ਪੁਸਤਕ ----ਹਰਫਾਂ ਦੇ ਹਰਕਾਰੇ (ਸ਼ਬਦ ਚਿਤਰ )
ਲੇਖਕ -----ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ ----ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਪੰਨੇ ------114 ਮੁੱਲ ----220 ਰੁਪਏ (ਪੇਪਰਬੈਕ )
ਪੰਜਾਬੀ ਕਾਵਿ ਸਿਰਜਨਾ ਵਿਚ ਹਰਮਿੰਦਰ ਸਿੰਘ ਕੋਹਾਰਵਾਲਾ ਚਰਚਿਤ ਚਿਹਰਾ ਹੈ । ਨਾਮਵਰ ਅਖਬਾਰਾਂ ਵਿਚ ਉਸਦੇ ਕਾਵਿ ਕਾਲਮ ਲਿਛਲੇ ਲੰਮੇ ਸਮੇਂ ਤੋਂ ਪੜ੍ਹੇ ਜਾ ਰਹੇ ਹਨ । ਖਾਸ ਕਰਕੇ ਵਿਸ਼ੇਸ਼ ਡਬੀ ਵਿਚ ‘ਸ਼ਬਦ ਬਾਣ’ ਅਜੀਤ ਦੇ ਸੰਪਾਦਕੀ ਪੰਨੇ ਦਾ ਸ਼ਿੰਗਾਰ ਰਿਹਾ ਹੈ । ਪਾਠਕ ਰੀਝ ਨਾਲ ਪੜ੍ਹਦੇ ਰਹੇ ਹਨ । ਕੋਹਾਰਵਾਲਾ ਦੀਆਂ ਅੱਠ ਕਿਤਾਬਾਂ ਛਪ ਚੁਕੀਆਂ ਹਨ । ਜਿਂਨ੍ਹਾਂ ਵਿਚ ਚਾਰ ਗਜ਼ਲਾਂ ਦੀਆਂ ਹਨ । ਜਦ ਜ਼ਖਮ ਦਵਾਤ ਬਣੇ ,ਪੀੜਾਂ ਦੀ ਪਰਿਕਰਮਾ ,ਕਿਰਨਾਂ ਦੀ ਕਾਸ਼ਤ, “ਮੈਲੇ ਮੰਜ਼ਰ” ਚਰਚਾ ਵਿਚ ਰਹੀਆਂ ਹਨ । ਦੋ ਕਿਤਾਬਾਂ ਵਿਚ ਦੋਹੇ ਹਨ ।ਇਕ ਕਾਵਿ ਸੰਗ੍ਰਹਿ ਤੇ ਆਪਣੇ ਪਿੰਡ ਕੋਹਾਰਵਾਲਾ ਦੀ ਜਾਣਕਾਰੀ ਦੀ ਕਿਤਾਬ ਹੈ । ਇਸ ਕਿਤਾਬ ਦਾ ਤੁਆਰਫ ਡਾ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਕਰਾਇਆ ਹੈ ।
ਹਥਲੀ ਕਿਤਾਬ ਵਿਚ ਕੋਹਾਰਵਾਲਾ ਨੇ ਆਪਣੀ ਮਿਹਨਤ ਤੇ ਸਮਰਥਾ ਨਾਲ 50 ਪੰਜਾਬੀ ਸਾਹਿਤ ਵਿਚ ਨਾਮ ਕਮਾ ਚੁੱਕੇ ਤੇ ਨਵੇਂ ਕਲਮਕਾਰਾਂ ਦੇ ਕਾਵਿਕ ਰੂਪ ਵਿਚ ਸ਼ਬਦ ਚਿਤਰ ਲਿਖੇ ਹਨ । ਸਾਹਿਤਕਾਰਾਂ ਦੇ ਨਾਲ ਕੁਝ ਚਿਹਰੇ ਲੋਕ ਗਾਇਕ ,ਸਮਾਜ ਸੇਵੀ ਆਲ਼ੋਚਕ ਵਿਦਵਾਨ ,ਵਕਤਾ ,ਸੰਪਾਦਕ , ਗਲਪਕਾਰ, ਆਦਰਸ਼ ਅਧਿਆਪਕ , ਤਰਕਸੀਲ ਵਿਦਵਾਨ ਤੇ ਪੁਸਤਕ ਸਭਿਆਚਾਰ ਨਾਲ ਜੁੜੇ ਚਿਹਰੇ ਵੀ ਸ਼ੁਮਾਰ ਹਨ । ਜਿਨ੍ਹਾਂ ਵਿਚ 12 ਨਾਰੀਆਂ ਹਨ ।ਇਂਨ੍ਹਾਂ ਵਿਚ ਸ੍ਰੀ ਮਤੀ ਅਰਤਿੰਦਰ ਸੰਧੂ (ਸੰਪਾਦਕ ਏਕਮ ਮੈਗਜ਼ੀਨ ਤੇ ਸ਼ਾਂਇਰਾ) ਸਮਾਜ ਸੇਵੀ ਲੇਖਿਕਾ ਡਾ ਗੁਰਚਰਨ ਕੌਰ ਕੋਚਰ, ਸ਼ਬਦਾਂ ਦੀ ਸੁਲਤਾਨ ਡਾ ਸੁਲਤਾਨਾ ਬੇਗਮ , ਗੀਤਕਾਰ ਸੁਖਚਰਨਜੀਤ ਕੌਰ ਗਿਲ, ਸ਼ਾਂਇਰਾ ਕੁਲਵਿੰਦਰ ਕੰਵਲ ,ਡਾ ਸਿਮਰਤ ਸੁਮੇਰਾ , ਸ਼ਾਇਰਾ ਰਜਨੀ ਸ਼ਰਮਾ ,ਨਾਵਲਕਾਰ ਹਰਪਿੰਦਰ ਰਾਣਾ ,ਆਦਰਸ਼ ਅਧਿਆਪਕਾ ਪਰਮਜੀਤ ਕੌਰ ਸਰਾਂ, ਸ਼ਾਂਇਰਾ ਜਗਜੀਤ ਕੌਰ ਢਿੱਲਵਾਂ, ਕਵਿਤਰੀ ਅੰਜਨਾ ਮੈਨਨ ,ਸ਼ਾਇਰਾ ਅਨੰਤ ਗਿਲ ਹਨ । ਬਾਕੀ ਅਦਬੀ ਚਿਹਰਿਆਂ ਵਿਚ ਬਜ਼ੁਰਗ ਸ਼ਾਇਰ ਸਿਰੀ ਰਾਮ ਅਰਸ਼, ਮਹਿੰਦਰ ਸਾਥੀ ,ਗਿਆਨੀ ਗੁਰਦੇਵ ਸਿੰਘ, ਜ਼ੋਰਾ ਸਿੰਘ ਸੰਧੂ ,ਡਾ ਐਸ,ਤਰਸੇਮ ,ਹਰਕੋਮਲ ਬਰਿਆਰ ,ਡਾ ਤੇਜਵੰਤ ਮਾਨ ,ਬਲਬੀਰ ਸਿੰਘ ਸੈਣੀ,ਪ੍ਰੋ ਬ੍ਰਹਮਜਗਦੀਸ਼ ਸਿੰਘ ,ਡਾ ਜੋਗਿੰਦਰ ਸਿੰਘ ਨਿਰਾਲਾ, ਉਸਤਾਦ ਸ਼ਾਂਇਰ ਸੁਲਖਣ ਸਰਹੱਦੀ ,ਸੁਖਚਰਨ ਸਿੰਘ ਸਿਧੂ ,ਕਹਾਣੀਕਾਰ ਗੁਰਦਿਆਲ ਦਲਾਲ, ਸੁਰਿੰਦਰ ਕੈਲੇ ,ਜਗੀਰ ਸਧਰ ,ਸ਼ਾਂਇਰ ਨਿਰਮਲ ਦੱਤ , ਜਗਜੀਤ ਸਿੰਘ ਪਿਆਸਾ, ਖੋਜੀ ਨਾਵਲਕਾਰ ਮਿਤਰ ਸੈਨ ਮੀਤ ,ਜੀਤ ਸਿੰਘ ਸੰਧੂ ਨਾਵਲਕਾਰ ,ਸ਼ਾਇਰ ਗੁਰਦਿਆਲ ਰੌਸ਼ਨ ,ਨਾਵਲਕਾਰ ਜਸਪਾਲ ਮਾਨਖੇੜਾ ,ਅਮਰ ਸੂਫੀ ,ਡਾ ਹਰਜਿੰਦਰ ਸੂਰੇਵਾਲੀਆ,ਲੋਕ ਗਾਇਕ ਜਗਸੀਰ ਜੀਦਾ ,ਸੁਰਿੰਦਰ ਪ੍ਰੀਤ ਘਣੀਆ ,ਜਸਵੀਰ ਭਲੂਰੀਆ ,ਡਾ ਦਰਸ਼ਨ ਸਿਘ ਆਸ਼ਟ ,ਡਾ ਗੁਰਚਰਨ ਨੂਰਪੁਰ ,ਸ਼ਮਸ਼ੇਰ ਮੋਹੀ ,ਜਗਤਾਰ ਪੱਖੌ,ਸਤਪਾਲ ਭੀਖੀ ,ਖੁਸ਼ਵੰਤ ਬਰਗਾੜੀ ,ਸਮਾਜ ਸੇਵਕ ਉਦੇ ਰੰਦੇਵ ,ਕੁਲਦੀਪ ਬੰਗੀ ,ਡਾ ਦਵਿੰਦਰ ਸੈਫੀ ,ਕਹਾਣੀਕਾਰ ਜਤਿੰਦਰ ਹਾਂਸ ,ਗੁਰਮੀਤ ਖੌਖਰ, ਸ਼ਾਇਰ ਦੀਪਕ ਧਲੇਵਾਂ ਹਨ ।
ਕਿਤਾਬ ਵਿਚ ਇਹ ਸਾਰੀ ਤਰਤੀਬ ਜਨਮ ਮਿਤੀ ਅਨੁਸਾਰ ਹੈ ।ਮਿਸਾਲ ਵਜੌਂ ਪਹਿਲੇ ਅਦੀਬ ਸਿਰੀ ਰਾਮ ਅਰਸ਼ ਜਨਮ ਮਿਤੀ 15-12-1934 ਹੈ ਸਭ ਤੋਂ ਅਖੀਰ ਵਿਚ ਦੀਪਕ ਧਲੇਵਾਂ ਦੀ ਜਨਮ ਮਿਤੀ 15-06-1985 ਹੇ {ਇਸ ਵਿਚਕਾਰ ਪੰਜਾਹ ਸਾਲ ਦਾ ਫਰਕ ਹੈ ਤੇ ਅਦੀਬਾਂ ਦੀ ਗਿਣਤੀ ਵੀ ਪੰਜਾਹ ਹੈ । ਹਰੇਕ ਸ਼ਬਦ ਚਿਤਰ ਨਾਲ ਸ਼ਖਸੀਅਤ ਦੀ ਤਸਵੀਰ ਹੈ ਤੇ ਸੰਪਰਕ ਨੰਬਰ ਵੀ । ਜਿਸ ਵਿਧਾ ਵਿਚ ਅਦੀਬ ਦੀ ਪਛਾਂਣ ਹੈ ਉਹ ਉਸਦੇ ਨਾਮ ਨਾਲ ਲਿਖ ਦਿਤਾ ਹੈ ਜਿਵੇਂ ਪ੍ਰਬੁਧ ਸ਼ਾਇਰ ਸਿਰੀ ਰਾਮ ਅਰਸ਼ ,,ਤੇਜ਼ ਤਰਾਰ ਵਕਤਾ ਡਾ ਤੇਜਵੰਤ ਮਾਨ ,ਕਵੀ ਕਹਾਣੀਕਾਰ ਗੁਰਦਿਆਲ ਦਲਾਲ ਸੰਪਾਦਕ ਸ਼ਾਇਰ ਬਲਬੀਰ ਸਿੰਘ ਸੈਣੀ ,ਰੰਗੀਲਾ ਵਿਦਵਾਨ ਬ੍ਰਹਮਜਗਦੀਸ਼ ਸਿੰਘ, ਸੁਨਹਿਰੀ ਚੋਗ ਜਗਜੀਤ ਸਿੰਘ ਪਿਆਸਾ, ਬਾਲ ਸਾਹਿਤ ਦਾ ਸਮੁੰਦਰ ਡਾ ਦਰਸ਼ਨ ਸਿੰਘ ਆਸ਼ਟ ,ਪੁਸਤਕ ਸਭਿਆਚਾਰ ਦਾ ਦੂਤ ਖੁਸ਼ਵੰਤ ਬਰਗਾੜੀ ,ਸਰਸਵਤੀ ਦਾ ਜਾਇਆ ਡਾ ਦਵਿੰਦਰ ਸੈਫੀ , ਨਾਮਵਰ ਕਹਾਣੀਕਾਰ ਜਤਿੰਦਰ ਹਾਂਸ .। ਇਸ ਤਰਾ ਨਾਲ ਅਦੀਬ ਦੀ ਸ਼ਾਨ ਵੀ ਬਣੀ ਹੈ ਤੇ ਪਾਠਕ ਦੀ ਮਾਨਸਿਕਤਾ ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ। ।
ਦਸ ਬਾਰਾਂ ਦੋਹਿਆਂ ਵਿਚ ਹਰੇਕ ਅਦੀਬ ਦੀ ਸੰਖੇਪ ਜਾਣ ਪਛਾਂਣ ਹੋ ਜਾਂਦੀ ਹੇ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ । ਵਾਰਤਕ ਦੇ ਕਈ ਪੰਨਿਆ ਵਿਚ ਐਨੀ ਜਾਣ ਪਛਾਂਣ ਆਉੰਦੀ ਹੈ। ਪਰ ਕਾਵਿ ਰੂਪ ਵਿਚ ਸੰਖੇਪ ਵਿਚ ਅਦੀਬ ਬਾਰੇ ਜਾਣਿਆ ਜਾ ਸਕਦਾ ਹੈ ਇਹ ਸ਼ਾਇਰ ਹਰਮਿੰਦਰ ਕੋਹਾਰਵਾਲਾ ਦੀ ਕਲਾਤਮਿਕ ਪਹੁੰਚ ਹੈ ॥ ਕੋਹਾਰ ਵਾਲਾ ਨੇ ਇਸ ਲਈ ਅਦੀਬਾਂ ਨਾਲ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਹੈ । ਇਸ ਵਿਚ ਅਦੀਬ ਦੇ ਮਾਤਾ ਪਿਤਾ , ਰਿਹਾਇਸੀ ਸਥਾਨ ,ਸ਼ਬਦਾਂ ਨਾਲ ਸਾਂਝ ਕਿਵੇਂ ਪਈ ,ਨਾਵਲਕਲਾ /ਗੀਤਕਾਰੀ/ਗਲਪਕਾਰੀ / ,ਸ਼ਾਂਇਰੀ ਦਾ ਅੰਦਾਜ਼ ,ਤੇ ਹੋਰ ਬਹੁਤ ਕੁਝ ਪੜ੍ਹਿਆ ਜਾ ਸਕਦਾ ਹੈ । ਕੁਝ ਮਿਸਾਲਾਂ ਹਨ ।
---ਖੂਬ ਰਹੀ ਹੈ ਉਸ ਤੇ ,ਸਰਸਵਤੀ ਦੀ ਮਿਹਰ /ਲੁਟ ਲੈਂਦਾ ਹੈ ਮਹਿਫਲਾਂ ਜਦ ਕਹਿੰਦਾ ਹੈ ਸ਼ਿਅਰ (ਡਾ ਐਸ ਤਰਸੇਮ )
--ਦਿਲ ਹਮੇਸ਼ਾਂ ਧੜਕਦਾ ਹੈ ,ਪੁਸਤਕਾਂ ਵਿਚ ਓਸਦਾ/ਪੁਸਤਕਾਂ ਵਿੱਚ ,ਭਾਸ਼ਨਾਂ ਵਿੱਚ ਵਖੱਰੀ ਉਸਦੀ ਸ਼ਾਨ ਹੈ । (ਡਾ ਤੇਜਵੰਤ ਮਾਨ)
--ਸੂਲ ਸੁਰਾਹੀ ਨਾਲ ਹੈ ਉਸਦੀ ਬਣੀ ਪਛਾਣ /ਨਿਮਰ ਸੁਭਾਅ ਹੈ ਓਸਦਾ ਫੂੰ ਫਾਂ ਤੋ ਅਣਜਾਣ ।(ਬਲਬੀਰ ਸਿੰਘ ਸੈਣੀ )
---ਸ਼ੁਧ ਆਲ਼ੋਚਕ ਉਹ ਰਿਹਾ ,ਲਿਖੀ ਸਿਨਫ ਨਾ ਹੋਰ /ਮਿੱਠੀ ਕਰੇ ਆਲੋਚਨਾ ,ਲਿਖਦਾ ਤਿੱਖੀ ਤੋਰ । (ਪ੍ਰੋ ਬ੍ਰਹਮਜਗਦੀਸ਼ ਸਿੰਘ )
---ਮਾਣ ਰਹੇ ਪਰਵਾਸ ਹਨ ,ਪੰਜੇ ਧੀਆਂ ਪੁੱਤ। ਰਘਬੀਰ ਤੁਰੀ ਬੇਵਕਤ ਹੀ ,ਅਜੇ ਨਹੀ ਸੀ ਰੁੱਤ । (ਉਸਤਾਦ ਸ਼ਾਇਰ ਸੁੱਲਖਣ ਸਰਹੱਦੀ ),
---ਦੋਹੇ, ਗਜ਼ਲ, ਕਹਾਣੀਆਂ ,ਲਿਖਦਾ ਹੈ ਰੂਹ ਨਾਲ /ਗਰਮੀ ਕਟਦਾ ਬਾਹਰ ਉਹ , ਏਧਰ ਠੰਡ ਸਿਆਲ (ਗੁਦਿਆਲ ਦਲਾਲ )
---ਕਿੰਨੀਆ ਆਹੁਦੇਦਾਰੀਆ ਜੁੜੀਆਂ ਹਨ ਉਸ ਨਾਲ /ਤੋਰਾ ਫੇਰਾ ਕਰਦਿਆਂ ਰਖੇ ਸਿਹਤ ਸੰਭਾਲ (ਡਾ ਗੁਰਚਰਨ ਕੌਰ ਕੋਚਰ )
---ਛੇ ਨਾਵਲ ਜੋ ਉਸ ਲਿਖੇ ,ਬਣੇ ਸਾਹਿਤ ਦੀ ਸ਼ਾਨ /ਜਿੱਤੇ ਉਸ ਦੇ ਨਾਵਲਾਂ ਕਈ ਵਡੇ ਸਨਮਾਨ ( ਖੋਜੀ ਨਾਵਲਕਾਰ ਮਿਤਰ ਸੈਨ ਮੀਤ )
--ਪੰਜ ਛੇ ਨਾਵਲ ਲਿਖਣ ਤੱਕ ,ਉਕਾ ਸੀ ਗੁੰਮਨਾਮ ,ਛੁਪਿਆ ਰੁਸਤਮ ਹੁਣ ਨਹੀਂ ਹੁਣ ਤਾਂ ਚਰਚਾ ਆਮ (ਨਾਵਲਕਾਰ ਜੀਤ ਸਿੰਘ ਸੰਧੂ )
--ਉਸਦੇ ਸਭ ਸਿਖਿਆਰਥੀ ,ਕਰਦੇ ਹਨ ਸਤਿਕਾਰ ।ਵੱਡਾ ਬਣਦਾ ਉਹ ਨਹੀਂ ,ਰਹਿੰਦਾ ਬਣ ਕੇ ਯਾਰ ।(ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ )
--ਰੇਖਾ ਚਿਤਰ ਉਸ ਲਿਖ ,ਉਹ ਹਨ ਬਾਕਮਾਲ ।ਪਹਿਲੇ ਪੀਰਡ ਦੀ ਕਥਾ ,ਚੱਲੀ ਸੀ ਕੁਝ ਸਾਲ । (ਡਾ ਹਰਜਿੰਦਰ ਸੂਰੇਵਾਲੀਆ )
---ਮਾਸਟਰ ਹਿੰਦੀ ਦਾ ਰਿਹਾ ,ਕਰੀਆਂ ਐਮ ਏ ਚਾਰ । ਲੈ ਦੀਪਕ ਤੋਂ ਰੌਸ਼ਨੀ ,ਬਣਿਆ ਸਾਹਿਤਕਾਰ (ਸੁਰਿੰਦਰ ਪ੍ਰੀਤ ਘਣੀਆ )
--ਸਨਮਾਨਾਂ ਦੇ ਢੇਰ ਵਿਚ ,ਕੁਝ ਕੌਮੀ ਸਨਮਾਨ। ਬਾਲ ਸਾਹਿਤ ਵਿਚ ਚਮਕਦੇ ਇਹ ਵਧੀਆ ਇਨਸਾਨ । (ਬਾਲ ਸਾਹਿਤ ਦਾ ਸਮੁੰਦਰ ਡਾ ਦਰਸ਼ਨ ਸਿੰਘ ਆਸ਼ਟ )
---ਬਾਲ ਸਾਹਿਤ ਵੀ ਉਹ ਲਿਖੇ ,ਲਿਖਦੈ ਗਜ਼ਲਾਂ ਗੀਤ ।ਨਾਵਲ ਹੈ ਸੁਕਰਾਤ ਤੇ ਨਾਟਕ ਨਾਲ ਪ੍ਰੀਤ । (ਤਰਕਸੀਲ ਇਨਸਾਨ ਡਾ ਗੁਰਚਰਨ ਨੂਰਪੁਰ )
---ਲਾਈ ਗਿਲ ਸੁਰਜੀਤ ਨੇ ,ਉਸਨੂੰ ਸਾਹਿਤਕ ਜਾਗ । ਪੜ੍ਹਨ ਲਿਖਣ ਵਿਚ ਮਘਣ ਹੈ ਰਹਿੰਦੀ ਬਾਗੋ ਬਾਗ ।(ਟੁਟੇ ਖੰਭਾਂ ਵਾਲੀ ਨਾਵਲਕਾਰ ਹਰਪਿੰਦਰ ਰਾਣਾ )
---ਮਿਲੇ ਪਿਆਰ ਸਨਮਾਨ ਜੋ ,ਗਿਣਤੀ ਨਹੀ ਅਸਾਨ ।ਉਸਦੀ ਪੁਸਤਕ ਜਿੱਤਿਆ ‘ਢਾਹਾਂ’ਸਨਮਾਨ (ਨਾਮਵਰ ਕਹਾਣੀਕਾਰ ਜਤਿੰਦਰ ਹਾਂਸ )
ਇਹ ਉਪਰੋਕਤ ਟੂਕਾਂ ਚੌਲਾਂ ਦੀ ਦੇਗ ਵਿਚੋਂ ਕਿਣਕਾ ਮਾਤਰ ਹਨ ।ਇਂਨ੍ਹਾਂ ਅਦੀਬਾਂ ਬਾਰੇ ਵਧੇਰੇ ਜਾਣਕਾਰੀ ਲਈ ਪੁਸਤਕ ਦਾ ਅਧਿਐਨ ਜ਼ਰੂਰੀ ਹੈ ।
ਪੁਸਤਕ ਵਿਚ ਹਰਮਿੰਦਰ ਸਿੰਘ ਕੋਹਾਰਵਾਲਾ ਨੂੰ 15 ਨਾਮਵਰ ਸਾਹਿਤਕ ਸੰਸਥਾਵਾਂ ਵਲੋਂ ਮਿਲੇ ਸਨਮਾਨਾਂ ਦੀ ਲੰਮੀ ਸੂਚੀ (2009-2022) ਪੁਸਤਕ ਵਿਚ ਸ਼ਾਂਮਲ ਹੈ । ਵਧੀਆ ਦਿੱਖ ਵਾਲੀ ਇਸ ਵਡਮੁਲੀ ਕਿਤਾਬ ਨਾਲ ਸ਼ਾਇਰ ਕੋਹਾਰਵਾਲਾ ਦੇ ਸਾਹਿਤਕ ਕੱਦ ਵਿਚ ਹੋਰ ਵੀ ਵਾਧਾ ਹੋਇਆ ਹੈ । ਸ਼ਾਇਰ ਕੋਹਾਰਵਾਲਾ ਦੀ ਕਲਮ ਨੂੰ ਮੇਰਾ ਸਲਾਮ ! ਪੁਸਤਕ ਇਂਨ੍ਹਾਂ ਅਦੀਬਾਂ ਲਈ ਕੀਮਤੀ ਸੁਗਾਤ ਹੈ ਤੇ ਪੰਜਾਬੀ ਪਿਆਰਿਆਂ ਦੇ ਸਾਂਭਣ ਯੋਗ ਦਸਤਾਵੇਜ਼ ਵੀ । ਇਸ ਤਰਾਂ ਦੇ ਹੋਰ ਯਤਨ ਵੀ ਜਾਰੀ ਰਹਿਣੇ ਚਾਹੀਦੇ ਹਨ । ਪ੍ਰਕਾਸ਼ਕ ਨੇ ਰੀਝ ਨਾਲ ਪੇਪਰਬੈਕ ਕਿਤਾਬ ਦੀ ਚੰਗੀ ਦਿੱਖ ਬਨਾਈ ਹੈ । ਜਿਸ ਲਈ ਲੇਖਕ ਤੇ ਪ੍ਰਕਾਸ਼ਕ ਦੋਨੋ ਵਧਾਈ ਦੇ ਪਾਤਰ ਹਨ ।