ, ਉਸਨੂੰ ਫਤੇਹ ਬੁਲਾਈਏ 
ਕਲਾਸਾਂ ਵਾਲੇ ਕਮਰਿਆਂ ਅੰਦਰ- ਹਵਾ ਵਾਂਗ ਘੁੰਮ ਆਈਏ
ਤੁਰਦੇ-ਜਾਂਦੇ ਘੁੰਮ-ਘੁਮਾਂਦੇ ਨਿਕ-ਸੁੱਕ ਪੁਛ-ਪੁਛਾਈਏ, ਸ਼ੁਕਰ ਮਨਾਈਏ
ਡਾ. ਖੁਸ਼ ਨਾਮ ਤੇ ਬਣੀ ਇਮਾਰਤ ਦੇ ਜਾ ਦਰਸ਼ਨ ਪਾਈਏ
ਮਿਥਿਆ ਹੋਇਆ ਸਮਾਗਮ ਲੱਭੀਏ, ਉਸ ਵਿਚ ਰਚ-ਮਿਚ ਜਾਈਏ
ਦੋ-ਚਾਰ ਮਿੰਟ ਦਾ ਸਮਾਂ ਮੰਗ ਕੇ ਕਵਿਤਾ ਕੋਈ ਪੜ੍ਹ ਆਈਏ
ਜੇ ਕੋਈ ਆਖੇ ਹੋਰ ਪੜ੍ਹਨ ਲਈ , ਨੱਚਕੇ ਢੋਲ ਵਜਾਈਏ
ਜੇ ਕੋਈ ਪੁੱਛੇ ਮਿੱਤਰਾਂ ਬਾਰੇ, ਪੰਜ-ਸੱਤ ਨਾਮ ਸੁਣਾਈਏ
 ਜੇ ਕੋਈ ਪੁੱਛੇ ‘ਡਾ. ਖੁਸ਼’ ਦੇ  ਬਾਰੇ, ਖੁਸ਼ ਹੋਈਏ ਮੁਸ਼ਕਾਈਏ                                                                                                                                                                                                                                                
‘ਨਿਰਮਲ’ ਦੇ ਨਾਲ ਮਿਲਦੀ-ਜੁਲ਼ਦੀ ਗੱਲ ਗੱਲ ਨੂੰ ਸੁਣ ਆਈਏ
ਪਿਛਲੀਆਂ ਹੋਈਆਂ ਮਨੋਂ ਭੁਲਾਕੇ, ਨਿਰਮਲ ਹੋ ਮੁੜ ਆਈਏ
ਜੇ ਕੋਈ ਪੁੱਛੇ ‘ਦਰਸ਼ਨ’ ਬਾਰੇ, ਉਹਦੀ ਕਵਿਤਾ ਹੱਥ ਫੜਾਈਏ
‘ਕੰਗ’ ਬਾਰੇ ਬਿਨਾਂ ਪੁੱਛਿਆਂ , ਨਵੀਂ ਕਾਰ ਦੀ ਕਥਾ ਸੁਣਾਈਏ
ਕਰ ਕਰ ਯਾਦ ਪੁਰਾਣੇ ਸੱਜਣ, ਲੈ ਲੈ ਹੌਕੇ, ਹੰਝੂ ਅੱਖ ਲਟਕਾਈਏ
‘ਰੱਖਾ ਰਾਮ’ ਦਾ ਢਾਬਾ ਲੱਭੀਏ, ‘ਦਾਲ-ਮੁਫਤ’ ਵੀ ਚਾਹੀਏ
ਦੁਆਨੀ ਦਾ ਇਕ ਫੁਲਕਾ ਵੰਡਕੇ, ਇਕ ਆਨੇ ਡੰਗ ਟਪਾਈਏ 
ਪਾਸਪੋਰਟ ਜਿੰਦਾ-ਬੰਦ ਰੱਖੀਏ, ਨੰਗਾ ਬਟੂਆ ਨਾ ਘੁਮਾਈਏ
ਰਿਸ਼ਤੇ-ਦਾਰੀਆਂ ਲੱਭ-ਲੁਭਾਂਦੇ  ਦੋ-ਦਿਨ ਕਾਰ ਘੁਮਾਈਏ 
ਸੁਣ ਸੁਣ ਹੋਰ ਪੁਰਾਣੇ ਕਿੱਸੇ, ਕੁੰਡੇ ਬਿਨ ਦੱਸਿਆਂ ਖੜਕਾਈਏ

ਤਬਲੇ ਬਾਜੇ ਨਾਲ ਹੀ ਰੱਖੀਏ, ਮੌਕਾ ਮਿਲ਼ੇ ਵਜਾਈਏ
ਜੇ ਕਿਸੇ ਗੱਲੋਂ ਖਫ਼ ਜਾਏ ਘਰ-ਵਾਲ਼ੀ, ਤਾਂ ਪੋਲੇ-ਪੈਰ ਮਨਾਈਏ
ਚੁੱਪ-ਚੁਪੀਤੇ ਮੁੜੀਏ ਸਾਬਤ, ਲੱਖ ਰੱਬ ਦਾ ਸ਼ੁਕਰ ਮਨਾਈਏ
ਅਗਲੀ ਬਰਸੀ ਦੇ ਲਈ ‘ਘਣਗਸ’, ਜਾਣ-ਜੋਗੇ ਰਹਿ ਜਾਈਏ