ਅਕਸਰ ਹੀ ਜਦੋਂ ਅਸੀਂ ਰਾਤ ਨੂੰ ਆਕਾਸ਼ ਵੱਲ ਨੂੰ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਤਾਰੇ ਦਿਖਾਈ ਦਿੰਦੇ ਹਨ। ਜੇਕਰ ਰਾਤ ਮੱਸਿਆ ਦੀ ਹੋਵੇ ਭਾਵ ਪੂਰੀ ਤਰ੍ਹਾਂ ਹਨੇਰਾ ਹੋਵੇ ਤਾਂ ਸਾਨੂੰ ਤਾਰੇ ਜਿਆਦਾ ਚਮਕਦਾਰ ਅਤੇ ਜਿਆਦਾ ਗਿਣਤੀ ਵਿੱਚ ਦਿਖਾਈ ਦਿੰਦੇ ਹਨ। ਪਿੱਛੇ ਜਿਹੇ ਸਾਡੇ ਵਿਗਿਆਨੀਆਂ ਨੇ ਚੰਦਰਯਾਨ-3 ਰਾਹੀਂ ਚੰਦਰਮਾ ਨੂੰ ਫਤਿਹ ਕੀਤਾ ਹੈ। ਉਸ ਸਮੇਂ ਤੋਂ ਇਸਨੂੰ ਜਾਣਨ ਦੀ, ਦੇਖਣ ਦੀ ‘ਤੇ ਉਥੋਂ ਦੁਨੀਆ ਕਿਹੋ ਜਿਹੀ ਦਿਖਾਈ ਦਿੰਦੀ ਹੈ ਇਹ ਦੇਖਣ ਸਮਝਣ ਦੀ ਲਲਕ ਜਿਹੀ ਲੱਗੀ ਹੋਈ ਹੈ। ਇਸ ਸਭ ਨੂੰ ਦੇਖਦੇ ਸੋਚਦੇ ਹੋਏ ਦਿਮਾਗ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਉਠਦੇ ਹਨ ਕਿ ਜਿਵੇਂ ਅਸੀਂ ਧਰਤੀ ਤੋਂ ਰਾਤ ਨੂੰ ਤਾਰਿਆਂ ਨੂੰ ਦੇਖਦੇ ਹਾਂ ਕੀ ਚੰਦਰਮਾ ਤੇ ਵੀ ਸਾਨੂੰ ਤਾਰੇ ਦਿਖਾਈ ਦਿੰਦੇ ਹਨ ? ਧਰਤੀ ਤੋਂ ਦੇਖਣ ਤੇ ਸਾਨੂੰ ਤਾਰੇ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਹਨ। ਕੀ ਚੰਦਰਮਾ ਤੇ ਵੀ ਅਜਿਹਾ ਹੀ ਵਰਤਾਰਾ ਹੋਵੇਗਾ? ਉਥੇ ਵੀ ਸਾਨੂੰ ਤਾਰੇ ਜਗਦੇ ਬੁਝਦੇ ਟਿਮਟਿਮਾਉਂਦੇ ਦਿਖਾਈ ਦੇਣਗੇ?
ਇਸ ਸਭ ਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਕੀ ਤਾਰੇ ਆਖਰ ਹੁੰਦੇ ਕੀ ਹਨ? ਅਤੇ ਕੀ ਇਹ ਅਸਲ ਵਿੱਚ ਟਿਮਟਿਮਾਉਂਦੇ ਆਉਂਦੇ ਹਨ? ਸਾਨੂੰ ਜਿੰਨੇ ਵੀ ਤਾਰੇ ਦਿਖਾਈ ਦਿੰਦੇ ਹਨ ਅਸਲ ਵਿੱਚ ਇਹ ਸਾਰੇ ਸੂਰਜ ਹੀ ਹਨ ਸਾਡਾ ਸੂਰਜ ਵੀ ਇੱਕ ਤਾਰਾ ਹੈ। ਪਰ ਦੂਜੇ ਤਾਰਿਆਂ ਦੇ ਮੁਕਾਬਲੇ ਬਹੁਤ ਜਿਆਦਾ ਨੇੜੇ ਹੋਣ ਦੇ ਕਾਰਨ ਇਹ ਸਾਨੂੰ ਇਨਾ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਦੂਜੇ ਪਾਸੇ ਦਿਖਣ ਵਾਲੇ ਸਾਰੇ ਤਾਰੇ ਸਾਡੇ ਤੋਂ ਬਹੁਤ ਜਿਆਦਾ ਦੂਰ ਹਨ ਇੰਨੀ ਜਿਆਦਾ ਦੂਰ ਹਨ ਕਿ ਇਹਨਾਂ ਤੋਂ ਸਾਡੇ ਤੱਕ ਪ੍ਰਕਾਸ਼ ਪਹੁੰਚਣ ਨੂੰ ਵੀ ਕਈ ਕਈ ਵਰ੍ਹੇ ਲੱਗ ਜਾਂਦੇ ਹਨ।
ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਇਹਨਾਂ ਵਿੱਚੋਂ ਕੋਈ ਵੀ ਤਾਰਾ ਜਗਮਗ ਜਗਮਗ ਨਹੀਂ ਕਰਦਾ ਭਾਵ ਟਿਮਟਿਮਾਉਂਦਾ ਨਹੀਂ। ਇਹਨਾਂ ਦੇ ਸਾਨੂੰ ਟਿਮਟਿਮਾਉਂਦੇ ਦਿਖਣ ਦਾ ਕਾਰਨ ਅਸਲ ਵਿੱਚ ਇੱਕ ਵਾਯੂਮੰਡਲੀ ਵਰਤਾਰਾ ਹੈ। ਸਾਡੀ ਧਰਤੀ ਕੋਲ ਵਾਯੂਮੰਡਲ ਹੈ। ਜਦੋਂ ਸੂਰਜ ਦਾ ਪ੍ਰਕਾਸ਼ ਧਰਤੀ ਵੱਲ ਆਉਂਦਾ ਹੈ ਤਾਂ ਇਸ ਨੂੰ ਇਸ ਵਾਯੂਮੰਡਲ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ ਇਸ ਦੌਰਾਨ ਇਹ ਕਦੇ ਸੰਘਣੇ ਮਾਧਿਅਮ ਵਿੱਚੋਂ ਅਤੇ ਕਦੇ ਵਿਰਲੇ ਮਾਧਿਅਮ ਵਿੱਚੋਂ ਲੰਘਦਾ ਹੈ। (ਸੰਘਣਾ ਮਤਲਬ ਜਿੱਥੇ ਹਵਾ, ਗੈਸਾਂ ਜਿਆਦਾ ਹੋਣ ਅਤੇ ਵਿਰਲਾ ਮਤਲਬ ਜਿੱਥੇ ਇਹਨਾਂ ਦੀ ਸੰਘਣਤਾ ਘੱਟ ਹੋਵੇ) ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਇਹ ਆਪਣਾ ਰਸਤਾ ਬਦਲ ਲੈਂਦਾ ਹੈ। ਭਾਵ ਪ੍ਰਕਾਸ਼ ਦਾ ਅਪਵਰਤਨ ਹੋ ਜਾਂਦਾ ਹੈ। ਜਦੋਂ ਇਹ ਵਿਰਲੇ ਤੋਂ ਸੰਘਣੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਅਭਿਲੰਬ ਵੱਲ ਭਾਵ ਅੰਦਰ ਨੂੰ ਮੁੜ ਜਾਂਦਾ ਹੈ ਅਤੇ ਜਦੋਂ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵੱਲ ਜਾਂਦਾ ਹੈ ਤਾਂ ਅਭਿਲੰਬ ਤੋਂ ਪਰ੍ਹਾਂ ਭਾਵ ਰਸਤਾ ਬਦਲ ਕੇ ਬਾਹਰ ਵੱਲ ਨੂੰ ਚਲਾ ਜਾਂਦਾ ਹੈ। ਇਸੇ ਕਰਕੇ ਪ੍ਰਕਾਸ਼ ਦੇ ਕਦੇ ਇਧਰ ਕਦੇ ਉਧਰ ਹੋ ਕੇ ਸਾਡੀ ਅੱਖ ਤੱਕ ਪਹੁੰਚਣ ਤੇ ਇਹ ਟੁੱਟ-ਟੁੱਟ ਕੇ ਪਹੁੰਚਦਾ ਜਾਪਦਾ ਹੈ। ਇਸੇ ਕਾਰਨ ਉਹ ਤਾਰਾ ਜਿਸ ਤੋਂ ਇਹ ਪ੍ਰਕਾਸ਼ ਆ ਰਿਹਾ ਹੁੰਦਾ ਹੈ ਸਾਨੂੰ ਟਿਮਟਿਮਾਉਂਦਾ ਹੋਇਆ ਦਿਖਾਈ ਦਿੰਦਾ ਹੈ। ਇਹ ਸਾਰਾ ਕੁਝ ਵਾਯੂਮੰਡਲ ਵਿਚ ਮੌਜੂਦ ਗੈਸਾਂ ਹਵਾ ਆਦਿ ਦੇ ਕਾਰਨ ਹੀ ਹੈ।
ਹੁਣ ਚੰਦਰਮਾ ਦੀ ਗੱਲ ਕਰਦੇ ਹਾਂ। ਚੰਦਰਮਾ ਤੇ ਧਰਤੀ ਵਾਂਗ ਵਾਯੂਮੰਡਲ ਹੈ ਹੀ ਨਹੀਂ। ਵਾਯੂਮੰਡਲ ਦੀ ਅਣਹੋਂਦ ਦੇ ਕਾਰਨ ਚੰਦਰਮਾ ‘ਤੇ ਸੂਰਜ ਤੋਂ ਆਣ ਵਾਲੇ ਪ੍ਰਕਾਸ਼ ਦਾ ਅਪਵਰਤਨ ਹੁੰਦਾ ਹੀ ਨਹੀਂ। ਭਾਵ ਨਾ ਇਸ ਨੂੰ ਵਿਰਲੇ ਤੋਂ ਸੰਘਣੇ ਮਾਧਿਅਮ ਵੱਲ ਜਾਣਾ ਪੈਂਦਾ ਹੈ ਅਤੇ ਨਾ ਸੰਘਣੇ ਤੋਂ ਵਿਰਲੇ ਵੱਲ। ਜਿਸ ਕਾਰਨ ਪ੍ਰਕਾਸ਼ ਸਿੱਧਾ ਵੇਖਣ ਵਾਲੇ ਦੀ ਅੱਖ ਤੱਕ ਪਹੁੰਚਦਾ ਹੈ ਅਤੇ ਨਿਰਵਿਘਨ ਲਗਾਤਾਰ ਪਹੁੰਚਦਾ ਹੈ। ਇਸੇ ਕਾਰਨ ਤਾਰਾ ਉੱਥੇ ਟਿਮਟਿਮਾਉਂਦਾ ਹੋਇਆ ਦਿਖਾਈ ਨਹੀਂ ਦਿੰਦਾ।
ਸੂਰਜ ਦਾ ਪ੍ਰਕਾਸ਼ ਜਦੋਂ ਧਰਤੀ ਤੋਂ ਟਕਰਾ ਕੇ ਵਾਪਸ ਮੁੜਦਾ ਹੈ ਭਾਵ ਪਰਾਵਰਤਿਤ ਹੁੰਦਾ ਹੈ ਤਾਂ ਵਾਯੂਮੰਡਲ ਵਿੱਚ ਇਸ ਦਾ ਖੰਡਰਾਓ ਹੋ ਜਾਂਦਾ ਹੈ ਜਿਸ ਕਾਰਨ ਧਰਤੀ ਤੋਂ ਬਾਹਰੋਂ ਪੁਲਾੜ ਵਿੱਚ ਦੇਖਣ ਤੇ ਸਾਨੂੰ ਇੱਥੇ ਜਿਆਦਾ ਚਮਕ ਦਿਖਾਈ ਦਿੰਦੀ ਹੈ
ਚੰਦਰਮਾ ਤੇ ਅਜਿਹਾ ਕੁਝ ਨਹੀਂ ਹੁੰਦਾ ਇਸੇ ਕਾਰਨ ਚੰਦਰਮਾ ਤੋਂ ਧਰਤੀ ਨੂੰ ਦੇਖਣ ਤੇ ਧਰਤੀ ਚੰਦਰਮਾ ਤੋਂ ਕਈ ਗੁਣਾਂ ਜਿਆਦਾ ਚਮਕਦਾਰ ਦਿਖਾਈ ਦਿੰਦੀ ਹੈ। ਇਸੇ ਕਾਰਨ ਸਾਨੂੰ ਦਿਨ ਵਿੱਚ ਧਰਤੀ ਉੱਤੇ ਤਾਰੇ ਦਿਖਾਈ ਨਹੀਂ ਦਿੰਦੇ। ਜਦਕਿ ਜੇ ਅਸੀਂ ਦਿਨ ਵਿੱਚ ਚੰਦਰਮਾ ਤੇ ਚੰਦਰਮਾ ਦੀ ਸਤਾ ਤੇ ਖੜ ਕੇ ਦੇਖੀਏ ਤਾਂ ਸਾਨੂੰ ਉੱਥੇ ਤਾਰੇ ਦਿਖਾਈ ਦੇਣਗੇ। ਭਾਵ ਚੰਦਰਮਾ ਤੇ ਦਿਨ ਵਿੱਚ ਵੀ ਤਾਰੇ ਦਿਖਾਈ ਦਿੰਦੇ ਹਨ ਅਤੇ ਚੰਦਰਮਾ ਤੇ ਤਾਰੇ ਟਿਮਟਿਮਾਉਂਦੇ ਹੋਏ ਵੀ ਦਿਖਾਈ ਨਹੀਂ ਦਿੰਦੇ।