ਕੈਲਗਰੀ ਵਿਚ ਵਿਸਾਖ ਮਹੀਨੇ ਦਾ ਦੂਜਾ ਆਨਲਾਈਨ ਕਵੀ ਦਰਬਾਰ
(ਖ਼ਬਰਸਾਰ)
ਕੈਲਗਰੀ -- ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸਾਖ ਮਹੀਨੇ ਵਿੱਚ ਦੂਜਾ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ - ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ।
ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਜਗਬੀਰ ਸਿੰਘ ਕੋਹਲੀ ਜੀ ਨੇ ਸਭ ਨੂੰ 'ਜੀ ਆਇਆਂ' ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ, ਟੋਰੰਟੋ ਤੋਂ ਪਹੁੰਚੇ ਪਰਮਜੀਤ ਸਿੰਘ, ਪਰਨੀਤ ਕੌਰ ਤੇ ਸਿਮਰਲੀਨ ਕੌਰ ਵਲੋਂ ਗਾਇਨ ਕੀਤੇ ਸ਼ਬਦ- "ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ " ਨਾਲ ਕੀਤਾ ਗਿਆ। ਟੋਰਾਂਟੋ ਤੋਂ ਹੀ ਆਈਆਂ ਬੱਚੀਆਂ- ਅਨੁਰੀਤ ਕੌਰ, ਅਮਿਤੋਜ਼ ਕੌਰ ਅਤੇ ਮਨਰੀਤ ਕੌਰ ਨੇ ਗੀਤ 'ਸਾਜਿਆ ਗੁਰਾਂ ਨੇ ਨਿਆਰਾ ਖਾਲਸਾ' ਨਾਲ ਕਵੀ ਦਰਬਾਰ ਦੀ ਆਰੰਭਤਾ ਕੀਤੀ। ਲੁਧਿਆਣਾ ਤੋਂ ਸ਼ਾਮਲ ਹੋਏ ਕਵੀ ਸ.ਪਰਮਿੰਦਰ ਸਿੰਘ ਅਲਬੇਲਾ ਨੇ "ਸੱਚ ਬੋਲਦੀ ਪੂਰਾ ਤੋਲਦੀ, ਗੁਰੂ ਨਾਨਕ ਦੀ ਬਾਣੀ " ਗੀਤ ਤਰੰਨਮ ਚ ਸੁਣਾਇਆ। ਚੰਡੀਗੜ੍ਹ ਤੋਂ ਸ੍ਰੀ ਮਤੀ ਦਵਿੰਦਰ ਕੌਰ ਢਿੱਲੋਂ ਜੀ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਇਕ ਗੀਤ "ਛੇੜ ਮਰਦਾਨਿਆ ਰਬਾਬ ਬਾਣੀ ਆਈ ਏ" ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਪੰਥਕ ਸਟੇਜਾਂ ਦੇ ਮਾਹਰ ਕਵੀ ਡਾ. ਹਰੀ ਸਿੰਘ ਜਾਚਕ ਲੁਧਿਆਣਾ ਨੇ ਗੁਰੂ ਅੰਗਦ ਸਾਹਿਬ ਜੀ ਬਾਰੇ ਕਵਿਤਾ ਆਪਣੀ ਬੁਲੰਦ ਅਵਾਜ਼ ਵਿਚ ਸੁਣਾ ਕੇ ਵਾਹ ਵਾਹ ਖੱਟੀ। ਕੁਲਵਿੰਦਰ ਸਿੰਘ ਗਾਖਲ ਜਲੰਧਰ ਵਾਲਿਆਂ ਨੇ, ਗੁਰੂ ਨਾਨਕ ਚਮਤਕਾਰਾਂ ਨੂੰ ਇੱਕ ਖੂਬਸੂਰਤ ਗ਼ਜ਼ਲ ਨਾਲ ਗਾ ਕੇ ਸੁਣਾਇਆ। ਛੰਦਾਬੰਦੀ ਦੇ ਮਾਹਰ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਜੀ ਨੇ ਦੋਤਾਰਾ ਛੰਦ ਵਿੱਚ ਲਿਖੀ ਕਵਿਤਾ "ਭਾਰਤ ਦੀ ਰਾਖੀ ਲਈ, ਸਤਿਗੁਰ ਨਾਨਕ ਜੱਗ ਤੇ ਆਇਆ" ਗਾ ਕੇ ਸੁਣਾਈ। ਮਸਕਟ ਓਮਾਨ ਤੋਂ ਆਏ, ਬਲਕਾਰ ਸਿੰਘ ਬੱਲ ਨੇ, ਹਰੀ ਸਿੰਘ ਜਾਚਕ ਜੀ ਦੀ ਲਿਖੀ ਕਵਿਤਾ ਬੁਲੰਦ ਅਵਾਜ਼ ਵਿਚ ਪੇਸ਼ ਕੀਤੀ।
ਸੰਸਾਰ ਦੀ ਪਹਿਲੀ ਇਸਤਰੀ ਗ੍ਰੰਥੀ ਅਤੇ ਪ੍ਰਸਿੱਧ ਲੇਖਕ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਇੱਕ ਗੀਤ "ਛੇਤੀ ਛੇਤੀ ਤੁਰ ਅੰਮੀਏ, ਨਨਕਾਣੇ ਜਾਣਾ ਏ" ਵੈਰਾਗਮਈ ਅੰਦਾਜ਼ ਵਿਚ ਗਾਇਆ। ਸਿਆਟਲ ਤੋ ਆਏ ਅਵਤਾਰ ਸਿੰਘ ਆਦਮਪੁਰੀ ਜੀ ਨੇ ਆਪਣਾ ਗੀਤ "ਸਤਿਗੁਰ ਨਾਨਕ ਤੇਰੀ ਬਾਣੀ ਦਾ ਸਾਰੇ ਜੱਗ ਵਿਚ ਚਾਨਣ ਹੈ" ਤਰੰਨਮ ਵਿਚ ਸਾਂਝਾ ਕੀਤਾ। ਟੋਰਾਂਟੋ ਤੋਂ ਪਹੁੰਚੇ ਉਸਤਾਦ ਸ਼ਾਇਰ, ਸੁਜਾਨ ਸਿੰਘ ਸੁਜਾਨ ਜੀ ਨੇ ਕਵਿਤਾ "ਤਾਹੀਓਂ ਤਾਂ ਉਹ ਗੁਰੂ ਦੀ ਪਦਵੀ ਨੂੰ ਪਾ ਗਏ" ਰਾਹੀਂ ਭਾਈ ਲਹਿਣਾ ਜੀ ਦੇ ਗੁਰੂ ਅੰਗਦ ਬਣਨ ਦਾ ਸਫਰ ਬਿਆਨ ਕੀਤਾ। ਕੈਲਗਰੀ ਦੇ ਸੁਖਵਿੰਦਰ ਸਿੰਘ ਤੂਰ ਜੀ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ " ਧੰਨ ਗੁਰੂ ਨਾਨਕ ਤੇਰੀ ਧੰਨ ਵਡਿਆਈ ਏ" ਗਾ ਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ। ਕੈਲਗਰੀ ਤੋਂ ਹੀ, ਜਸਵਿੰਦਰ ਸਿੰਘ ਰੁਪਾਲ ਜੀ ਨੇ ਆਪਣੀ ਕਵਿਤਾ "ਸ਼ਬਦ ਸ਼ਕਤੀ ਦਾ ਇਤਿਹਾਸ" ਰਾਹੀਂ ਗੁਰੂ ਨਾਨਕ ਦੇਵ ਜੀ ਵਲੋਂ ਵਰਤੀ ਗਈ ਸ਼ਬਦ ਸ਼ਕਤੀ ਨੂੰ ਨਮਸਕਾਰ ਕੀਤੀ। ਛੰਦਬੰਦੀ ਦੇ ਮਾਹਰ ਕਵੀ ਜਸਵੰਤ ਸਿੰਘ ਸੇਖੋਂ ਜੀ ਨੇ, ਇਕ ਕਲੀ ਰਾਹੀਂ ਨਾਨਕ ਜੀ ਨੂੰ ਪਿਤਾ ਵਲੋਂ ਗੁੱਸੇ ਹੋਣ ਤੇ ਨਾਨਕੀ ਦੇ ਪ੍ਰਤੀਕਰਮ ਵਾਲੇ ਪ੍ਰਸੰਗ ਨੂੰ ਪੇਸ਼ ਕੀਤਾ। ਹਰਭਜਨ ਸਿੰਘ ਬੱਲ ਜੀ ਦੀ ਕਵਿਤਾ "ਦਸ਼ਮੇਸ਼ ਤੇਰਾ ਖਾਲਸਾ" ਨਾਲ ਕਵੀ ਦਰਬਾਰ ਸਮਾਪਤੀ ਵੱਲ ਵਧਿਆ।ਗੁਰਦੀਸ਼ ਕੌਰ ਗਰੇਵਾਲ ਜੀ, ਜੋ ਸਾਰੇ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦਾ ਰੋਲ ਨਿਭਾ ਰਹੇ ਸਨ, ਉਨ੍ਹਾਂ ਇੱਕ ਆਪਣੀ ਲਿਖੀ ਕਵਿਤਾ 'ਭਾਈ ਲਹਿਣਾ ਤੋਂ ਗੁਰੂ ਅੰਗਦ ਤੱਕ' ਸੁਣਾਈ- ਜਿਸ ਵਿਚ ਭਾਈ ਲਹਿਣਾ ਜੀ ਦੀ ਗੁਰੂ ਨਾਨਕ ਜੀ ਨਾਲ ਪਹਿਲੀ ਮਿਲਣੀ ਦਾ ਰੋਚਕ ਜਿਕਰ ਸੀ। ਡਾ.ਕਾਬਲ ਸਿੰਘ ਜੀ ਨੇ ਹਾਜਰ ਕਵੀਆਂ ਦਾ ਧੰਨਵਾਦ ਕਰਦੇ ਹੋਏ, ਕਵੀ ਸਾਹਿਬਾਨਾਂ ਨੂੰ, ਸੋਸਾਇਟੀ ਦੇ ਮਾਸਿਕ ਮੈਗਜ਼ੀਨ 'ਸਾਂਝੀ ਵਿਰਾਸਤ' ਲਈ ਆਪਣੀਆਂ ਕਵਿਤਾਵਾਂ ਭੇਜਣ ਦਾ ਸੱਦਾ ਦਿੱਤਾ। ਅੰਤ ਤੇ ਜਗਬੀਰ ਸਿੰਘ ਜੀ ਨੇ ਸੰਗਤੀ ਰੂਪ ਚ ਆਨੰਦ ਸਾਹਿਬ ਪੜ੍ਹਿਆ- ਉਪਰੰਤ ਅਰਦਾਸ ਅਤੇ ਹੁਕਮਨਾਮੇ ਨਾਲ ਇਸ ਗੁਰਮਤਿ ਕਵੀ ਦਰਬਾਰ ਦੀ ਸਮਾਪਤੀ ਹੋਈ। ਸਰੋਤਿਆਂ ਨੇ ਇਸ ਕਵੀ ਦਰਬਾਰ ਦਾ ਭਰਪੂਰ ਆਨੰਦ ਮਾਣਿਆਂ।