ਗੁਰੂ ਘਰ ਵਿੱਚ ਸਭ ਹੀ ਸਮਾਨ ਜੀ।
ਟੁੱਟੇ ਇੱਥੇ ਜਾਤ ਕੁੱਲ ਦਾ ਗੁਮਾਨ ਜੀ।
ਜਪਦੇ ਨੇ ਨਾਮ ਸਭ ਸੇਵਾ ਕਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰ ਦੇ।
ਮਿੱਠੀ ਧੁਨ ਹਰਿਮੰਦਰ ਚੋਂ ਆਂਵਦੀ।
ਸ਼ਬਦ ਦੀ ਸੂਝ ਜੀਣਾ ਹੈ ਸਿਖਾਂਵਦੀ।
ਤਪਦੇ ਕਲੇਜੇ ਇੱਥੇ ਆਣ ਠਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਹੱਥਾਂ ਨਾਲ ਸੇਵਾ ਰਸਨਾ ਤੇ ਨਾਮ ਜੀ।
ਤਨ ਮਨ ਧੋਂਵਦਾ ਅਨੋਖਾ ਧਾਮ ਜੀ।
ਜੀਵਨ ਸਫਲ ਨਾਰੀ ਅਤੇ ਨਰ ਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਬਾਹਮਣ ਮੌਲਾਣੇ ਪਏ ਸੜੀ ਜਾਣ ਜੀ।
ਮਾਰੂ ਨੀਤੀ ਆਂ ਤਾਂ ਦੇਖੋ ਘੜੀ ਜਾਣ ਜੀ।
ਹੁੰਦੀ ਸਦਾ ਸ਼ੋਭਾ ਨਾ ਸ਼ਰੀਕ ਜਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਬਾਣੀ ਦੇ ਵਿਰੁੱਧ ਵੀ ਸ਼ਿਕਾਇਤ ਲਾਂਵਦੇ।
ਰਾਜੇ ਤਾਈਂ ਪੱਟੀ ਪੁੱਠੀ ਨੇ ਪੜ੍ਹਾਂਵਦੇ।
ਕੱਠੇ ਹੋ ਗਏ ਵੈਰੀ ਸਭ ਗੁਰੂ ਘਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਜਦੋ ਪਾਤਸ਼ਾਹ ਨੇ ਬੀੜ ਤਾਈਂ ਬੰਨਿਆ।
ਕੱਚੇ ਲੇਖਕਾਂ ਨੂੰ ਸੀ ਅਯੋਗ ਮੰਨਿਆ।
ਸੱਚ ਦੀ ਕਸੌਟੀ ਤੇ ਉਹ ਜਾਣ ਹਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਸੰਗਤਾਂ ਦਾ ਬੋਲ ਸੀ ਪੁਗਾਇਆ ਗੁਰਾਂ ਨੇ।
ਸਾਕ ਜੀਹਦੀ ਧੀ ਦਾ ਠੁਕਰਾਇਆ ਗੁਰਾਂ ਨੇ।
ਚੰਦੂ ਦੀਆਂ ਅੱਖਾਂ ਚੋਂ ਅੰਗਾਰ ਵਰ੍ਹਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਦਰ ਉੱਤੇ ਆਇਆ ਸੀ ਜੋ ਬਣਦਾ ਸਰਾ।
ਬਾਗੀ ਖੁਸਰੋ ਨੂੰ ਗੁਰਾਂ ਦਿੱਤਾ ਆਸਰਾ।
ਸੱਚ ਦੇ ਪੁਜਾਰੀ ਨਾ ਕਿਸੇ ਤੋਂ ਡਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਅੰਤ ਵਿੱਚ ਗੁੱਸਾ ਜਹਾਂਗੀਰ ਖਾ ਗਿਆ।
ਫਤਵਾ-ਏ-ਯਾਸਾ ਕਾਜੀ ਤਾਂ ਸੁਣਾ ਗਿਆ।
ਸਭ ਦੀ ਅਕਲ ਉੱਤੇ ਪੈ ਗਏ ਪਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਬਾਲ਼ ਅੱਗ,ਤੱਤੀ ਤਵੀ ਤੇ ਬੈਠਾਂਵਦੇ।
ਸੀਸ ਤੇ ਗੁਰਾਂ ਦੇ ਤੱਤੀ ਰੇਤ ਪਾਂਵਦੇ।
ਬਾਣੀ ਦੇ ਸਿਧਾਂਤ ਏਦਾਂ ਨਹੀਓ ਮਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।
ਜ਼ੁਲਮ ਦੀ ਹੱਦ ਦੇਖੋ ਕੀਤੀ ਬਾਦਸ਼ਾਹ।
ਤੇਰਾ ਭਾਣਾ ਮਿੱਠਾ ਫੁਰਮਾਇਆ ਪਾਤਸ਼ਾਹ।
ਮਹਿਲ ਸ਼ਹੀਦੀ ਦੇ ਦੀ ਨੀਂਹ ਧਰਦੇ।
ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।