ਮੇਰਾ ਛੋਟਾ ਬੇਟਾ ਪਵਨੂਰ ਅਜੇ ਛੇਆਂ ਵਰ੍ਹਿਆਂ ਦਾ ਵੀ ਨਹੀਂ ਹੋਇਆ ਪਰ ਇੱਲਤਾਂ; ਰਹਿ ਰੱਬ ਦਾ ਨਾਂਅ। ਉਸਦੀ ਮਾਂ ਪੰਜ - ਸੱਤ ਮਿੰਟ ਇੱਧਰ- ਉੱਧਰ ਹੋਈ ਨਹੀਂ ਕਿ ਘਰ ਵਿਚ ਬੈੱਡ ਦੀ ਚਾਦਰ, ਡਾਈਨਿੰਗ ਟੇਬਲ ਦਾ ਕੱਪੜਾ, ਫ਼ਰਿਜ਼ ਦਾ ਸਾਮਾਨ, ਬਾਥਰੂਮ ਦੀ ਸਾਬਣ ਅਤੇ ਤੋਲੀਏ। ਸਭ ਕੁਝ ਉਲਟ- ਪੁਲਟ ਹੋ ਜਾਂਦਾ ਹੈ। ਬਾਹਰੋਂ ਚੱਪਲਾਂ ਅਤੇ ਸੈਂਡਲ ਮਿੱਟੀ ਨਾਲ ਲਬੇੜ ਕੇ ਸਿੱਧਾ ਬਾਥਰੂਮ ਵਿੱਚ ਵੜ ਜਾਣਾ ਉਸਦਾ ਨਿੱਤ ਦਾ ਕੰਮ ਹੈ।
ਉਸਦੇ ਕਿਸੇ ਵੀ ਖਿਡੌਣੇ ਦਾ ਜੀਵਨ ਇੱਕ ਦਿਨ ਤੋਂ ਵੱਧ ਨਹੀਂ ਹੁੰਦਾ। ਪਵਨੂਰ ਦੇ ਸਕੂਲੋਂ ਆਉਣ ਮਗ਼ਰੋਂ ਉਸਦੇ ਖਿਡੌਣਿਆਂ ਵਿੱਚ ਉਸਦੀ ਘੜੀ, ਕਾਰ, ਸਕੂਟਰ, ਟੀਵੀ ਦਾ ਰਿਮੋਟ ਅਤੇ ਆਪਣੀ ਮਾਂ ਦੇ ਮੇਕਅੱਪ ਦਾ ਸਾਮਾਨ; ਘਰ ਵਿੱਚ ਥਾਂ – ਥਾਂ ’ਤੇ ਖਿੱਲਰਿਆ ਹੋਣਾ ਆਮ ਜਿਹੀ ਗੱਲ ਹੈ।
ਵੱਡੇ ਬੇਟੇ ਅਸ਼ਨੂਰ ਨਾਲ ਗੁੱਥਮ- ਗੁੱਥਾ / ਗੁੱਸੇ ਹੋਣਾ ਅਤੇ ਉਸਦੀਆਂ ਸਿ਼ਕਾਇਤਾਂ ਲਗਾਉਣੀਆਂ ਕੋਈ ਨਵੀਂ ਗੱਲ ਨਹੀਂ ਹੈ। ਉੱਤੋਂ ਦੋਹਾਂ ਬੱਚਿਆਂ ਦੀਆਂ ਦਲੀਲਾਂ ਸੁਣ ਕੇ ‘ਕਸੂਰਵਾਰ’ ਬੱਚਾ ਲੱਭਣਾ ਮੇਰੇ ਲਈ ਅਕਸਰ ਹੀ ਅਸੰਭਵ ਕਾਰਜ ਹੁੰਦਾ ਹੈ। ਇਸ ਲਈ ਮੈਂ ਉਹਨਾਂ ਦੇ ਨਿੱਤ ਦੇ ਝਗੜੇ ਨੂੰ ਸੁਲਝਾਉਣ ਦੇ ਮਸਲੇ ਵਿਚ ਪੈਂਦਾ ਹੀ ਨਹੀਂ।
ਉਹਨਾਂ ਦੀ ਮਾਂ ਬਹੁਤ ਗੁੱਸਾ ਕਰਦੀ ਹੈ/ ਝਿੜਕਦੀ ਹੈ/ ਕਲਪਦੀ ਹੈ ਅਤੇ ਕਦੇ- ਕਦਾਈਂ ਮੈਨੂੰ ਵੀ ਕਹਿੰਦੀ ਹੈ ਕਿ ਤੁਸੀਂ ਕੁਝ ਆਖਦੇ ਨਹੀਂ / ਝਿੜਕਦੇ ਨਹੀਂ। ਦੋਹਾਂ ਬੱਚਿਆਂ ਨੂੰ ਸਿਰ ’ਤੇ ਚੜ੍ਹਾਇਆ ਹੋਇਆ ਹੈ।
ਪਰ, ਮੈਨੂੰ ਇਹ ਸਭ ਕੁਝ ਚੰਗਾ ਲੱਗਦਾ ਹੈ। ਇਹੀ ਉਮਰ ਇੱਲਤਾਂ / ਸ਼ਰਾਰਤਾਂ ਕਰਨ ਦੀ ਹੈ। ਫੇਰ ਤਾਂ ਘਰ ਸੁੰਨਸਾਨ ਪਏ ਰਹਿੰਦੇ; ਮੈਂ ਅੱਖੀਂ ਦੇਖੇ ਹਨ। ਘਰਾਂ ਵਿੱਚ ਬੈੱਡਾਂ ’ਤੇ ਚਾਦਰਾਂ ਵਿਛੀਆਂ ਰਹਿੰਦੀਆਂ ਹਨ। ਡਾਈਨਿੰਗ ਟੇਬਲ ਖ਼ਾਲੀ ਪਏ ਰਹਿੰਦੇ ਹਨ। ਬਾਥਰੂਮ ਸਾਫ਼- ਸੁੱਥਰੇ, ਲਿਸ਼ਕਦੇ ਰਹਿੰਦੇ ਹਨ।
ਬੱਚੇ ਵੱਡੇ ਕੀ ਹੁੰਦੇ ਹਨ ਸਭ ਹਾਸੇ, ਗੁੱਸੇ, ਰੋਸੇ, ਇੱਲਤਾਂ, ਸਿ਼ਕਾਇਤਾਂ, ਰੌਣਕਾਂ ਸਭ ਕੁਝ ਖੰਭ ਲਾ ਕੇ ਉੱਡ – ਪੁੱਡ ਜਾਂਦੀਆਂ ਹਨ। ਫਿਰ ਅਸੀਂ ਰੌਲੇ- ਰੱਪੇ ਨੂੰ ਤਰਸਦੇ ਹਾਂ। ਪਰ ਉਦੋਂ ਤੱਕ ਘਰ ਦੀਆਂ ਕੰਧਾਂ ਲੰਮੀ ਚੁੱਪ ਧਾਰ ਲੈਂਦੀਆਂ ਹਨ। ਫੇਰ ਸਾਡੇ ਕੰਨ ਸਿ਼ਕਾਇਤਾਂ ਸੁਣਨ ਨੂੰ ਤਰਸ ਜਾਂਦੇ ਹਨ। ਫੇਰ ਅਸੀਂ ਘਰ ਦੀ ਸਾਫ਼ - ਸਫ਼ਾਈ ਤੋਂ ਅੱਕ ਜਾਂਦੇ ਹਾਂ।
ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਉਹ ਆਪਣੇ ਮਾਂ - ਬਾਪ ਨਾਲ ਗੱਲਾਂ ਕਰਨਾ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ, ਹੱਸਣਾ ਚਾਹੁੰਦੇ ਹਨ ਪਰ ਮਾਂ – ਬਾਪ ਆਪਣੇ ਕੰਮਾਂ - ਕਾਰਾਂ ਵਿਚ ਮਸ਼ਰੂਫ਼ ਹੁੰਦੇ ਹਨ / ਮੋਬਾਈਲ ਫ਼ੋਨਾਂ ਵਿੱਚ ਮਸ਼ਰੂਫ਼ ਹੁੰਦੇ ਹਨ। ਸਮਾਂ ਲੰਘਣ ਮਗ਼ਰੋਂ ਮਾਂ – ਬਾਪ ਆਪਣੇ ਬੱਚਿਆਂ ਨਾਲ ਗੱਲਾਂ ਕਰਨਾ ਚਾਹੁੰਦੇ ਹਨ / ਖੇਡਣਾ ਚਾਹੁੰਦੇ ਹਨ / ਹੱਸਣਾ ਚਾਹੁੰਦੇ ਹਨ ਤਾਂ ਉਦੋਂ ਬੱਚਿਆਂ ਕੋਲ ਵਕਤ ਨਹੀਂ ਹੁੰਦਾ। ਉਹ ਪੜ੍ਹਨ - ਪੜ੍ਹਾਉਣ ਵਿਚ ਮਸ਼ਰੂਫ਼ ਹੋ ਜਾਂਦੇ ਹਨ / ਦੂਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਖ਼ੈਰ,
ਇਹ ਤਾਂ ਜਿ਼ੰਦਗੀ ਦੀ ਤਲਖ਼ ਹਕੀਕਤ ਹੈ। ਜਿਹੜਾ ਅੱਜ ਬੱਚਾ ਹੈ ਕੱਲ੍ਹ ਨੂੰ ਉਸਨੇ ਜਵਾਨ ਵੀ ਹੋਣਾ ਹੈ। ਜਿਹੜਾ ਜਵਾਨ ਹੈ ਉਸਨੇ ਬਜ਼ੁਰਗ ਹੋਣਾ ਹੈ। ਵਕਤ ਦਾ ਪਹੀਆ ਕਦੇ ਕਿਸੇ ਲਈ ਨਹੀਂ ਰੁਕਦਾ। ਪਰ, ਜਿਸ ਬੰਦੇ ਨੇ ਵਕਤ ਦੇ ਨਾਲ ਤੁਰਨਾ ਸਿੱਖ ਲਿਆ / ਸਹੀ ਅਰਥਾਂ ਵਿਚ ਉਹੀ ਸੂਝਵਾਨ ਮਨੁੱਖ ਹੈ/ ਸਿਆਣਾ ਮਨੁੱਖ ਹੈ।
ਅੱਜ ਤੁਹਾਡੇ ਘਰ ਖ਼ੁਸ਼ੀਆਂ / ਖੇੜੇ / ਹਾਸੇ / ਰੋਸੇ / ਇੱਲਤਾਂ / ਸਿ਼ਕਾਇਤਾਂ; ਸਭ ਕੁਝ ਹੈ ਪਰ ਤੁਸੀਂ ਖੁਦ ਗ਼ੈਰ ਹਾਜ਼ਰ ਹੋ। ਜਦੋਂ ਤੱਕ ਤੁਸੀਂ ਹਾਜ਼ਰ ਹੋਵੋਗੇ/ ਵਾਪਸ ਮੁੜੋਗੇ ਉਦੋਂ ਤੱਕ ਇਹ ਰੱਬੀ ਨਿਆਮਤਾਂ ਗ਼ੈਰ ਹਾਜ਼ਰ ਹੋ ਜਾਣਗੀਆਂ / ਖੰਭ ਲਾ ਕੇ ਉੱਡ - ਪੁੱਡ ਜਾਣਗੀਆਂ।
ਸੋ ਦੋਸਤੋ, ਜਿ਼ੰਦਗੀ ਵਿਚ ਵਰਤਮਾਨ ਸਮੇਂ ਦੀ ਕਦਰ ਕਰੋ। ਆਪਣੇ ਘਰ - ਪਰਿਵਾਰ ਨੂੰ ਵਕਤ ਦਿੰਦੇ ਰਹੋ। ਹੱਸੋ, ਖੇਡੋ ਅਤੇ ਜਿ਼ੰਦਗੀ ਦੀਆਂ ਖੱਟੀਆਂ - ਮਿੱਠੀਆਂ ਯਾਦਾਂ ਨੂੰ ਆਪਣੇ ਜਿ਼ਹਨ / ਮਨ ’ਚ ਸਾਂਭ ਲਵੋ ਤਾਂ ਕਿ ਬੁਢਾਪੇ ਵਿਚ ਇਹ ਯਾਦਾਂ; ਸੁਨਹਿਰੀ ਸਮੇਂ ਦੀ ਯਾਦ ਦੁਆਉਂਦੀਆਂ ਰਹਿਣ। ਗ਼ਜ਼਼ਲ ਦੇ ਇੱਕ ਸ਼ੇਅਰ ਨਾਲ ਗੱਲ ਖ਼ਤਮ ਕਰਦੇ ਹਾਂ;
ਰੌਲੇ ਰੱਪੇ ਤੇਰੇ ਘਰ ਦੀ ਕਿਸਮਤ ਹੈ
ਚੁੱਪਾਂ ਆ ਕੇ ਵੇਖ ਕਦੇ ਸ਼ਮਸ਼ਾਨ ਦੀਆਂ।