ਬੱਲੇ ਬਈ ਨੇਤਾ ਜੀ ਆਏ (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੱਲੇ ਬਈ ਨੇਤਾ ਜੀ ਆਏ
ਸ਼ਾਵਾ, ਬਈ ਨੇਤਾ ਜੀ ਆਏ

ਫਿਰ ਵੋਟਾਂ ਦਾ ਦੌਰ ਚੱਲ ਪਿਆ,
ਇੱਕ ਮੁੱਕਿਆ, ਇੱਕ ਹੋਰ ਚੱਲ ਪਿਆ,
ਪਿੰਡਾਂ ਦੇ ਪੰਚਾਂ ਸਰਪੰਚਾਂ, ਸਭ ਨੂੰ ਸੁਨੇਹੇ ਲਾਏੇ,
 ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
   ਬੱਲੇ ਬਈ ਨੇਤਾ ਜੀ ਆਏ 

ਪਿੰਡ ਵਿਚਾਲੇ ਟੈਂਟ ਜੜ ਲਿਆ,
ਵੱਡਾ ਸਾਰਾ ‘ਕੱਠ ਕਰ ਲਿਆ,
ਧੂੜਾਂ ਪੱਟਦੀ ਕਾਰ ਸੀ ਆਈ, ਨੇਤਾ ਵਿੱਚ ਬਿਠਾਏ,
 ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
   ਬੱਲੇ ਬਈ ਨੇਤਾ ਜੀ ਆਏ 

ਆਣ ਸਟੇਜ਼ ਤੇ ਚੜ ਗਿਆ ਨੇਤਾ,
ਮਾਇਕ ਨੂੰ ਫੜਕੇ ਖੜ ਗਿਆ ਨੇਤਾ,
ਭਾਸ਼ਣ ਦੇ ਕੇ ਕੁਫਰ ਤੋਲਿਆ, ਵੱਡੇ-ਵੱਡੇ ਗੱਪ ਸੁਣਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
 ਬੱਲੇ ਬਈ ਨੇਤਾ ਜੀ ਆਏ 

ਕਹਿੰਦਾ ਬੇਰੁਜ਼ਗਾਰ ਜੁਆਨੋ,
ਮੇਰੇ ਮਿੱਤਰੋ ਯਾਰ ਜੁਆਨੋ,
ਨੌਕਰੀਆਂ ਤੇ ਲਾ ਦਿਊਂ ਸਭ ਨੂੰ, ਕਿਉਂ ਐਵੇਂ ਘਬਰਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
 ਬੱਲੇ ਬਈ ਨੇਤਾ ਜੀ ਆਏ 

ਅਮਲੀ, ਭੰਗੀ, ਪੋਸਤ ਵਾਲਿਓ,
ਰੱਜ਼-ਰੱਜ਼ ਕੇ ਨਸ਼ੇ ਖਾ ਲਿਓ,
ਪੁਲਿਸ ਘਰੇ ਨਾ ਆਊ, ਭਾਵੇਂ ਦੇਸੀ ਕੱਢ ਪਿਲਾਏ
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
 ਬੱਲੇ ਬਈ ਨੇਤਾ ਜੀ ਆਏ 

ਬਾਅਦ ਚ ਆਪਣਾ ਬੰਦ ਕਰ ਭਾਸ਼ਣ,
ਚਾਹ-ਪਾਣੀ ਸਭ ਛਕ ਕੇ ਰਾਸ਼ਨ,
ਹੱਥ ਜੋੜ ਨੇਤਾ ਜੀ ਨੇ, ਘਰ-ਘਰ ਕੁੰਡੇ ਖੜਕਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
 ਬੱਲੇ ਬਈ ਨੇਤਾ ਜੀ ਆਏ 

 ਗਲੀ ਗਲੀ ਵਿੱਚ ਵੋਟਾਂ ਮੰਗਦਾ,
ਮੰਗਣ ਲੱਗਿਆਂ ਜਵਾਂ ਨੀ ਸੰਗਦਾ,
ਆਪ ਤੋਂ ਛੋਟਿਆਂ ਦੇ ਵੀ ਜਾ ਕੇ, ਪੈਰੀਂ ਹੱਥ ਲਗਾਏ,
 ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
  ਬੱਲੇ ਬਈ ਨੇਤਾ ਜੀ ਆਏ 
                                  
ਲੋਕਾਂ ਨੂੰ ਭਰਮਾ ਕੇ ਤੁਰ ਗਿਆ,
 ਚੱਕਰਾਂ ਦੇ ਵਿੱਚ ਪਾ ਕੇ ਤੁਰ ਗਿਆ,
ਵੋਟਾਂ ਪਿੱਛੋਂ ਜਦੋਂ ਜਿੱਤ ਗਿਆ, ਮੁੜ ਨਾ ਫੇਰੇ ਪਾਏ,
 ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
  ਬੱਲੇ ਬਈ ਨੇਤਾ ਜੀ ਆਏ 

ਇਹ ਲੋਕੀ ਨਾਂ ਬਣਨ ਕਿਸੇ ਦੇ,
ਲੋੜ ਸਮੇਂ ਨਾਂ ਖੜ੍ਹਨ ਕਿਸੇ ਦੇ,
‘ਸਾਧੂ ਰਾਮ ਲੰਗੇਆਣੀਆਂ’ ਸਭ ਨੂੰ ਸੱਚ ਫੁਰਮਾਏ,
 ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
  ਬੱਲੇ ਬਈ ਨੇਤਾ ਜੀ ਆਏ