ਮੇਰੀ ਭੂਆ ਦਾ ਨਾਂ ਗਿਆਨ ਕੌਰ ਹੈ ਤੇ ਉਹਨਾਂ ਦਾ ਪਰਿਵਾਰ ਖਾਨਦਾਨੀ ਸਿਆਸੀ ਹੈ। ਉਸ ਨੇ ਇਸ ਵਾਰ ਚੋਣਾਂ ਵਿਚ ਖੜ੍ਹੇ ਆਪਣੇ ਪੋਤੇ ਨੂੰ ਵੋਟ ਪਾਉਣ ਲਈ ਕਹਿਣ ਵਾਸਤੇ ਮੈਨੂੰ ਫੋਨ ਲਾਇਆ। ਵੈਸੇ ਮੈਂ ਬਹੁਤੀ ਸਿਆਸਤ ਵਿਚ ਭਾਗ ਨਹੀਂ ਲੈਂਦਾ, ਪਰ ਆਪਣੀ ਭੂਆ ਦੀਆਂ ਗੱਲਾਂ ਲਈ ਹਾਂ-ਹੂੰ ਕਰੀ ਜਾ ਰਹੀ ਸੀ। ਏਨੇ ਨੂੰ ਭੂਆ ਦਾ ਸਿਆਸੀ ਪੋਤਾ ਦਗੜ ਦਗੜ ਕਰਦਾ ਆਪਣੀ ਦਾਦੀ ਦੇ ਕੋਲ ਆਇਆ ਤੇ ਉਸ ਨੂੰ ‘ਦਾਦੀ ਪੈਰੀਂ ਪੈਨਾ’ ਕਹਿ ਕੇ ਸਾਡੀ ਵਾਰਤਾਲਾਪ ਸੁਣ ਕੇ ਬੋਲਿਆ--
‘ਨਹੀਂ ਦਾਦੀ ਹੁਣ ਮੇਰੀ ਪਾਰਟੀ ‘ਪਤੰਗ’ ਆਲੀ ਨਹੀਂ, ਰਾਤ ਮੈਂ ਪਾਰਟੀ ਬਦਲ ਲਈ ਆ।’
ਦਾਦੀ ਨੇ ਫੋਨ ਹੋਲਡ ’ਤੇ ਹੀ ਰੱਖਦਿਆਂ ਉਸ ਨਾਲ ਬੋਲਣਾ ਸ਼ੁਰੂ ਕੀਤਾ-
‘ਵੇ ਕਾਕਾ ਹਾਲੇ ਪਰਸੋਂ ਤਾਂ ਤੂੰ ਆਪਣੀ ਪੁਰਾਣੀ ਪਾਰਟੀ ਛੱਡ ਕੇ ਆਹ ਦਾਦੇ ਮਘਾਉਣੀ ਪਤੰਗ ਆਲੀ ਪਾਰਟੀ ’ਚ ਆਇਆ ਸੀ, ਹੁਣ….’
ਪੋਤੇ ਨੇ ਦਾਦੀ ਦੀ ਗੱਲ ਵਿਚੇ ਕੱਟਦਿਆਂ ਕਿਹਾ, ‘ਓ ਦਾਦੀ ਜੀ, ਚੋਣਾਂ ਦੇ ਮੌਸਮ ਵਿਚ ਐਂਈਂ ਹੁੰਦਾ, ਕਦੇ ਪਤੰਗ ਚੜ੍ਹ ਗਿਆ ਤੇ ਕਦੇ ਕੱਟਿਆ ਗਿਆ, ਤੂੰ ਸਮਝ ਹੁਣ ਉਹਨਾਂ ਦਾ ਪਤੰਗ ਕੱਟਿਆ ਗਿਆ ਤੇ ਆਪਾਂ ਹੁਣ ਨਵੀਂ ‘ਬੇੜੀ’ ਆਲਿਆਂ ਦੀ ਪਾਰਟੀ ‘ਚ ਆਂ। ਹੁਣ ਤੂੰ ਵੋਟਾਂ ਆਲਿਆਂ ਨੂੰ ਆਹ ਨਵੀਂ ਪਾਰਟੀ ਦਾ ਨਾਂ ਲਿਆ ਕਰ, ਚੰਗਾ ਮੈਂ ਕਾਹਲੀ ’ਚ ਆਂ, ਫੇਰ ਮਿਲਦੇ ਆਂ ਸ਼ਾਮ ਨੂੰ’ ਕਹਿ ਕੇ ਉਹ ਚਲਾ ਗਿਆ ਤੇ ਦਾਦੀ ਨੇ ਫਿਰ ਮੇਰੇ ਵੱਲ ਪਰਤਿਆਂ ਗੱਲ ਸ਼ੁਰੂ ਕੀਤੀ-
‘ਚੰਗਾ ਭਾਈ ਬਲਵਿੰਦਰਾ, ਤੂੰ ਸੁਣ ਈ ਲਿਆ ਹੋਣਾ ਸਾਰਾ ਕੁਝ ਭਾਈ, ਖਿਆਲ ਰੱਖੀਂ ਭਾਈ ਇਹਦੀ ਨਵੀਂ ਪਾਰਟੀ ਨੂੰ ਪਾਇਓ ਵੋਟਾਂ ਹਨਾਂ।’
ਮੈਂ ‘ਹਾਂ ਜੀ, ਹਾਂ ਜੀ, ਚੰਗਾ ਭੂਆ ਜੀ ਕਹਿੰਦਿਆਂ’ ਭੂਆ ਨੂੰ ਝੂਠਾ ਮੂਠਾ ਭਰੋਸਾ ਤਾਂ ਦਵਾ ਦਿੱਤਾ ਪਰ ਮੇਰਾ ਅੰਦਰਲਾ ਮਨ ਕਹਿ ਰਿਹਾ ਸੀ, ‘ਭੂਆ, ਤੇਰੇ ਪੋਤੇ ਦੀ ‘ਬੇੜੀ’ ਤਾਂ ਹੁਣ ਡੁਬਣੀ ਈ ਡੁਬਣੀ ਆਂ, ਮੈਂ ਆਪਣੀ ਵੋਟ ਕਾਹਨੂੰ ਖਰਾਬ ਕਰੂੰ। ਮੈਂ ਸੋਚ ਸਮਝ ਕੇ, ਜਿਥੇ ਮੇਰਾ ਜੀਅ ਕਰੂ ਉਥੇ ਵੋਟ ਪਾਊਂ, ਨਾਲ਼ੇ ਤੁਸੀਂ ਤਾਂ ਹੁਣ ਜ਼ਮੀਰਾਂ ਵੇਚੀ ਫਿਰਦੇ ਓ, ਸਲੇਡੇ ਵਾਂਗੂੰ ਰੰਗ ਬਦਲਦੇ ਓ, ਕਦੇ ਉਹ ਪਾਰਟੀ ਤੇ ਕਦੇ ਉਹ, ਅਸੀਂ ਕਿਹੜਾ ਕਿਸੇ ਲਾਲਚ ਵਿਚ ਆ ਕੇ ਵੋਟ ਪਾਉਣੀ, ਜਿਥੇ ਸਾਡੀ ਜ਼ਮੀਰ ਕਹੂ, ਉਥੇ ਪਾਵਾਂਗੇ, ਵਿਕਾਓ ਥੋੜ੍ਹੀ ਆਂ ਥੋਡੇ ਵਾਂਗ।’