ਚੌਧਰ ਦੇ ਲੱਗ ਜਾਂਦੇ, ਜਿਨ੍ਹਾਂ ਤਾਈ ਪੰਖ ਨੇ,
ਦੇਸ਼ ਅਤੇ ਕੌਮ ਲਈ, ਉਹ ਬਣਦੇ ਕਲੰਕ ਨੇ।
ਭੋਲੇ-ਭਾਲੇ ਲੋਕ ਖ਼ੁਦ, ਦਰਦ ਹੰਢਾਉਂਦੇ ਨੇ,
ਆਪਣੇ ਹਿੱਸੇ ਦੀ ਰੋਟੀ, ਇਨ੍ਹਾਂ ਨੂੰ ਖੁਆਉਂਦੇ ਨੇ,
ਜਿਨ੍ਹਾਂ ਦੇ ਪੜ੍ਹਾਈ ਵਿੱਚ ਜ਼ੀਰੋ ਹੁੰਦੇ ਅੰਕ ਨੇ..
ਦੇਸ਼ ਅਤੇ ਕੌਮ ਲਈ, ਉਹ ਬਣਦੇ ਕਲੰਕ ਨੇ..
ਵਿੱਦਿਆ ਨੂੰ ਡਾਂਗਾ ਤੇ ਅਵਿੱਦਿਆ ਦੀ ਝੰਡੀ ਏ,
ਭਾਰਤ ਦੇ ਵਿੱਚੋਂ ਤਾਂ, ਨਿਆਂ ਵੀ ਹੋਇਆ ਡੰਡੀ ਏ,
ਵਿਹਲੜ ਨੇ ਰਾਜੇ ਅਤੇ ਮਿਹਨਤੀ ਹੋਏ ਰੰਕ ਨੇ,
ਦੇਸ਼ ਅਤੇ ਕੌਮ ਲਈ, ਉਹ ਬਣਦੇ ਕਲੰਕ ਨੇ..
ਦੇਸ਼ ’ਚ ਗਰੀਬਾਂ ਦਾ, ਕੋਈ ਚੱਲਦਾ ਨ੍ਹੀਂ ਜ਼ੋਰ ਏ,
ਜਿਹਨੂੰ ਵੀ ਥਮਾਇਆ ਰਾਜ, ਨਿਕਲਿਆ ਚੋਰ ਏ,
ਸਕੂਲ ’ਚੋ ਨਿਆਣੇ ਵਾਂਗੂੰ, ਨਿਆਂ ਨੇ ਮਾਰੇ ਬੰਕ ਨੇ..
ਦੇਸ਼ ਅਤੇ ਕੌਮ ਲਈ, ਉਹ ਬਣਦੇ ਕਲੰਕ ਨੇ..
ਵੀ ਆਈ ਪੀ ਦਾ ਢਗਿਆਂ ਨੂੰ ਲੇਬਲ ਲਗਾ ਦਿੱਤਾ,
ਨਿਆਂ ਤੇ ਕਾਨੂੰਨ ਵਾਲਾ, ਭੱਠਾ ਈ ਬਿਠਾ ਦਿੱਤਾ,
ਪਰਸ਼ੋਤਮ ਸਰੋਏ ਦੇ ਇਨ੍ਹਾਂ ਨਾਗ਼ਾਂ ਮਾਰੇ ਡੰਕ ਨੇ,
ਦੇਸ਼ ਅਤੇ ਕੌਮ ਲਈ, ਉਹ ਬਣਦੇ ਕਲੰਕ ਨੇ..