ਮਹੱਲੇ ਦਾ ਗੰਦ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਲਕੀਤ ਸਿੰਘ ਦਾ ਘਰ ਲਿੰਕ ਰੋਡ ਤੇ ਹੋਣ ਕਰਕੇ ਉਸ ਨੂੰ ਸੜਕ ਤੇ ਆਉਂਦੇ, ਜਾਂਦੇ ਲੋਕਾਂ ਦੀਆਂ ਗੱਲਾਂ ਅਕਸਰ ਸੁਣਦੀਆਂ ਰਹਿੰਦੀਆਂ ਹਨ। ਅੱਜ ਦਿਨ ਦੇ ਗਿਆਰਾਂ ਕੁ ਵੱਜੇ ਹਨ ਅਤੇ ਉਹ ਵਿਹੜੇ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਹੈ। ਅਚਾਨਕ ਉਸ ਦੇ ਕੰਨਾਂ 'ਚ ਆਵਾਜ਼ ਪਈ, " ਓਏ ਸ਼ਿੰਦਿਆ, ਅੱਜ ਤੁਹਾਡੇ ਮਹੱਲੇ 'ਚ ਕਿਦ੍ਹਾ ਵਿਆਹ ਆ?"
" ਜੀਤੇ , ਅੱਜ ਸਾਡੇ ਮਹੱਲੇ 'ਚ ਦੇਵ ਦੀ ਕੁੜੀ ਦਾ ਵਿਆਹ ਆ।"
" ਅੱਛਾ , ਅੱਛਾ, ਉਦ੍ਹਾ, ਜਿਹੜੀ ਸਾਰਾ ਦਿਨ ਕਦੇ ਐਸ ਘਰ, ਕਦੇ ਔਸ ਘਰ ਚੱਕਰ ਲਾਂਦੀ ਰਹਿੰਦੀ ਸੀ।"
ਸ਼ਿੰਦੇ ਤੇ ਜੀਤੇ ਦੀਆਂ ਗੱਲਾਂ ਸੁਣ ਕੇ ਇੱਕ ਦਮ ਉਸ ਦੀਆਂ ਅੱਖਾਂ ਅੱਗੇ ਦੇਵ ਦੀ ਕੁੜੀ ਰਜਨੀ ਦੇ ਨਕਸ਼ ਉਭਰ ਆਏ। ਰਜਨੀ ਦੇ ਡੈਡੀ ਮਰੇ ਨੂੰ ਕਈ ਸਾਲ ਹੋ ਗਏ ਸਨ। ਉਹ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੀ ਮੰਮੀ ਨਾਲ ਵੱਖ, ਵੱਖ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਣ ਤੇ ਕਪੜੇ ਧੋਣ ਦਾ ਕੰਮ ਕਰਦੀ ਸੀ। ਮਲਕੀਤ ਸਿੰਘ ਵਿਹੜੇ ਚੋਂ ਉੱਠ ਕੇ ਸ਼ਿੰਦੇ ਤੇ ਜੀਤੇ ਦੀਆਂ ਗੱਲਾਂ ਸੁਣਨ ਲਈ ਆਪਣੇ ਘਰ ਦੇ ਗੇਟ ਕੋਲ ਆ ਗਿਆ।
" ਹਾਂ, ਹਾਂ, ਉਦ੍ਹਾ ਹੀ।" ਸ਼ਿੰਦੇ ਨੇ ਆਖਿਆ।
" ਫੇਰ ਤਾਂ ਤੁਹਾਡੇ ਮਹੱਲੇ ਦਾ ਗੰਦ ਚੱਕਿਆ ਜਾਊ।"
ਜੀਤੇ ਦੀ ਗੱਲ ਸੁਣ ਕੇ ਉਹ ਆਪਣੇ ਘਰ ਦੇ ਗੇਟ ਤੋਂ ਬਾਹਰ ਆ ਗਿਆ, ਜਿੱਥੇ ਸ਼ਿੰਦਾ ਤੇ ਜੀਤਾ ਖੜ੍ਹੇ ਗੱਲਾਂ ਕਰ ਰਹੇ ਸਨ। ਜੀਤੇ ਦੀ ਗੱਲ ਸੁਣ ਕੇ ਉਸ ਤੋਂ ਰਿਹਾ ਨਾ ਗਿਆ। ਉਸ ਨੇ ਇੱਕ ਦਮ ਆਖਿਆ," ਵੈਸੇ ਜੀਤਿਆ ਮੈਨੂੰ ਤੇਰੀ ਮੱਤ ਮਾਰੀ ਗਈ ਲੱਗਦੀ ਆ। ਤੈਨੂੰ ਚੰਗਾ ਭਲਾ ਪਤਾ ਆ ਕਿ ਦੇਵ ਦੇ ਮਰਨ ਪਿੱਛੋਂ ਮਾਂ, ਧੀ ਘਰ ਦਾ ਗੁਜ਼ਾਰਾ ਚਲਾਣ ਲਈ ਲੋਕਾਂ ਦੇ ਘਰੀਂ ਕੰਮ ਕਰਦੀਆਂ ਆਂ। ਲੋਕਾਂ ਦੇ ਘਰੀਂ ਘੁੰਮਣ ਦਾ ਉਨ੍ਹਾਂ ਨੂੰ ਕੋਈ ਚਾਅ ਚੜ੍ਹਿਆ ਆ।"
ਉਸ ਦੀਆਂ ਇਹ ਗੱਲਾਂ ਸੁਣ ਕੇ ਜੀਤਾ ਸ਼ਰਮਿੰਦਾ ਜਿਹਾ ਹੋ ਗਿਆ। ਜੀਤੇ ਨੇ ਸ਼ਿੰਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਫਿਰ ਦੋਵੇਂ ਜਣੇ ਉੱਥੋਂ ਖਿਸਕ ਗਏ।