ਪੁਸਤਕ ---ਚਰਨ ਸਿੰਘ ਦਾ ਕਾਵਿ ਸੰਸਾਰ
ਲੇਖਕ ----ਜੋਗਿੰਦਰ ਸਿੰਘ ਕੈਰੋਂ (ਡਾ )
ਪ੍ਰਕਾਸ਼ਕ ----ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ
ਪੰਨੇ ----108 ਮੁੱਲ ---200 ਰੁਪਏ
ਪ੍ਰਸਿਧ ਆਲ਼ੋਚਕ ਡਾ ਜੋਗਿੰਦਰ ਸਿੰਘ ਕੈਰੋਂ ਨੇ ਪੁਸਤਕ ਵਿਚ ਵਿਦੇਸ਼ ਰਹਿੰਦੇ ਸ਼ਾਇਰ ਚਰਨ ਸਿੰਘ ਦੀਆ ਕਾਵਿ ਰਚਨਾਵਾਂ ਦਾ ਬਹੁਪੱਖੀ ਵਿਸ਼ਲੇਸ਼ਣ ਕੀਤਾ ਹੈ । ਮੁਢਲੇ ਸ਼ਬਦ ਵੀ ਡਾ ਕੈਰੋਂ ਦੇ ਲਿਖੇ ਹਨ । ਵਿਦਵਾਨ ਆਲੋਚਕ ਨੇ ਲਿਖਿਆ ਹੈ ਕਿ ਮੈਨੂੰ ਕਵਿਤਾ ਦੀ ਬਹੁਤੀ ਸਮਝ ਨਹੀ ਹੈ ਪਰ ਮੈਂ ਕਵਿਤਾ ਦਾ ਪਾਠਕ ਜ਼ਰੂਰ ਹਾਂ ।( ਕਿਊਂ ਕਿ ਆਮ ਕਿਹਾ ਜਾਣ ਲਗਾ ਹੈ ਕਿ ਪੰਜਾਬੀ ਕਵਿਤਾ ਦੇ ਪਾਠਕ ਘਟ ਰਹੇ ਹਨ ) ਪੰਜਾਬੀ ਗਲਪ ਦੇ ਪਾਠਕ ਵਧ ਰਹੇ ਹਨ । ਚਰਨ ਸਿੰਘ ਦੀ ਕਵਿਤਾ ਖੁਲ੍ਹੀ ਹੈ । ਛੰਦ ਬੰਦੀ ਰਹਿਤ ਕਵਿਤਾ ਦੀਆਂ ਤੁਕਾਂ ਦੇ ਅਰਥ ਸਮਝਣੇ ਪਾਠਕ ਲਈ ਔਖੇ ਜ਼ਰੂਰ ਹਨ । ਪਰ ਇਹ ਮੁਸ਼ਕਲ ਡਾ ਕੈਰੌ ਦੀ ਇਸ ਕਿਤਾਬ ਨੇ ਦੂਰ ਕਰ ਦਿਤੀ ਹੈ। ਆਲੋਚਕ ਅਨੁਸਾਰ ਚਰਨ ਸਿੰਘ ਨੇ ਪੌਣਾ ਸੈਕੜਾਂ ਦੇ ਕਰੀਬ ਕਿਤਾਬਾਂ ਲਿਖੀਆ ਹਂਨ ।ਭਾਂਵ 75 ਕੁ ਕਿਤਾਬਾਂ ਹਨ । ਉਹ ਪਿਛਲੇ 40 ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ।
ਇਧਰ ਚਰਨ ਸਿੰਘ ਜ਼ਿਲਾ ਕਪੂਰਥਲਾ ਦੇ ਬੇਗੋਵਾਲ ਤੋਂ ਹੈ । ਲੰਮਾ ਸਮੇਂ ਕੈਨੇਡਾ ਵਿਚ ਰਹਿੰਦੇ ਹੋਣ ਕਰਕੇ ਉਸਦੀ ਕਵਿਤਾ ਵਿਚ ਪਰਵਾਸੀ ਪੰਜਾਬੀਆਂ ਦੇ ਜੀਵਨ ਦੇ ਦ੍ਰਿਸ਼ ਆਮ ਹਨ । ਕਵਿਤਾ ਵਿਚ ਆਮ ਬੰਦੇ ਦੀ ਮਸ਼ੀਨੀ ਜ਼ਿੰਦਗੌ ,ਕਾਹਲਾਪਣ ,ਮਨੁਖੀ ਮਾਨਸਿਕਤਾ ਦੇ ਵਿਭਿੰਨ ਰੂਪ ਹਨ । ਕਵਿਤਾ ਵਿਚ ਕਵੀ ਦਾ ਨਿਜ ਵੀ ਹੈ। ਕਵਿਤਾ ਨਿਜ ਤੋਂ ਪਰ ਦਾ ਸਫਰ ਤਹਿ ਕਰਦੀ ਹੈ । ਕਵੀ ਖੰਡ ਬ੍ਰਹਿਮੰਡ ਦੀ ਗਲ ਕਰਦਾ ਹੈ । ਵਿਗਿਆਨ ਦੇ ਕਈ ਪਹਿਲੂ ਕਵਿਤਾ ਵਿਚ ਹਨ । ਕਵੀ ਚਰਨ ਸਿੰਘ ਨੇ ਲੋਕ ਕਵੀ ਨੰਦ ਲਾਲ ਪੁਰੀ ਜਿਹੇ ਮਹਾਨ ਕਵੀਆਂ ਦੀ ਸੰਗਤ ਕੀਤੀ ਹੈ ।
ਪੁਸਤਕ ਦੇ ਸੌ ਪੰਨੇ (8---108)ਕਵਿਤਾ ਦੀ ਆਲੋਚਨਾ ਤੇ ਹਨ ।ਵਿਦਵਾਨ ਆਲੋਚਕ ਨੇ ਚਰਨ ਸਿੰਘ ਦੀਆਂ ਨੌਂ ਕਿਤਾਬਾਂ ਦੀਆਂ ਕਵਿਤਾਵਾਂ ਤੇ ਗੰਭੀਰ ਆਲ਼ੋਚਨਾ ਕੀਤੀ ਹੈ । ਆਲੋਚਕ ਦੀ ਸ਼ਬਦਾਵਲੀ ਉਚ ਪਧਰ ਦੀ ਹੈ । 83 ਕੁ ਕਵਿਤਾਵਾਂ ਦੇ ਕਰੀਬ ਰਚਨਾਵਾਂ ਨੂੰ ਵਿਸ਼ਲੇਸ਼ਤ ਕੀਤਾ ਹੈ। ਕਵੀ ਚਰਨ ਸਿੰਘ ਦੀ ਇਕ ਕਵਿਤਾ 250 ਪੰਨਿਆਂ ਤਕ ਦੀ ਹੈ(ਆਪੇ ਬੋਲ ਸ੍ਰੋਤ ) । ਉਹ ਕਵਿਤਾਵਾਂ ਵਿਚ ਪੰਜਾਬ ਦੇ ਪਿੰਡਾਂ ਦੀ ਤਸਵੀਰ ਵਿਖਾਂਉਂਦਾ ਹੈ। ਪਿੰਡਾਂ ਦੇ ਕੱਚੇ ਕੋਠੈ ਲਿੱਪੇ ਬਨੇਰੇ, ਘੁਗੀਆ ਕਾਵਾਂ, ਤੋਤੇ, ਬਟੇਰੇ ਆਦਿ ਪੰਛੀ ਉਸਦੀ ਕਵਿਤਾ ਵਿਚ ਹਨ । ਉਹ ਕੁਦਰਤੀ ਰੰਗਾਂ ਦੀ ਕਵਿਤਾ ਸਿਰਜਦਾ ਹੈ । ਇਕ ਕਵਿਤਾ ਦੇ ਬੋਲ ਹਨ
-----ਲੋਕਾਂ ਦੇ ਵੱਗ ਵਿਚ ਗੁਆਚ ਗਿਆ ਹੈ ਤੇਰੀ ਚੁੱਪ ਦਾ ਬੋਲ । ਕਵੀ ਮਨੁਖ ਦੀ ਚੁੱਪ ਨੂੰ ਵੀ ਵਖਰੇ ਅਰਥਾਂ ਵਿਚ ਲੈਂਦਾ ਹੈ । ਲੋਕਾਂ ਦੀ ਭੀੜ ਨੂੰ ਵਗ ਜਿਹੀ ਤਸਵਰ ਕਰਦਾ ਹੈ । ਉਹ ਵਸਤੂਆ ਦਾ ਮਾਨਵੀਕਰਨ ਕਰਦਾ ਹੈ।
ਆਲੋਚਨਾ ਪੁਸਤਕ ਵਿਚ ਕਵਿਤਾਵਾਂ ਤੇਰਾ ਮੇਰਾ ਵਿਸ਼ਵ ,ਮੈਂ ਨਹੀਂ ਚਾਹੁੰਦਾ ,ਗਤੀ ਅਤੇ ਪਥਰ ,ਸੂਰਜ ਦਾ ਅਕਸ,ਉਸਦੀ ਦੇਹ ,ਚੁਪ ਤੇ ਸ਼ੋਰ ,ਆਪਣੇ ਤਕ ,ਵਿਖੰਡਤਾ ,ਨੰਗੀ ਤਲਵਾਰ ,ਜ਼ਮੀਰ ,ਆਦਿ ਅੰਤ ,ਚਕਲਾ ,ੳਪਣੇ ਤਕ ,ਤਲਾਸ਼ ,ਇਹ ਕੌਣ ਹੈ ,ਆਖਰੀ ਧਿਰ ,ਸਮਾਧੀ ਸੰਗ੍ਰਹਿ ਦੀਆਂ 26 ਕਵਿਤਾਵਾਂ ਦੀ ਚਰਚਾ ਹੈ ।ਇਸ ਤੋਂ ਇਲਾਵਾ ਬਾਕੀ ਸੰਗ੍ਰਿਹਾਂ ਵਿਚੋਂ ਲੋਹੇ ਦਾ ਮਨੁਖ ਕਚੀ ਮੁਹਬਤ ,ਕਵਿਤਾ ਸਹਿਰਾ ,(ਸਮਾਧੀ ਤੇ ਅੰਕੁਰ), ਗੁਆਚਾ ਰੁਖ(ਰੁੱਖ ਦਾ ਮਾਨਵੀਕਰਨ ) ,ਪਲਦਾ ਅਜ ਕਲ , ਵਾਲਦੈਨ ,ਬੁਝ ਗਿਆ ਦੀਵਾ ,ਗਤੀ ਦਾ ਭਰਮ ,ਪੰਛੀ ,ਨਜ਼ਰ ਦਾ ਸਚ ,ਆਦਿ ਕਵਿਤਾਵਾਂ ਦੀਆਂ ਟਿਪਣੀਆ ਹਨ । ਆਲੋਚਨਾ ਵਿਚ ਭਾਸ਼ਾਂ ਵਿਗਿਆਨਕ ਸੋਚ ਵਾਲੀ ਹੈ । ਇਹ ਕਵਿਤਾਵਾਂ 2012-2019 ਦੇ ਸਮੇਂ ਦੀਆਂ ਹਨ ।
ਅੰਤਿਕਾ ਵਿਚ ਕਿਤਾਬ ‘ਸ਼ੂਨਯ ਬੋਲ’ ਦਾ ਜ਼ਿਕਰ ਹੈ । ਪੁਸਤਕ ਆਲੋਚਨਾ ਖੇਤਰ ਦੀ ਮਹਤਵਪੂਰਨ ਦਸਤਾਵੇਜ਼ ਹੈ । ਕਵੀ ਚਰਨ ਸਿੰਘ ਦੀ ਕਾਵਿ ਉਡਾਰੀ ਦੇ ਪ੍ਰਸੰਗ ਸਮਝਣ ਵਿਚ ਕਾਵਿ ਦਰਪਣ ਦਾ ਦਰਜਾ ਹਾਸਲ ਕਰਦੀ ਹੈ । ਸਵਾਗਤ ਹੈ ।