ਨਿਰੰਜਨ ਬੋਹਾ ਅਤੇ ਸੁਰਿੰਦਰ ਸਿੰਘ ਉਬਰਾਏ ਨੂੰ 'ਪਿਆਰਾ ਸਿੰਘ ਦਾਤਾ' ਪੁਰਸਕਾਰ ਨਾਲ ਕੀਤਾ ਸਨਮਾਨਿਤ
(ਖ਼ਬਰਸਾਰ)
ਮੋਗਾ -- ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ 18ਵਾਂ 'ਪਿਆਰਾ ਸਿੰਘ ਦਾਤਾ' ਸਾਲਾਨਾ ਪੁਰਸਕਾਰ ਜੋ ਇਸ ਵਾਰ ਉੱਘੇ ਸਾਹਿਤਕਾਰ ਨਿਰੰਜਨ ਸਿੰਘ ਬੋਹਾ ਅਤੇ ਉੱਘੇ ਵਿਦਵਾਨ ਵਿਅੰਗ ਲੇਖਕ ਸੁਰਿੰਦਰ ਸਿੰਘ ਉਬਰਾਏ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ ਹੈ ਅਕਾਦਮੀ ਵੱਲੋਂ ਇਹ ਸਮਾਗਮ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦੇ ਸੰਚਾਲਕ ਪਰਮਜੀਤ ਸਿੰਘ ਅਤੇ ਸਤਿੰਦਰ ਸਿੰਘ ਰਿੰਕੂ ਦੇ ਸਹਿਯੋਗ ਨਾਲ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਯੋਗ ਰਹਿਨੁਮਾਈ ਹੇਠ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿੱਚ ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਕੁਲਦੀਪ ਸਿੰਘ ਬੇਦੀ (ਸੰਪਾਦਕ ਪੰਜਾਬੀ ਮੈਗਜ਼ੀਨ ਮੀਰਜਾਦਾ ਬੋਲਿਆ),ਬਲਦੇਵ ਸਿੰਘ ਸੜਕਨਾਮਾ, ਡਾ ਸੁਰਜੀਤ ਬਰਾੜ , ਪ੍ਰਧਾਨ ਕੇ ਐਲ ਗਰਗ ਅਤੇ ਸਨਮਾਨਿਤ ਯੋਗ ਸਖ਼ਸ਼ੀਅਤਾਂ ਸੁਰਿੰਦਰ ਸਿੰਘ ਉਬਰਾਏ ਅਤੇ ਨਿਰੰਜਨ ਬੋਹਾ ਬਿਰਾਜਮਾਨ ਸਨ।

ਸਮਾਗਮ ਦੀ ਸ਼ੁਰੂਆਤ ਸੋਨੀ ਮੋਗਾ ਅਤੇ ਸਾਗਰ ਸਫ਼ਰੀ ਵੱਲੋਂ ਤਰੰਨਮ ਵਿਚ ਪੇਸ਼ ਕੀਤੇ ਗਏ ਸਵਾਗਤੀ ਗੀਤਾਂ ਨਾਲ ਹੋਈ, ਉਪਰੰਤ ਕੇ ਐਲ ਗਰਗ ਅਤੇ ਸਟੇਜ ਸੰਚਾਲਕ ਦਵਿੰਦਰ ਸਿੰਘ ਗਿੱਲ ਵੱਲੋਂ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ। ਉਪਰੰਤ ਡਾ ਸੁਰਜੀਤ ਬਰਾੜ, ਕੁਲਦੀਪ ਸਿੰਘ ਬੇਦੀ, ਬਲਦੇਵ ਸਿੰਘ ਸੜਕਨਾਮਾ , ਸੁਰਿੰਦਰ ਉਬਰਾਏ, ਨਿਰੰਜਨ ਬੋਹਾ ਵੱਲੋਂ ਵਿਅੰਗ ਅਤੇ ਹਾਸ ਵਿਅੰਗ ਦੀ ਸਾਰਥਿਕਤਾ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਦੇ ਨਾਲ ਹੀ ਸਮਾਗਮ ਦੀਆਂ ਸਨਮਾਨਿਤ ਯੋਗ ਪ੍ਰਮੁੱਖ ਸਖ਼ਸ਼ੀਅਤਾਂ ਨਿਰੰਜਨ ਬੋਹਾ ਦੇ ਸਾਹਿਤਕ ਸਫ਼ਰ ਬਾਰੇ ਕੰਵਲਜੀਤ ਭੋਲਾ ਲੰਡੇ ਵੱਲੋਂ ਅਤੇ ਸੁਰਿੰਦਰ ਸਿੰਘ ਉਬਰਾਏ ਦੇ ਸਾਹਿਤਕ ਸਫ਼ਰ ਬਾਰੇ ਪ੍ਰਧਾਨ ਕੇ ਐਲ ਗਰਗ ਵੱਲੋਂ ਸਨਮਾਨ ਪੱਤਰ ਪੜ੍ਹੇ ਗਏ।ਇਸ ਦੇ ਨਾਲ ਹੀ ਕੇ ਐਲ ਗਰਗ ਵੱਲੋਂ ਸਮਾਗਮ ਦੌਰਾਨ ਰਿਲੀਜ਼ ਹੋਣ ਵਾਲੀਆਂ ਪੁਸਤਕਾਂ ਅਤੇ ਪੁਸਤਕਾਂ ਦੇ ਲੇਖਕਾਂ ਬਾਰੇ ਸੰਖੇਪ ਰੂਪ ਵਿੱਚ ਰੋਸ਼ਨੀ ਪਾਈ ਗਈ। ਉਪਰੰਤ ਜੋਧ ਸਿੰਘ ਮੋਗਾ, ਹਰਕੋਮਲ ਬਰਿਆਰ, ਸੋਢੀ ਸੱਦੋਵਾਲ, ਸ਼ੇਰ ਜੰਗ ਜਾਂਗਲੀ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਨੂੰ ਲੋਕ ਅਰਪਣ ਕੀਤਾ ਗਿਆ। ਉਪਰੰਤ ਹੋਏ ਸਨਮਾਨ ਸਮਾਰੋਹ ਦੌਰਾਨ ਉਕਤ ਪ੍ਰਧਾਨਗੀ ਮੰਡਲ ਵੱਲੋਂ ਬਹੁਪੱਖੀ ਲੇਖਕ ਅਤੇ ਅਲੋਚਕ ਨਿਰੰਜਨ ਬੋਹਾ ਅਤੇ ਉੱਘੇ ਵਿਦਵਾਨ ਲੇਖਕ ਸੁਰਿੰਦਰ ਸਿੰਘ ਉਬਰਾਏ ਨੂੰ ਪਿਆਰਾ ਸਿੰਘ ਦਾਤਾ ਪੁਰਸਕਾਰ ਜਿਸ ਵਿਚ ਨਕਦ ਰਾਸ਼ੀ, ਗਰਮ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਸਾਂਝੇ ਤੌਰ ਤੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸਨਮਾਨਿਤ ਸਖਸ਼ੀਅਤਾਂ ਵੱਲੋਂ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਅਤੇ ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਦਾ ਤਹਿ ਦਿਲੋਂ ਸ਼ੁਕਰਾਨਾ ਅਦਾ ਕੀਤਾ ਗਿਆ। ਇਸਦੇ ਨਾਲ ਹੀ ਇੱਕ ਦਰਜਨ ਹਾਸ ਵਿਅੰਗ ਪੁਸਤਕਾਂ ਦੇ ਲੇਖਕ ਮੋਗਾ ਵਾਸੀ ਸਵਰਗੀ ਸ਼ੇਰ ਜੰਗ ਜਾਂਗਲੀ ਬਾਰੇ ਵਿਜੇ ਕੁਮਾਰ ਮੋਗਾ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਪੇਂਟਿੰਗ ਤਸਵੀਰਾਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਭੇਂਟ ਕੀਤੀਆਂ ਗਈਆਂ। ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ , ਜੋਧ ਸਿੰਘ ਮੋਗਾ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਵੱਲੋਂ ਅਕਾਦਮੀ ਨੂੰ ਕੁਝ ਆਰਥਿਕ ਸਹਾਇਤਾ ਰਾਸ਼ੀ ਵੀ ਭੇਂਟ ਕੀਤੀ ਗਈ। ਸਮਾਗਮ ਦੇ ਅੰਤਲੇ ਪੜਾਅ ਦੌਰਾਨ ਹੋਏ ਕਵੀ ਦਰਬਾਰ ਵਿਚ ਹਰਕੋਮਲ ਬਰਿਆਰ,ਜੰਗੀਰ ਸਿੰਘ ਖੋਖਰ, ਪ੍ਰਦੀਪ ਕੌੜਾ, ਕ੍ਰਿਸ਼ਨ ਸੂਦ, ਕਰਮਜੀਤ ਕੌਰ ਧਾਲੀਵਾਲ, ਡਾ ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਮੁਕੰਦ ਕਮਲ, ਜਸਵੰਤ ਜੱਸੀ, ਸਰਬਜੀਤ ਕੌਰ ਮਾਹਲਾ, ਡਾ ਜੋਗਿੰਦਰ ਸਿੰਘ ਮਾਹਲਾ, ਦਵਿੰਦਰ ਸਿੰਘ ਗਿੱਲ, ਸੋਢੀ ਸੱਦੋਵਾਲ, ਅਵਤਾਰ ਸਿੰਘ ਕਰੀਰ, ਬਲਵਿੰਦਰ ਸਿੰਘ ਕੈਂਥ, ਕ੍ਰਿਸ਼ਨ ਪ੍ਰਤਾਪ,ਮਾਨਕ ਸ਼ਾਹ ਬਾਂਸਲ, ਹਰਦਿਆਲ ਸਿੰਘ ਧਨੋਟਾ, ਰਾਜਿੰਦਰ ਗੁਪਤਾ,ਡਾ ਸੰਜੀਵ ਸੂਦ, ਵਿਜੇ ਕੁਮਾਰ, ਬਲਜੀਤ ਸਿੰਘ,ਪ੍ਰੇਮ ਸਿੰਘ,ਜੋਧ ਸਿੰਘ, ਸੋਨੀ ਮੋਗਾ, ਸਾਗਰ ਸਫ਼ਰੀ ਆਦਿ ਵੱਲੋਂ ਤਾਜ਼ੀਆਂ ਰਚਨਾਵਾ ਪੇਸ਼ ਕੀਤੀਆਂ ਗਈਆਂ ਅਖੀਰ ਵਿੱਚ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਵੱਲੋਂ ਪਹੁੰਚੇ ਸਮੂਹ ਲੇਖਕ ਵਰਗ ਨੂੰ ਜੀ ਆਇਆਂ ਆਖਿਆ ਨਿੱਘਾ ਸਵਾਗਤ ਕੀਤਾ ਗਿਆ।
ਡਾ ਸਾਧੂ ਰਾਮ ਲੰਗੇਆਣਾ
ਸਾਧੂ ਰਾਮ ਲੰਗੇਆਣਾ