ਸਾਹਿਤ ਜ਼ਿੰਦਗੀ ਨੂੰ ਬੁਲੰਦੀ ਪ੍ਰਦਾਨ ਕਰਦੈ – ਕਹਾਣੀਕਾਰ ਲਾਲ ਸਿੰਘ (ਖ਼ਬਰਸਾਰ)


ਦਸੂਹਾ --  ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੀ ਮਾਸਿਕ ਮੀਟਿੰਗ ਕਹਾਣੀਕਾਰ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਹਾਲ ਵਿੱਚ ਹੀ ਬਹੁਤ ਸ਼ਾਂਤਮਈ ਮਾਹੌਲ ਵਿੱਚ ਹੋਈ ਚੋਣ ਤੇ ਖੁਸ਼ੀ ਦੀ ਪ੍ਰਗਟਾਵਾ ਕੀਤਾ ਗਿਆ । ਹਾਜ਼ਿਰ ਕਲਮਕਾਰਾਂ ਨੇ  ਇਹ ਆਸ ਪ੍ਰਗਟ ਕੀਤੀ ਕਿ ਚੁਣੀ ਗਈ ਨਵੀਂ ਟੀਮ ਸਾਹਿਤ ਤੇ  ਸਮਾਜ ਦੋ ਸਰੋਕਾਰਾਂ ਅਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਚੁਣੋਤੀਆਂ ਪ੍ਰਤੀ ਯਤਨਸ਼ੀਲ ਰਹੇਗੀ ਅਤੇ ਚੰਗੇ ਨਤੀਜੇ ਦੇਵੇਗੀ । ਇਹ ਮੌਕੇ ਕਹਾਣੀਕਾਰ ਲਾਲ ਸਿੰਘ ਨੇ ਆਪਣੇ  ਵਿਚਾਰ ਪੇਸ਼ ਕਰਦਿਆਂ  ਕਿਹਾ ਕਿ ਸਾਹਿਤ ਜ਼ਿੰਦਗੀ ਨੂੰ ਬੁਲੰਦੀ ਪ੍ਰਦਾਨ ਕਰਦਾ ਹੈ ਅਤੇ ਸੰਘਰਸ਼ ਦੇ ਰਾਹਾਂ ਦਾ ਰਾਹ ਦਸੇਰਾ ਬਣਦਾ ਹੈ । ਸਾਹਿਤ ਯੁਗਾਂ-ਯੁਗਾਤਰਾਂ ਤੋਂ ਇਹ ਮਨੁੱਖ ਨੂੰ ਜੀਵਨ ਦਾ ਮਨੋਰਥ ਦੱਸਦਾ ਅਤੇ ਸਮਾਜ ਨੂੰ ਉਸਦੇ ਨੈਤਿਕ ਫਰਜ਼ਾਂ ਬਾਰੇ ਸੁਚੇਤ ਕਰਦਾ ਆ ਰਿਹਾ ਹੈ। ਇਹੋ ਕਾਰਣ ਹੈ ਕਿ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਅਤੇ ਜੀਵਨ ਦਾ ਰਸ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦੀ ਅਮੀਰੀ ਦਾ ਅੰਦਾਜ਼ਾ, ਉੱਥੋਂ ਦੀਆਂ ਸਾਹਿਤਕ ਕਿਰਤਾਂ ਨੂੰ ਵੇਖੇ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਸੁਰਿੰਦਰ ਸਿੰਘ ਨੇਕੀ ਨੇ  ਕਿਹਾ ਕਿ ਸਾਹਿਤ ਜੀਵਨ ਨੂੰ ਗਤੀ ਦਿੰਦਾ ਹੈ ।ਮੀਟਿੰਗ ਵਿੱਚ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਾਹਿਤਕਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਨ੍ਹਾਂ ਵਿੱਚ ਚਰਨਜੀਤ ਸਿੰਘ ਉਡਾਰੀ ,ਸੋਨੀਆ ਭਾਰਤੀ ਪੁੱਤਰੀ ਕੁੰਦਨ ਲਾਲ ਕੁੰਦਨ ਦਸੂਹਾ , ਕਰਨਜੀਤ ਸਿੰਘ , ਕਹਾਣੀਕਾਰ ਵਰਿਆਮ ਸਿੰਘ ਢੋਟੀਆਂ ਅਤੇ ਜਸਵਿੰਦਰ ਸਿੰਘ ਮਜਾਰੀ ਸ਼ਾਮਿਲ ਹਨ । ਰਚਨਾਵਾਂ ਦੇ ਦੌਰ ਵਿੱਚ ਨਵਤੇਜ ਗੜ੍ਹਦੀਵਾਲਾ , ਅਮਰੀਕ ਡੋਗਰਾ ਅਤੇ ਪ੍ਰੋ. ਬਲਦੇਵ ਸਿੰਘ ਬੱਲੀ ਨੇ ਆਪਣੀਆਂ ਕਾਵਿ-ਮਈ ਰਚਨਾਵਾਂ ਪੇਸ਼ ਕੀਤੀਆਂ।