ਨਾ ਲੜੀਏ ਬੰਦੂਕਾਂ ਦੇ ਨਾਲ,ਨਾ ਲੜੀਏ ਤਲਵਾਰਾਂ ਨਾਲ।
ਭਾਰਤ ਵਾਸੀ ਰਲਕੇ ਰਹੀਏ,ਆਵੋ ਬੜੇ ਪਿਆਰਾਂ ਨਾਲ।
ਅਜੇ ਆਜਾਦੀ ਦੂਰ ਬੜੀ ਹੈ,ਲੜਿਆਂ ਭਿੜਿਆਂ ਮਿਲਣੀ ਨਹੀਂ,
ਪਹਿਲਾਂ ਡਹੇ ਅੰਗਰੇਜਾਂ ਦੇ ਨਾਲ,ਹੁਣ ਕਾਲੇ ਗੱਦਾਰਾਂ ਨਾਲ।
ਹਿੰਦੂ-ਮੁਸਲਿਮ-ਸਿੱਖ ਬਣਾ ਕੇ,ਸਾਨੂੰ ਪਾੜੀ ਜਾਂਦੇ ਨੇ,
ਸਿੱਧਾ ਮੱਥਾ ਲਾ ਨਹੀਂ ਸਕਦੇ,ਤਾਂ ਵਹਿਸ਼ੀ ਸਰਕਾਰਾਂ ਨਾਲ।
ਕਰਨੇ ਪੈਣੇ ਸਾਨੂੰ ਕੱਠਿਆਂ,ਰਲ-ਮਿਲ ਕੇ ਉਪਰਾਲੇ ਕਈ,
ਆਵੋ ਬਹਿ ਕੇ ਮਤਾ ਬਣਾਈਏ,ਬਹਿ ਕੇ ਸਾਰੇ ਯਾਰਾਂ ਨਾਲ।
ਭਗਤ ਸਿੰਘ ਦੇ ਸੁਪਨੇ ਕਿੱਥੇ-ਰਹਿ ਗਏ ਜਾਂ ਅਸੀਂ ਭੁੱਲ ਗਏ!
ਕੱਲੇ ਕੱਲੇ ਜਾ ਬੈਠੇ ਹਾਂ,ਘਰ-ਘਰ ਜਾ ਕੇ ਨਾਰਾਂ ਨਾਲ।
ਬੁਜ਼ਦਿਲ ਬਣਕੇ ਜੀਣਾ ਕੀ ਹੈ ?ਉਸ ਜੀਣੇ ਤੋਂ ਮੌਤ ਭਲੀ!
ਬੇ-ਡਰ ਹੋ ਕੇ ਟੱਕਰਨਾ ਹੈ,ਜੀ ਨਹੀਂ ਸਕਦੇ ਹਾਰਾਂ ਨਾਲ।
ਇਸ ਮਿੱਟੀ ਦਾ ਕੀ ਕਰਨਾ ਹੈ,ਜਿਸ ਦਾ ਜਿਸਮ ਬਣਾਇਆ ਹੈ,
ਢਹਿ ਢੇਰੀ ਇਹ ਬੇਸ਼ਕ ਹੋ ਜਾਏ,ਰੂਹ ਨਹੀਂ ਮਰਨੀ ਮਾਰਾਂ ਨਾਲ।
ਜਬਰ-ਜੁਲਮ ਤੇ ਨਾ ਇਨਸਾਫੀ,ਧੱਕੇਸ਼ਾਹੀ ਸਹਿਣੀ ਨਹੀਂ,
ਧੌਣ ਉਠਾ ਕੇ ਟੱਕਰ ਲੈਣੀ,ਰਲਕੇ ਇਨ੍ਹਾਂ ਚਾਰਾਂ ਨਾਲ।