ਪੁਸਤਕ --------ਅਸਲੀ ਮੋਗਾ
ਲੇਖਕ ----ਜੋਧ ਸਿੰਘ ਮੋਗਾ
ਪ੍ਰਕਾਸ਼ਕ ----ਚੇਤਨਾ ਪ੍ਰਕਾਸ਼ਂਨ ਲੁਧਿਆਣਾ
ਪੰਨੇ -----182 ਮੁੱਲ -----300 ਰੁਪਏ
ਜੋਧ ਸਿੰਘ ਮੋਗਾ ਲੰਮੇਂ ਤੋਂ ਮੋਗੇ ਦਾ ਸ਼ਹਿਰੀ ਹੈ । ਬਚਪਨ ਤੋਂ ਹੁਣ ਤਕ ਉਹ 95 ਬਹਾਰਾਂ ਮਾਣ ਚੁਕਾ ਹੈ । ਸ਼ਹਿਰ ਦੀ ਨਾਮਵਰ ਸ਼ਖਸੀਅਤਤ ਅਤੇ ਸੀਨੀਅਰ ਸਿਟਿਜ਼ਨ ਹੈ। ਸ਼ਹਿਰ ਮੋਗੇ ਦੀ ਰਗ ਰਗ ਤੋਂ ਵਾਕਫ ਹੈ । ਮੋਗੇ ਦੀ ਇਸ ਤੋਂ ਪਹਿਲਾਂ ਕੋਈ ਐਨੀ ਜਾਣਕਾਰੀ ਦੇਣ ਵਾਲੀ ਕਿਤਾਬ ਨਹੀ ਪੜ੍ਹੀ ਗਈ । ਇਸ ਕਿਤਾਬ ਤੋਂ ਪਹਿਲਾਂ ਜੋਧ ਸਿੰਘ ਮੋਗਾ ਦੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਹਨ ।ਤਰਕਸ਼ੀਲ ਤੇ ਵਿਗਿਆਨਕ ਵਿਚਾਰਾਂ ਵਾਲੀ ਉਸਦੀ ਕਿਤਾਬ ਕਿਉਂ ਅਤੇ ਕਿਵੇਂ ਪਿਛੇ ਜਿਹੇ ਅਖਬਾਰਾਂ ਵਿਚ ਚਰਚਿਤ ਰਹੀ ਹੈ ।‘ ਰੰਗ ਬਰੰਗੀਆਂ’ ਕਿਤਾਬ ਨੇ ਵੀ ਬਹੁਤ ਨਾਮਣਾ ਖਟਿਆ ਸੀ ।‘ ਤੁਹਾਡੇ ਵਾਸਤੇ’ ਤੇ’ ਮਾਲੀ ਹਥ ਪਨੀਰੀ’ ਹੋਰ ਕਿਤਾਬਾਂ ਛਪ ਚੁਕੀਆਂ ਹਨ । ਵਡਾ ।ਪਾਠਕ ਵਰਗ ਹੋਣ ਕਰਕੇ ਉਸਦੀਆਂ ਕਿਤਾਬਾਂ ਗਰਮ ਪਕੋੜਿਆ ਵਾਂਗ ਹੱਥੋ ਹੱਥ ਨਿਕਲ ਜਾਂਦੀਆਂ ਹਨ । ਇਹ ਖੋਜਮਈ ਕਿਤਾਬ ਉਸਦੀ ਪੰਜਵੀਂ ਕਿਤਾਬ ਹੈ ਜਿਸ ਵਿਚ ਮੋਗੇ ਦੀ ਸੈਰ ਲੇਖਕ ਨੇ ਕਰਵਾਈ ਹੈ । ਆਓ ਵੇਖੀਏ ਜੋਧ ਸਿੰਘ ਮੋਗਾ ਆਪਣੇ ਪਿਆਰੇ ਸ਼ਹਿਰ ਤੇ ਜਨਮ ਭੂਮੀ ਦੀ ਸੈਰ ਕਰਾਉਣ ਵੇਲੇ ਕਿਥੇ ਕਿਥੇ ਲਿਜਾਂਦਾ ਹੈ । ਸੈਰ ਲੰਮੀ ਹੈ ਪਰ ਥਕੇਵਾਂ ਨਹੀ ਹੁੰਦਾ । ਇਹ ਲੇਖਕ ਦੀ ਮਿਕਨਾਤੀਸੀ ਸ਼ੈਲੀ ਦਾ ਕਮਾਲ; ਹੈ । ਪੰਜਾਬੀ ਹਾਸ ਵਿਅੰਗ ਸਮਰਾਟ ਕੇ ਐਲ ਗਰਗ ਨੇ ਭੂਮਿਕਾ ਵਿਚ ਲਿਖਿਆ ਹੈ –ਉਹ ਮੋਗੇ ਬਾਰੇ ਇਉਂ ਗਲਾਂ ਕਰਦਾ ਹੈ ਜਿਵੇਂ ਮੋਗਾ ਉਸਦਾ ਕੋਈ ਨੇੜਲਾ ਭਾਈਬੰਦ ਜਾ ਯਾਂਰ ਮਿੱਤਰ ਰਿਹਾ ਹੋਵੇ । ਕੇ ਐਲ ਗਰਗ ਨੇ ਜੋਧ ਸਿੰਘ ਮੋਗਾ ਨੂੰ ਮੋਗੇ ਦਾ ਇਨਸਾਈਕਲੋਪੀਡੀਆ ਕਿਹਾ ਹੈ । ਪੁਸਤਕ ਲੇਖਕ ਕਈ ਸਾਲ ਕਲਾ ਅਧਿਆਪਕ ਰਿਹਾ ਹੈ। ਸੇਵਾ ਮੁਕਤੀ ਪਿਛੋਂ ਵੀ ਉਸਨੇ ਕਲਾ ਨਾਲ ਯਾਂਰੀ ਨਿਭਾਈ ਹੈ ।ਉਸਦੀਆ ਅਨੇਕਾਂ ਕਲਾ ਕਿਰਤੀਆਂ ਨੂੰ ਮਾਨ ਸਨਮਾਨ ਮਿਲਿਆ ਹੈ । ਉਹ ਮੋਗੇ ਨੂੰ ‘ਮੋਗਾ ਚਾਹ ਜੋਗਾ’ ਨਹੀਂ ਆਖਦਾ ਸਗੋਂ ਜਦੋਂ ਵੀ ਮੋਗੇ ਦੀ ਗਲ ਕਰਦਾ ਹੈ ਤਾਂ ਬੜੇ ਹੀ ਇਹਤਰਾਮ ਅਤੇ ਮੁਹਬਤ ਨਾਲ ਗੱਲ ਕਰਦਾ ਹੈ । ਉਸਨੇ ਮੋਗੇ ਦੀ ਹਰੇਕ ਗਲੀ, ਬਜ਼ਾਰ ,ਦਫਤਰ ,ਸਕੂਲ, ਕਾਲਜ , ਹਸਪਤਾਲ , ਗੁਰਦੁਆਰੇ ,ਮੰਦਰ ਕਬਰਾਂ , ਤੀਆ, ਬਸ ਅਡੇ,ਲਾਰੀਆਂ, ਟੈਪੂ ਸਟੈਂਡ , ਰੇਲਵੇ ਸਟੇਸ਼ਨ( ਟੇਛਨ ਮੋਗਾ ) ਸਿਨਮੇ ,ਦਾਰੂ ਪੀਣ ਵਾਲਿਆ ਦਾ ਅਤਾ ਪਤਾ , ਮੋਗੇ ਦੀਆਂ ਚੁੰਗੀਆਂ, ਕਮੇਟੀ ਘਰ ,ਡਾਕਖਾਨਾ , ਹਾਸਾ ਵੰਡਦੇ ਸਾਹਿਤਕਾਰ , ਗੰਦਾ ਨਾਲਾ ਮੋਗੇ ਦਾ , ਮੋਗੇ ਦੇ ਸਿਆਸਤਦਾਨ ,ਹਕੀਮ ਲੋਕ , ਬੱਕਰੀਆਂ ਪਾਲਣ ਵਾਲੇ ,ਬੱਕਰੀ ਦੇ ਦੁਧ ਵੇਚਣ ਵਾਲੇ ਆਜੜੀ , ਮੋਗੇ ਦੀ ਪ੍ਰਸਿਧ ਮਸੀਤ , ਮੋਗੇ ਦੇ ਟਾਂਗੇ , ਤੇ ਹੋਰ ਬਹੁਤ ਕੁਝ ਕਿਤਾਬ ਵਿਚ ਇਕ ਖੋਜੀ ਵਾਂਗ ਲਿਖ ਕੇ ਮੋਗੇ ਦੀ ਬਹੁਪਖੀ ਜਾਣਕਾਰੀ ਦਿਤੀ ਹੈ । ਲੇਖਕ ਨੇ ਇਸ ਦਿਸ਼ਾ ਵਿਚ ਬਾਕਮਾਲ ਮਿਹਨਤ ਕੀਤੀ ਹੈ । ਕਿਤਾਬ ਦੇ ਕੁੱਲ 75 ਕਾਂਡ ਹਨ । ਇਂਨ੍ਹਾਂ ਵਿਚ ਉਪਰੋਕਤ ਸਾਰਾ ਕੁਝ ਹੈ। ਲੇਖ ਛੌਟੇ ਛੋਟੇ ਹਨ ।ਬਹੁਤੇ ਵਡੇ ਆਕਾਰ ਦੇ ਨਹੀ ਹਨ । ਪੜ੍ਹਦੇ ਹੋਏ ਸਕੂਨ, ਕਥਾ ਰਸ, ਬੀਤੇ ਸਮੇਂ ਦੀ ਜਾਣਕਾਰੀ ਤੇ ਮੁਹਬਤ ਦਾ ਆਨੰਦ ਮਿਲਦਾ ਹੈ । ਕਿਤਾਬ ਪੜ੍ਹਂ ਤੇ ਇਸ ਤਰਾ ਲਗਦਾ ਹੈ ਜਿਵੇ ਲੇਖਕ , ਪਾਠਕ ਦੀ ਉਂਗਲ ਪਕੜ ਕੇ ਕਹਿ ਰਿਹਾ ਹੋਵੇ ਆਓ ਹੁਣ ਆਪਾਂ ਆਰੀਆ ਸਕੂਲ ਵੇਖਦੇ ----ਆਓ ਮਿਤਰੇ ਬੱਸ ਅਡੇ ਵਲ ਵੀ ਹੋ ਆਈਏ---- । ਲਓ ਮੋਗੇ ਦੇ ਹਾਸਰਸ ਸਾਹਿਤਕਾਰਾਂ ਨੂੰ ਮਿਲ ਲਈਏ ।---- ਲਗਦੇ ਹਥ ਟਾਂਗਿਆਂ ਵਾਲਿਆਂ ਦੀ ਵੀ ਸਾਰ ਲੈ ਲਈਏ ।ਜੇ ਕੋਟਕਪੂਰਾ ਸੜਕ ਦੀ ਗਲ ਕੀਤੀ ਹੈ ਤਾ ਇਸ ਸੜਕ ਤੇ ਬਣੀਆਂ ਵਰਕਸ਼ਾਂਪਾਂ, ਖੂਹ ਤੇ ਕੋਠੈ , ਹਨ ।ਜਦੋਂ ਸਭ ਕੁਝ ਵੇਖ ਲਿਆ ਤਾਂ ਲੇਖਕ ਮੁਹਬਤ ਨਾਲ ਕਹਿੰਦਾ ਹੈ ਆਓ ਹੁਣ ਡਾ ਨਵਰਾਜ ਸਿੰਘ ਦੀ ਕੋਠੀ ਬੈਠ ਕੇ ਚਾਹ ਪੀ ਲੈਂਦੇ ਹਾਂ । ਕੋਠੀ ਸੜ਼ਕ ਤੇ ਹੀ ਹੈ। ਇੰਝ ਲੇਖਕ ਡਾ ਨਵਰਾਜ ਸਿੰਘ ਦੀ ਕੋਠੀ ਬਾਰੇ ਅਛੋਪਲੇ ਜਿਹੇ ਦਸ ਦਿੰਦਾ ਹੈ ਕਿ ਡਾ ਨਵਰਾਜ ਸਿੰਘ ਜੀ ਕੋਟਕਪੂਰਾ ਰੋਡ ਤੇ ਰਹਿੰਦੇ ਹਨ ।
ਕਿਤਾਬ ਨੂੰ ਅਸਲੀ ਮੋਗਾ ਲੇਖਕ ਇਸ ਲਈ ਕਹਿੰਦਾ ਹੈ ਕਿ ਪੁਰਾਣਾ ਮੋਗਾ ਤੇ ਪੁਰਾਣੇ ਮੋਗੇ ਦੇ ਰਸਮੋ ਰਿਵਾਜ ,ਸਭਿਆਚਾਰ ਭਾਈਚਾਰਾ, ਅਹਿਮ ਸ਼ਖਸੀਅਤਾਂ , ਬਚਪਨ ਵਿਚ ਮਾਣੀਆ ਖੁਲ੍ਹਾਂ, ਬਚਪਨ ਦੇ ਆੜੀ , ਮਿਸ਼ਨ ਸਕੂਲ ,ਮੋਗੇ ਦਾ ਪੁਰਾਣਾ ਪੇਂਟਰ ਪਿਆਰਾ ਲਾਲ ,ਗਿਆਨੀ ਸੁਚਾ ਸਿੰਘ ਦੀ ਮੁਹਬਤ , ਚੌਧਰੀ ਸੁਚੇਤ ਸਿੰਘ (ਇਕ ਸੀ ਚੌਧਰੀ ਸੁਚੇਤ ਸਿੰਘ (ਪੰਨਾ 132 -134 ) ਬਾਬਾ ਮਲ ਸਿੰਘ ਦੇ ਗੁਰਦੁਆਰੇ ਵਿਚ ਬੀਤਿਆ ਬਚਪਨ , ਮੋਗੇ ਦੀਆਂ ਡਬਲ ਰੋਟੀਆ ਤੇ ਡਬਲ ਰੋਟੀ ਵੇਚਣ ਵਾਲੇ ਸਾਧਾਂਰਨ ਪਾਤਰ ,ਲੋਕ ਹਿਤੈਸ਼ੀ ਜਿਉੜੇ ਕਿਤਾਬ ਵਿਚ ਵੇਖੇ ਮਾਣੇ ਜਾ ਸਕਦੇ ਹਨ । ਅਸਲ ਵਿਚ ਬਚਪਨ ਵਿਚ ਮਿਲੀ ਮੁਹੱਬਤ ਸਦੀਵੀ ਹੈ। ਮੁਹੱਬਤ ਖਾਸ ਕਰਕੇ ਪੁਰਾਣੇ ਪੰਜਾਬ ਦੀ ਤਸਵੀਰ ਇਹੋ ਜਿਹੀ ਹੈ ਕਿ ਉਹ ਕਦੇ ਭੁਲ ਨ੍ਹੀ ਸਕਦੀ।
ਹਰ ਬਜ਼ੁਰਗ ਬੰਦੇ ਨੂੰ ਬਚਪੋਨ ਯਾਦ ਹੈ । ਇਤਿਹਾਸਕ ਸੰਨ ਸੰਤਾਲੀ ਤਾਂ ਲੇਖਕ ਨੂੰ ਕਲ੍ਹ ਵਾਂਗ ਯਾਂਦ ਹੈ। ਇਸ ਲਈ ਕਿਤਾਬ ਵਿਚ ਮੋਗੇ ਦੇ ਜ਼ਿਕਰ ਹੋਣ ਦੇ ਨਾਲ ਨਾਲ ਪੁਰਾਣੇ ਪੰਜਾਬ ਨੂੰ ਲੇਖਕ ਯਾਦ ਕਰਦਾ ਹੈ। ਕਿਤਾਬ ਸਿਮ੍ਰਤੀਆਂ ਦਾ ਗਹਿਰਾ ਮੁਜਸਮਾ ਹੈ । ਸੋਨੇ ਤੇ ਸੁਹਾਗਾ ਇਹ ਹੈ ਕਿ ਇਹ ਸਾਰਾ ਬਿਰਤਾਂਤ ਰਸਮਈ ਹੈ । ਗਲਾਂ ਵਿਚੋਂ ਗਲ ਤੁਰਦੀ ਹੈ । ਸਹਿਜ ਬਿਰਤਾਂਤ ਹੈ ।ਵਾਰਤਕ ਵਿਚ ਕੁਦਰਤੀ ਵਹਾਓ ਹੈ । ਕਥਾ ਰਸ ਭਰਪੂਰ ਹੈ । ਕਿਤਾਬ ਦਾ ਆਂਨੰਦ ਬਜ਼ੁਰਗ ਪਾਠਕਾਂ ਨੂੰ ਵਧੇਰੇ ਮਿਲਦਾ ਹੈ । ਕਿਉਂ ਕਿ ਉਹ ਇਸ ਕਿਤਾਬ ਨੂੰ ਪੜ੍ਹ ਕੇ ਆਪਣਾ ਬਚਪਨ ਯਾਂਦ ਕਰਕੇ ਬੀਤੇ ਸਮੇਂ ਨਾਲ ਜੁੜ ਜਾਂਦੇ ਹਨ ।ਕਈ ਥਾ ਕਿਤਾਬ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਬੈਠੈ ਹਨ । ਖਾਸ ਕਰਕੇ ਮੁਸਲਮਾਨੀ ਤਿਉਹਾਰ ਤਾਜ਼ੀਏ /ਮੁਹਰਮ (ਪੰਨਾ 144 ) ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਹੈ ।ਕਿਸ ਤਰਾ ਮੁਸਲਮਾਨ ਹਸਨ ਹੁਸੈਨ ਦੌ ਯਾਦ ਵਿਚ ਇਕਠੈ ਹੋ ਕੇ ਮੋਗੇ ਵਿਚ ਤਾਜ਼ੀਏ ਕਢਿਆ ਕਰਦੇ ਸੀ। ਲੇਖਕ ਨੂੰ ਇਹ ਦ੍ਰਿਸ਼ ਕਲ੍ਹ ਵਾਂਗ ਯਾਂਦ ਹੈ । ਮੋਗੇ ਦੀਆ ਤੀਆਂ, ਮੋਗੇ ਦੀ ਲੋਹੜੀ, ਮੋਗੇ ਦੇ ਡਾਕਟਰ , ਫੋਜੀ ਹਲਵਾਈ ਦੇ ਜਲੇਬ ,ਮੋਗੇ ਦੀ ਫੌਟੋਗਰਾਫੀ ,ਮੋਗੇ ਦਾ ਗੰਦਾ ਨਾਲਾ, ਮੋਗੇ ਦੇ ਅਖਬਾਰ ਵਿਕਰੇਤਾ , ਪਹਿਲੇ ਸਮਿਆਂ ਵਿਚ ਉਰਦੂ ਅਖਬਾਰਾਂ ਦੀ ਵਿਕਰੀ ਜ਼ਿਆਦਾ ਹੁੰਦੀ ਸੀ । ਗਿਆਨੀ ਗੁਰਬਚਨ ਸਿੰਘ ਖਾਲਸਾ ਅਖਬਾਰਾਂ ਵਾਲਿਆਂ ਦਾ ਜ਼ਿਕਰ ਲੇਖਕ ਰੀਝ ਨਾਲ ਕਰਦਾ ਹੈ । ਇਸ ਲਿਖਤ ਦਾ ਲੇਖਕ ਵੀ ਗਿਆਨੀ ਗੁਰਬਚਨ ਸਿੰਘ ਖਾਲਸਾ ਤੋਂ ਕਿਸੇ ਵੇਲੇ ਅੰਮ੍ਰਿਤਾ ਪ੍ਰੀਤਮ ਦਾ ਪ੍ਰਸਿਧ ਰਿਸਾਲਾ ਨਾਗਮਣੀ ਲਿਆ ਕਰਦਾ ਸੀ । ਮੇਰੀ ਜੀਵਨ ਸਾਥਣ ਵੀ ਮੋਗੇ ਦੀ ਹੈ । ਇਸ ਲਈ ਮੋਗੇ ਨਾਲ ਮੇਰੀ ਗਹਿਰੀ ਸਾਂਝ ਹੈ । ਮੋਗੇ ਦੇ ਹਾਸ ਵਿਅੰਗ ਲੇਖਕ ਕੇ ਐਲ ਗਰਗ ਤੇ ਦਲੀਪ ਸਿੰਘ ਭੂਪਾਲ, ਬਲਦੇਵ ਸਿੰਘ ਸੜਕਨਾਮਾ ,ਰਵੀ ਕਾਂਤ ਸ਼ੁਕਲਾ ,ਪ੍ਰੀਤਮ ਬਰਾੜ ;ਲੰਡੇ ਦੀ ਸੰਗਤ ਦਾ ਮੈਂ ਆਨੰਦ ਮਾਣਿਆ ਹੈ । ਮੇਰੀਆਂ ਮੁਢਲੀਆੴ ਲਿਖਤਾਂ ਦੇ ਪ੍ਰੈਰਨਾ ਸਰੋਤ ਮੋਗੇ ਦੇ ਸਾਹਿਤਕਾਰ ਹਨ । ਲੇਖਕ ਦਾ ਮੋਗੇ ਬਾਰੇ ਕੋਈ ਵੀ ਲੇਖ ਹੈ। ਉਸ ਵਿਚ ਸੰਬੰਧਿਤ ਨਾਮ ਜ਼ਰੂਰ ਲਿਖਦਾ ਹੈ; ਨਾਲ ਹੀ ਅਜੋਕੇ ਸਮੇਂ ਨਾਲ ਤੁਲਨਾ ਕਰਦਾ ਹੈ ਜਿਵੇਂ ਸਕੂਲਾ ਦਾ ਉਸ ਸਮੇਂ ਦਾ ਮਿਆਰ ਤੇ ਅਜੋਕੇ ਗਲੀਆਂ ਵਿਚ ਖੁਲ੍ਹੇ ਅੰਗਰੇਜ਼ੀ ਹਿੰਦੀ ਵਾਲੇ ਸਕੂਲ, ਫੀਸਾਂ ਵੀ ਅਸਮਾਨ ਨੂੰ ਛੋਹਦੀਆਂ ਹਨ । ਉਸ ਸਮੇਂ ਸਿਖਿਆ ਸਸਤੀ ਸੀ ਤੇ ਮਾਂ ਬੋਲੀ ਵਿਚ ਸੀ ।ਕਿਤਾਬ ਦੀ ਵਿਸ਼ੇਸ਼ਤਾ ਹੈ ਕਿ ਲੇਖਕ ਦਾ ਇਸ ਕਿਸਮ ਦਾ ਤੁਲਨਾਤਮਕ ਅਧਿਐਨ ਯੂਨੀਵਰਸਿਟੀ ਦੇ ਖੌਜਾਰਥੀ ਵਾਂਗ ਹੈ ।
ਲੇਖਕ ਦੇ ਆਪਣੇ ਬਨਾਏ ਅਠ ਸਕੈਚ ਕਿਤਾਬ ਵਿਚ ਹਨ । ਇਂਨ੍ਹਾਂ ਵਿਚ ਟੇਛਨ ਮੋਗਾ (ਰੇਲਵੇ ਸਟੇਸ਼ਨ ਪੰਨਾ 26) ਮਥਰਾ ਦਾਸ ਹਸਪਤਾਲ ਲੋਕੇਸ਼ਨ ਪੰਨਾ 31ਲੇਖਕ ਦਾ ਆਪਣਾ ਆਰੀਆ ਸਕੂਲ ਤੇ ਕਬਰਾਂ ਵਾਲੀ ਗਲੀ ਪੰਨਾ 35 ਨਕਸ਼ਾਂ ਮਿਸ਼ਨ ਸਕੂਲ ਪੰਨਾ 40 , 80 ਸਾਲ ਪੁਰਾਣਾ ਡੀ ਐਂਮ ਕਾਲਜ ਮੋਗਾ ਪੰਨਾ 44.ਫੋਜੀ ਹਲਵਾਈ ਦੀ ਪੁਰਾਣੀ ਦੁਕਾਨ ਜਿਥੇ ਜਲੇਬ ਖਾਣ ਵਾਲਿਆ ਦੀ ਭੀੜ ਜੁੜੀ ਰਹਿੰਦੀ ਸੀ ਪੰਨਾ 60 , ਪੁਰਾਣੇ ਸਮੇਂ ਦੀ ਫੋਟੋਗਰਾਫੀ ਤੇ ਜੋਧ ਸਿੰਘ ਦੇ ਹਸਤਾਖਰ ਸੰਨ 1944 ਦੇ ਹਨ ਪੰਨਾ 67 ਵਡੀ ਮਸੀਤ 86 ।ਕਿਤਾਬ ਦੇ ਟਾਈਟਲ ਤੇ ਵੀ ਮੋਗੇ ਦਾ ਸੰਖੇਪ ਨਕਸ਼ਾਂ ਹੈ ਜਿਸ ਦੀ ਤਰਤੀਬ ਕਿਤਾਬ ਦੇ ਪਂਨੇ 181-182 ਤੇ ਹੈ । ਪੁਸਤਕ ਸਾਂਭਣਯੋਗ ਇਤਿਹਾਸਕ ਦਸਤਾਵੇਜ਼ ਹੈ । ਨਵੀ ਪੀੜ੍ਹੀ ਕਿਤਾਬ ਅਸਲੀ ਮੋਗਾ ਤੋ ਵਡਮੁਲੀ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ । ਯੂਨੀਵਰਸਿਟੀ ਦੇ ਪਾਠਕਰਮ ਵਿਚ ਇਹ ਮਿਆਰੀ ਕਿਤਾਬ ਲਾਈ ਜਾ ਸਕਦੀ ਹੈ । ਬਜ਼ੁਰਗ ਲੇਖਕ ਦੀ ਮਿਹਨਤ ਨੂੰ ਸਲਾਮ !