ਸਿਰੀ ਰਾਮ ਅਰਸ਼ ਦਾ ਗ਼ਜ਼ਲ ਸੰਗ੍ਰਹਿ ਇਹਸਾਸ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


 ਸਿਰੀ ਰਾਮ ਅਰਸ਼ ਪੰਜਾਬੀ ਦਾ ਸਿਰਮੌਰ ਪ੍ਰੌੜ੍ਹ ਗ਼ਜ਼ਲਕਾਰ ਹੈ। ਉਸ ਨੇ ਦੋ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਵਿੱਚ 10 ਗ਼ਜ਼ਲ ਸੰਗ੍ਰਹਿ, 3 ਕਾਵਿ ਸੰਗ੍ਰਹਿ, 4 ਮਹਾਂ ਕਾਵਿ, 3 ਜੀਵਨੀਆਂ ਅਤੇ ਇੱਕ ਨਾਵਲ ਸ਼ਾਮਲ ਹੈ। ਮੁੱਢਲੇ ਤੌਰ ‘ਤੇ ਸਿਰੀ ਰਾਮ ਅਰਸ਼ ਗ਼ਜ਼ਲਗੋ ਹੈ। ਉਸ ਦੀਆਂ ਸਾਰੀਆਂ ਪੁਸਤਕਾਂ ਸਾਹਿਤ ਦੇ ਵੱਖੋ-ਵੱਖਰੇ ਰੰਗ ਖਿਲੇਰਦੀਆਂ ਹੋਈਆਂ ਆਪਣੀ ਸਾਹਿਤਕ ਖ਼ੁਸ਼ਬੋ ਨਲ ਵਾਤਾਵਰਨ ਨੂੰ ਖ਼ੁਸ਼ਗਵਾਰ ਕਰ ਰਹੀਆਂ ਹਨ।  ਚਰਚਾ ਅਧੀਨ ਇਹਸਾਸ ਗ਼ਜ਼ਲ ਸੰਗ੍ਰਹਿ ਵਿੱਚ 82 ਗ਼ਜ਼ਲਾਂ ਸਤਰੰਗੀਆਂ ਹਨ, ਲਗਪਗ ਸਾਰੀਆਂ ਹੀ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦੀਆਂ ਹੋਈਆਂ ਲੋਕਾਈ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਲਈ ਪ੍ਰੇਰਦੀਆਂ ਹਨ।  ਗ਼ਰੀਬ ਅਮੀਰ ਦਾ ਪਾੜਾ, ਬੇਇਨਸਾਫ਼ੀ, ਜ਼ੋਰ ਜ਼ਬਰਦਸਤੀ ਅਤੇ ਆਰਥਿਕ ਕਾਣੀ ਵੰਡ ਦੇ ਵਿਰੁੱਧ ਆਵਾਜ਼ ਲਾਮਬੰਦ ਕਰਦੀਆਂ ਹਨ। ਸਿਰੀ ਰਾਮ ਅਰਸ਼ ਨੇ ਆਪਣੀ ਜ਼ਿੰਦਗੀ ਵਿੱਚ ਸਮਾਜਿਕ ਤਾਣੇ ਬਾਣੇ ਵਿੱਚ ਦੱਬੇ ਕੁਚਲੇ ਲੋਕਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਅੱਖੀਂ ਵੇਖਿਆ ਹੀ ਨਹੀਂ ਸਗੋਂ ਹੰਢਾਇਆ ਹੈ। ਇਸ ਲਈ ਉਸ ਦੀਆਂ ਗ਼ਜ਼ਲਾਂ ਵਿੱਚ ਸਮਾਜ ਦੇ ਅਜਿਹੇ ਵਰਗਾਂ ਦੇ ਲੋਕਾਂ ਦੇ ਦੁੱਖ ਦਰਦਾਂ ਦੀ ਗਹਿਰੀ ਚੀਸ ਦੀ ਰੜਕ ਵਿਖਾਈ ਦਿੰਦੀ ਹੈ। ਸਰਦੇ ਪੁਜਦੇ ਅਮੀਰ ਲੋਕ ਗ਼ਰੀਬ ਵਰਗਾਂ ਦੇ ਲੋਕਾਂ ਦੀ ਮਿਹਨਤ ਦਾ ਮੁੱਲ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨਾਲ ਅਨਿਆਇ ਕਰ ਰਹੇ ਹਨ। ਅਰਸ਼ ਦੀਆਂ ਗ਼ਜ਼ਲਾਂ ਇਨਸਾਫ ਪਸੰਦ ਲੋਕਾਂ ਦੇ ਹੱਕ ਤੇ ਸੱਚ ਹਾਮੀ ਭਰਦੀਆਂ ਹੋਈਆਂ ਲੋਕਾਂ ਨੂੰ ਇਨਸਾਫ ਦੇਣ ਦੀ ਤਾਕੀਦ ਕਰਦੀਆਂ ਹਨ। ਸਫ਼ਲਤਾ ਪ੍ਰਾਪਤ ਕਰਨ ਲਈ ਇਨਸਾਨ ਨੂੰ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਇਕ ਗ਼ਜ਼ਲ ਵਿੱਚ ਉਹ ਲਿਖਦੇ ਹਨ:

 ਮੁਹੱਬਤ ਕਿਸ ਅਭਾਗੇ ਪਿੰਡ ਵਿੱਚ ਮੈਨੂੰ ਲੈ ਆਈ?

ਘਰੋ-ਘਰ ਪਾਟੀਆਂ, ਸੰਤਾਪੀਆਂ ਫੁਲਕਾਰੀਆਂ ਮਿਲੀਆਂ।

ਬਿਨਾ ਕਾਰਨ ਮੁਕੱਦਰ ਸ਼ਮਲਿਆਂ ਦੀ ਦਾਤ ਨਾ ਦੇਵੇ,

ਸਿਰਾਂ ਨੂੰ ਵਾਰਨੇ ਤੋਂ ਬਾਅਦ ਹੀ ਸਰਦਾਰੀਆਂ ਮਿਲੀਆਂ।

 ਸਿਰੀ ਰਾਮ ਅਰਸ਼ ਦੀਆਂ ਗ਼ਜ਼ਲਾਂ ਦੇ ਵਿਸ਼ੇ ਰਾਜਨੀਤਕ, ਸਮਾਜਿਕ, ਆਰਥਿਕ, ਸਭਿਆਚਾਰਕ, ਭਰੂਣ ਹੱਤਿਆ, ਨਸ਼ੇ, ਬੇਰੋਜ਼ਗਾਰੀ, ਕਰਜ਼ੇ ਅਤੇ ਅਤਵਾਦ ਵਰਗੇ ਸੰਵੇਦਨਸ਼ੀਲ ਹਨ। ਸਿਰੀ ਰਾਮ ਅਰਸ਼ ਦਾ ਸਾਹਿਤਕ ਦਿਲ ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਤੋਂ ਪ੍ਰਭਾਵਤ ਹੋ ਜਾਂਦਾ ਹੈ। ਖਾਸ ਤੌਰ ‘ਤੇ ਗ਼ਰੀਬ ਵਰਗਾਂ ਦੇ ਦੁੱਖ ਦਰਦ ਵੇਖਕੇ ਉਸ ਦਾ ਦਿਲ ਇਤਨਾ ਪਸੀਜ ਜਾਂਦਾ ਹੈ, ਫਿਰ ਉਹ ਆਪਣੀ ਕਲਮ ਨਾਲ ਉਨ੍ਹਾਂ ਦੀ  ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਗ਼ਜ਼ਲਾਂ ਲਿਖਦਾ ਹੈ। ਅਰਸ਼ ਦੀਆਂ ਗ਼ਜ਼ਲਾਂ ਪਰੰਪਰਾਦਾਇਕ ਪਿਆਰ ਮੁਹੱਬਤ ਅਤੇ ਇਸਤਰੀ ਦੀਆਂ ਭਾਵਨਾਵਾਂ ਦੇ ਆਲੇ ਦੁਆਲੇ ਪਹਿਰਾ ਨਹੀਂ ਦਿੰਦੀਆਂ ਸਗੋਂ ਉਹ ਲੋਕਾਂ ਦਾ ਪ੍ਰਤੀਨਿਧ ਬਣਕੇ ਖੜ੍ਹ ਜਾਂਦੀਆਂ ਹਨ। ਇਹੋ ਉਸ ਦੀਆਂ ਗ਼ਜ਼ਲਾਂ ਦੀ ਵਿਲੱਖਣਤਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਉਹ ਯਥਾਰਵਾਦੀ ਗ਼ਜ਼ਲਕਾਰ ਹੈ, ਜਿਸ ਨੇ ਪੰਜਾਬੀ ਲੋਕ ਧਾਰਾਈ ਵਿਚਾਰਧਾਰਾ ਨੂੰ ਗ਼ਜ਼ਲਾਂ ਵਿੱਚ ਲਿਆਂਦਾ ਹੈ। ਕਿਤੇ ਕਿਤੇ ਪਿਆਰ ਮੁਹੱਬਤ ਦੀ ਗੱਲ ਕਰਦਾ ਹੋਇਆ ਸਮਾਜਿਕ ਸਰੋਕਾਰਾਂ ਦੀ ਪਾਣ ਚਾੜ੍ਹ ਦਿੰਦਾ ਹੈ। ਗ਼ਰੀਬਾਂ ਦੀ ਵਕਾਲਤ ਕਰਦਾ ਹੋਇਆ ਇੱਕ ਗ਼ਜ਼ਲ ਵਿੱਚ ਰੱਬ ਅਤੇ ਸ਼ਾਸ਼ਕਾਂ ਨੂੰ ਵੀ ਨਿਹੋਰਾ ਕਰਦਾ ਹੋਇਆ ਲਿਖਦਾ ਹੈ:

 ਠੰਢੇ ਪਏ ਨੇ ਚੁਲ੍ਹੇ, ਭੁੱਖੇ ਜੁਆਕ ਵਿਲਕਣ,

ਤੂੰ ਕੌਲ ਰਿਜ਼ਕ ਦੇਣ ਦਾ ਕਿਉਂ ਭੁੱਲ ਭੁਲਾ ਗਿਆ?

ਦੋਸ਼ੀ ਨੂੰ ਦੰਡ ਦੇਣ ਦਾ ਆਇਆ ਜਦੋਂ ਸਮਾਂ,

ਤਦ ਡਰ ਨਿਆਂ ਦੀ ਜੀਭ ‘ਤੇ ਪਹਿਰਾ ਲਗਾ ਲਿਆ।

ਸਮਾਜਿਕ, ਆਰਥਿਕ ਸ਼ੋਸ਼ਣ ਦਾ ਪਲ ਪਲ ਵੱਧ ਰਿਹਾ ਗ਼ਲਬਾ,

ਗ਼ੁਲਾਮਾ ਨੂੰ ਆਜ਼ਾਦੀ ਦਾ ਤੁਸੀਂ ਮੰਤਰ ਪੜ੍ਹਾ ਦੇਣਾ।

  ਸਿਰੀ ਰਾਮ ਅਰਸ਼ ਨੂੰ ਲੋਕਾਈ ਦਾ ਗ਼ਜ਼ਲਗੋ ਕਿਹਾ ਜਾ ਸਕਦਾ ਹੈ। ਉਸ ਦੀ ਕੋਈ ਗ਼ਜ਼ਲ ਅਜਿਹੀ ਨਹੀਂ ਜਿਸ ਵਿੱਚ ਭੁੱਖ ਨੰਗ ਨਾਲ ਜੂਝ ਰਹੇ ਲੋਕਾਂ ਲਈ ਉਸ ਨੇ ਹਾਅਦਾ ਨਾਅਰਾ ਨਹੀਂ ਮਾਰਿਆ, ਸਗੋਂ ਕਈ ਗ਼ਜ਼ਲਾਂ ਵਿੱਚ ਰਾਜਨੀਤਕ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਣਮਨੁੱਖੀ ਹਰਕਤਾਂ ਨੂੰ ਉਹ ਆੜੇ ਹੱਥੀਂ ਲੈਂਦਾ ਹੋਇਆ ਲਿਖਦਾ ਹੈ:

ਜਿਨ੍ਹਾਂ ਨੂੰ ਨਾਅਰਿਆਂ ਦੇ ਨਾਲ ਰਹਿਬਰ ਥਾਪਿਆ ਸੀ,

ਉਹੀ ਬੁੱਲ੍ਹਾਂ ‘ਤੇ ਸਾਡੇ ਕਿਉਂ ਖ਼ਮੋਸ਼ੀ ਧਰ ਰਹੇ ਹਨ।

ਏਸ ਸਮੇਂ ਵਿੱਚ ਮੈਂ ਖ਼ਲਕਤ ਦਾ ਉਸ ਨੂੰ ਆਗੂ ਕਿੰਝ ਕਹਾਂ,

ਜਿਹੜਾ ਭੁੱਖੇ ਲੋਕਾਂ ਦੀ ਅੱਜ ਉੱਕਾ ਲੈਂਦਾ ਸਾਰ ਨਹੀਂ।

ਸੋਚਾਂ ‘ਚ ਮੇਲ੍ਹਦਾ ਜਿਦ੍ਹੇ ਅੰਧਕਾਰ ਹਰ ਸਮੇਂ,

ਉਂਝ ਚੋਣ ਚਿੰਨ੍ਹ ਓਸ ਦਾ ਜਗਦੀ ਮਸ਼ਾਲ ਹੈ।

 ਸ਼ਾਇਰ ਦੀ ਸਮਾਜਕ ਪ੍ਰਾਣੀਆਂ ਲਈ ਸੋਚ ਨੂੰ ਪ੍ਰਣਾਮ ਹੈ ਕਿ ਉਸ ਨੇ ਕੋਈ ਅਜਿਹਾ ਵਿਸ਼ਾ ਆਪਣੀਆਂ ਗ਼ਜ਼ਲਾਂ ਵਿੱਚ ਬਣਾਉਣ ਤੋਂ ਛੱਡਿਆ ਹੀ ਨਹੀਂ ਜਿਹੜਾ ਲੋਕਾਈ ਦੇ ਦਰਦ ਦੀ ਹੂਕ ਦਾ ਪਹਿਰੇਦਾਰ ਨਾ ਬਣਦਾ ਹੋਵੇ। ਪਰਵਾਸ ਦੀ ਜ਼ਿੰਦਗੀ ਬਾਰੇ ਮਾਪਿਆਂ ਦੀ ਹੂਕ ਅਤੇ ਬਜ਼ੁਰਗਾਂ ਦੀ ਤਾਮੀਰਦਾਰੀ ਵਿੱਚ ਬੱਚਿਆਂ ਦੀ ਅਣਵੇਖੀ ਨੂੰ ਵੀ ਉਸ ਨੇ ਵਿਸ਼ਾ ਬਣਾਉਂਦਿਆਂ ਲਿਖਿਆ ਹੈ:

ਜਿਹੜਾ ਲਾਚਾਰ ਮਾਂ ਦੇ ਮੂੰਹ ‘ਚ ਦੋ ਘੁੱਟ ਜਲ ਨਾ ਪਾ ਸਕਿਆ,

ਉਹੀ ਪਰਦੇਸ ਵਿੱਚ ਮਾਂ ਦਾ ਮੁਕੱਦਸ ਦਿਨ ਮਨਾਉਂਦਾ ਹੈ। 

ਬਜ਼ੁਰਗਾਂ ਦੀ ਦਸ਼ਾ ਦੇਖੀ, ਤਾਂ ਮੇਰੀ ਆਤਮਾ ਕੰਬੀ,

ਕਿਵੇਂ ਮੈਨੂੰ ਵਿਸਾਰਨਗੇ, ਜਿਹੜੇ ਟੁਕੜੇ ਜਿਗਰ ਦੇ ਹਨ?

ਏਸੇ ਤਰ੍ਹਾਂ ਜਿਹੜੇ ਮਾਪਿਆਂ ਨੇ ਆਪਣੇ ਪੁੱਤਰਾਂ ਵਿੱਚ ਪਰਵਾਸ ਵਸਣ ਦੀ ਲਲ੍ਹਕ ਪੈਦਾ ਕੀਤੀ ਹੈ ਪ੍ਰੰਤੂ ਉਨ੍ਹਾਂ ਦੀਆਂ ਆਪਣੀਆਂ ਧੀਆਂ ਲਈ ਵਰ ਨਹੀਂ ਮਿਲ ਰਹੇ। ਸ਼ਾਇਰ ਲਿਖਦਾ ਹੈ:

ਉਨ੍ਹਾਂ ਨੂੰ ਧੀਆਂ ਲਈ ਸਾਕ ਨਾ ਮਿਲਣ ਜਿਹਨਾਂ,

Ñਲਲ੍ਹਕ ਸਪੂਤਾਂ ‘ਚ ਪਰਦੇਸ ਦੀ ਜਗਾਈ ਹੈ।

  ਪੰਜਾਬੀ ਦਾ ਹਰ ਸਾਹਿਤਕਾਰ ਕਿਸਾਨ ਅੰਦੋਲਨ ਤੋਂ ਪ੍ਰਭਾਵਤ ਹੋਏ ਬਿਨਾ ਨਹੀਂ ਰਹਿ ਸਕਿਆ। ਏਸੇ ਤਰ੍ਹਾਂ ਸਿਰੀ ਰਾਮ ਅਰਸ਼ ਨੇ ਆਪਣੀਆਂ ਲਗਪਗ ਇਕ ਦਰਜਨ ਗ਼ਜ਼ਲਾਂ ਵਿੱਚ ਕਿਸਾਨਾ ਦੀ ਕਰਜ਼ੇ ਨਾਲ ਹੋਈ ਦੁਰਦਸ਼ਾ ਅਤੇ ਕਿਸਾਨ ਅੰਦੋਲਨ ਬਾਰੇ ਕੇਂਦਰੀ ਸਰਕਾਰ ਦੇ ਤਿੰਨ ਕਾਨੂੰਨਾ ਦੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਲਿਖਿਆ ਹੈ:

ਸ਼ਾਸ਼ਕਾਂ ਨੇ ਜੋ ਘੜੇ ਕਾਨੂੰਨ ਉਹਨਾਂ ਦੇ ਖ਼ਿਲਾਫ਼,

ਤੁਰ ਪਈ ਰੋਕਣ ਕਿਸਾਨੀ ਜੁਗ ਘਾਤਕ ਵਾਰ ਨੂੰ।

ਸਾਡੇ ਖੇਤ ਜੋ ਖੋਹਣਾ ਲੋਚਣ, ਉਹ ਕਾਨੂੰਨ ਨੇ ਮੌਤ ਨਿਰੀ,

ਮੌਤ ਨੂੰ ਰੱਦ ਕਰਾਉਣ ਦੀ ਖਾਤਰ, ਸਭ ਕੁਝ ਦਾਅ ‘ਤੇ ਲਾਈ ਦਾ।

ਖੁਦਕਸ਼ੀ ਕੀਤੀ ਤਾਂ ਉਸ ਦੇ ਖੇਤ ਬੋਲੀ ਚੜ੍ਹ ਗਏ,

ਕਾਰਖ਼ਾਨੇ ਅੰਨ ਹੁਣ ਉਪਜਾਉਣਗੇ, ਸੌਦਾਗਰੋ।

ਸ਼ਾਸ਼ਕ ਆਖੇ ਕਾਹਦੀ ਖੇਤੀ ਜਿਹੜੀ ਲੈਂਦੀ ਹੈ ਬਲੀਆਂ।

ਹਲ ਨੂੰ ਖੇਤਾਂ ਵਿੱਚ ਦੱਬਣ ਦਾ ਉਹ ਕਾਨੂੰਨ ਬਣਾਉਂਦਾ।

ਖ਼ੌਫ਼ ਦਾ ਮੌਸਮ ਫੈਲ ਗਿਆ ਹੈ ਪਿੰਡੋ-ਪਿੰਡ ‘ਤੇ ਸ਼ਹਿਰੋ-ਸ਼ਹਿਰ,

ਲੋਕਾਂ ਦੇ ਕਿਹੜੇ ਵੈਰੀ ਨੇ ਵਿਸ਼ੀਅਰ ਬਾਣ ਚਲਾਇਆ।

ਉਦ੍ਹੀ ਤਾਂ ਉਮਰ ਸਾਰੀ ਬੀਤ ਜਾਂਦੀ  ਰਿਣ ਚੁਕਾਉਣੇ ਵਿੱਚ,

ਜਿਹਨੂੰ ਵਿਰਸੇ ‘ਚ ਪੰਡਾਂ ਰਿਣ ਦੀਆਂ ਹਨ ਭਾਰੀ ਮਿਲੀਆਂ।

  ਆਮ ਤੌਰ ‘ਤੇ ਕਵਿਤਾ ਵਿੱਚ ਇਕ ਵਿਸ਼ਾ ਚੁਣ ਕੇ ਕਵਿਤਾ ਲਿਖੀ ਜਾਂਦੀ ਹੈ ਪ੍ਰੰਤੂ ਗ਼ਜ਼ਲ ਵਿੱਚ ਇਕ ਵਿਸ਼ਾ ਨਹੀਂ ਹੁੰਦਾ ਸਗੋਂ ਹਰ ਸ਼ਿਅਰ ਵਿੱਚ ਵੱਖਰਾ ਵਿਸ਼ਾ ਹੁੰਦਾ ਹੈ। ਸਿਰੀ ਰਾਮ ਅਰਸ਼ ਦੀਆਂ ਗ਼ਜ਼ਲਾਂ ਵਿੱਚ ਉਸੇ ਤਰ੍ਹਾਂ ਬਹੁਤ ਸਾਰੇ ਅਨੋਖੇ ਵਿਸ਼ੇ ਹੁੰਦੇ ਹਨ। ਗ਼ਜ਼ਲਗੋ ਸਮਾਜਿਕ ਸਰੋਕਾਰਾਂ ਬਾਰੇ ਇਤਨਾ ਚੇਤੰਨ ਹੈ ਕਿ ਉਸ ਨੇ ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਆਪਣੇ ਵਿਸ਼ਿਆਂ ਦੀ ਮਹੱਤਤਾ ਦਰਸਾਉਣ ਲਈ ਇੱਕ ਵਿਸ਼ੇ ਨੂੰ ਬਹੁਤ ਸਾਰੇ  ਸ਼ਿਅਰਾਂ ਵਿੱਚ ਵਰਤਿਆ ਹੈ। ਜਿਵੇਂ ਫ਼ਿਰਕਾ ਪ੍ਰਸਤੀ ਬਾਰੇ ਉਸ ਨੇ ਕਈ ਸ਼ਿਅਰਾਂ ਵਿੱਚ ਲਿਖਿਆ ਹੈ:

ਰਾਖ ਕਰ ਦੇਵੇਗਾ ਫਿਰਕੂ ਨਫਰਤਾਂ, ਬਲ ਪਿਆ ਜਦ ਪਿੰਡ ਵਿੱਚ ਤੰਦੂਰ ਹੈ।

ਓਸ ਮੁਨਸਫ਼ ‘ਤੋਂ ਨਿਆਂ ਹੋਣਾ ਨਹੀਂ, ਖੌਫ਼ ਦੇ ਹੱਥੋਂ ਜਿਹੜਾ ਮਜ਼ਬੂਰ ਹੈ।

ਉਨ੍ਹਾਂ ਦਾ ਦੋਸ਼ ਕੀ ਹੈ, ਕਿਸ ਨੂੰ ਪੁੱਛਣ, ਕੌਣ ਦੱਸੇਗਾ?

ਜਿਹੜੇ ਭੀੜਾਂ ਦੇ ਹੱਥੋਂ, ਬੇਗੁਨਹ ਥਾਂ ਥਾਂ ‘ਤੇ ਮਰਦੇ ਹਨ।

ਰਚ ਕੇ ਸਾਜ਼ਸ਼ ਕੱਲ੍ਹ ਜਿਦ੍ਹੀ ਬੇਹੁਰਮਤੀ ਕੀਤੀ ਤੁਸੀਂ,

ਰੋਹ ‘ਚ ਆਕੇ ਫੂਕ ਸੁੱਟਿਆ ਅੱਜ ਉਦ੍ਹੇ ਘਰ ਬਾਰ ਨੂੰ।

ਜੋੜਦਾ ਲੋਕਾਂ ਨੂੰ ਮਜ਼ਹਬ, ਤੋੜਦਾ ਹਰਗਿਜ਼ ਨਹੀਂ,

ਉਸ ਦੇ ਤੂੰ ਕੀਤੇ ਹੋਏ ਖ਼ਲਕਤ ‘ਚ ਬਟਵਾਰੇ ਵੀ ਦੇਖ।

 ਬੇਰੋਜ਼ਗਾਰੀ, ਮਹਿੰਗਾਈ, ਕਰਜ਼ੇ, ਜ਼ੁਲਮ, ਕੁਦਰਤ, ਇਸਤਰੀ ਨਾਲ ਦੁਰਵਿਵਹਾਰ, ਪ੍ਰਦੂਸ਼ਣ, ਭੁੱਖਮਰੀ ਅਤੇ ਸ਼ੋਸ਼ਣ ਵਰਗੀਆਂ ਅਲਾਮਤਾਂ ਸ਼ਾਇਰ ਸ਼ਾਇਰ ਨੂੰ ਕੁਰੇਦੀਆਂ ਹਨ ਤਾਂ ਉਹ ਗ਼ਜ਼ਲਾਂ ਵਿੱਚ ਉਨ੍ਹਾਂ ਦੀਆਂ ਬੁਰਾਈਆਂ ਬਾਰੇ ਕਮਾਲ ਦਾ ਲਿਖਕੇ ਪਾਠਕਾਂ ਨੂੰ ਸੁਧਾਰ ਕਰਨ ਲਈ ਲਾਮਬੰਦ ਹੋਣ ਲਈ ਪ੍ਰੇਰਦੇ ਹਨ। ਸ਼ਾਇਰ ਨੂੰ ਪੰਜਾਬੀਆਂ ਵੱਲੋਂ ਆਪਣੀ ਅਮੀਰ ਵਿਰਾਸਤ ਨੂੰ ਤਿਲਾਂਜਲੀ ਦੇਣੀ ਵੀ ਚੰਗੀ ਨਹੀਂ ਲੱਗੀ, ਇਸ ਕਰਕੇ ਪੁਰਾਣੀਆਂ ਪਰੰਪਰਾਵਾਂ ਅਤੇ ਰਸਮ ਰਿਵਾਜਾਂ ਅਤੇ ਤ੍ਰਿਜੰਣਾ ਦੀ ਅਣਹੋਂਦ ਬਾਰੇ ਵੀ ਗ਼ਜ਼ਲਾਂ ਵਿੱਚ ਲਿਖਦਾ ਹੈ:

 ਹੁਣ ਤ੍ਰਿੰਞਣ ‘ਚ ਨਾ ਮੁਟਿਆਰ ਵਟਾਵੇ ਚੁੰਨੀ,

ਦਿਲ ਮਗਰ ਪੱਗ ਹਰਇਕ ਨਾਲ ਵਟਾਈ ਜਾਵੇ।

 ਸ਼ਾਲਾ ! ਪਰਮਾਤਮਾ ਸਿਰੀ ਰਾਮ ਅਰਸ਼ ਦੀ ਲੰਬੀ ਉਮਰ ਕਰੇ ਤਾਂ ਜੋ ਉਹ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਰਹਿੰਦਾ ਹੋਇਆ ਹੋਰ ਵਧੀਆ ਗ਼ਜ਼ਲਾਂ ਲਿਖਕੇ ਗ਼ਰੀਬ ਵਰਗ ਦੀ ਵਕਾਲਤ ਕਰਦਾ ਰਹੇ।

 96 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਐਵਿਸ ਪਬਲੀਕੇਸ਼ਨਜ਼ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।