ਸੁਰਜੀਤ ਸੰਧੂ ਦੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ
(ਖ਼ਬਰਸਾਰ)
ਬਾਘਾਪੁਰਾਣਾ ,,,,ਸਾਹਿਤ ਸਭਾ ਰਜਿ. ਬਾਘਾਪੁਰਾਣਾ ਵੱਲੋਂ ਭਾਈ ਦਰਬਾਰੀ ਦਾਸ ਪਬਲਿਕ ਸਕੂਲ ਪਿੰਡ ਵੈਰੋਕੇ ਵਿਖੇ ਪੰਜਾਬੀ ਦੇ ਉੱਘੇ ਬਾਲ ਸਾਹਿਤ ਲੇਖਕ ਸੁਰਜੀਤ ਸੰਧੂ (ਆਸਟ੍ਰੇਲੀਆ) ਵਾਸੀ ਅਜੀਤਵਾਲ ਦੀ ਨਵ ਪ੍ਰਕਾਸ਼ਿਤ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ ਕਰਨ ਸਬੰਧੀ ਇੱਕ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਪ੍ਰਧਾਨਗੀ ਹੇਠ ਨਗਰ ਨਿਵਾਸੀ ਅਤੇ ਸਰਪੰਚ ਸਰਬਜੀਤ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵੈਰੋਕੇ ਦੇ ਪੂਰਨ ਸਹਿਯੋਗ ਨਾਲ ਕਰਵਾਇਆ ਗਿਆ । ਸਮਾਗਮ ਵਿੱਚ ਸਟੇਟ ਅਤੇ ਨੈਸ਼ਨਲ ਐਵਾਰਡੀ ਆਧਿਆਪਕ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਮਰੀਕ ਸਿੰਘ ਤਲਵੰਡੀ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ, ਸਰਪੰਚ ਸਰਬਜੀਤ ਸਿੰਘ,ਡਾ ਸੁਰਜੀਤ ਸਿੰਘ ਦੌਧਰ , ਸੁਖਮੰਦਰ ਸਿੰਘ ਛਿੰਦਾ, ਸੁਰਜੀਤ ਸੰਧੂ ਆਸਟ੍ਰੇਲੀਆ ,ਬਾਪੂ ਅਜਮੇਰ ਸਿੰਘ, ਮਾਤਾ ਹਰਜੀਤ ਕੌਰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਜਸਵੀਰ ਸ਼ਰਮਾਂ ਦੱਦਾਹੂਰ, ਬੱਚੀ ਤਰਨਪ੍ਰੀਤ ਕੌਰ ਵੱਲੋਂ ਸਵਾਗਤੀ ਗੀਤ ਪੇਸ਼ ਕੀਤੇ ਗਏ।ਇਸ ਦੇ ਨਾਲ ਹੀ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸਟੇਜ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਮਾਗਮ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ ਅਤੇ ਪੁਸਤਕ ਰਚੇਤਾ ਸੁਰਜੀਤ ਸੰਧੂ ਦੇ ਗਲ਼ਾਂ ਵਿਚ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਉਪਰੰਤ ਹਾਜ਼ਰ ਉਕਤ ਪ੍ਰਧਾਨਗੀ ਮੰਡਲ ਵੱਲੋਂ ਸੁਰਜੀਤ ਸੰਧੂ ਆਸਟ੍ਰੇਲੀਆ ਦੀ ਦੂਸਰੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਨੂੰ ਲੋਕ ਅਰਪਣ ਕੀਤਾ ਗਿਆ। ਉਪਰੰਤ ਅਮਰੀਕ ਸਿੰਘ ਤਲਵੰਡੀ,ਡਾ ਸੁਰਜੀਤ ਸਿੰਘ ਦੌਧਰ, ਯਸ਼ ਚਟਾਨੀ, ਦਵਿੰਦਰ ਬਰਨਾਲਾ, ਸਰਪੰਚ ਸਰਬਜੀਤ ਸਿੰਘ ਵੱਲੋਂ ਸੁਰਜੀਤ ਸੰਧੂ ਦੇ ਵਿਦੇਸ਼ਾਂ ਵਿੱਚ ਬੈਠ ਕੇ ਵੀ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਇਸ ਕਾਰਜ ਦੀ ਖ਼ੂਬ ਸ਼ਬਦਾਂ ਵਿਚ ਜ਼ੋਰਦਾਰ ਪ੍ਰਸੰਸਾ ਕਰਦਿਆਂ ਲੇਖਕ ਨੂੰ ਹਾਰਦਿਕ ਵਧਾਈ ਦਿੱਤੀ ਗਈ ਅਤੇ ਨਾਲੋਂ ਨਾਲ ਹੀ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਪਾਠਕਾਂ, ਦੇਸ਼ ਅੰਦਰ ਦਿਨੋਂ ਦਿਨ ਵਧਦਾ ਜਾ ਰਿਹਾ ਨਸ਼ਿਆਂ ਦਾ ਪ੍ਰਕੋਪ, ਅਲੋਪ ਹੁੰਦਾ ਜਾ ਰਿਹਾ ਸਾਡਾ ਸੱਭਿਆਚਾਰ ਵਿਰਸਾ ਅਤੇ ਬੱਚਿਆਂ ਵਿਚਕਾਰ ਵਧ ਰਹੇ ਮੋਬਾਈਲ ਕਲਚਰ ਉਪਰ ਡੂੰਘੇ ਵਿਚਾਰ ਪੇਸ਼ ਕਰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਸੁਰਜੀਤ ਸੰਧੂ ਆਸਟ੍ਰੇਲੀਆ ਵੱਲੋਂ ਆਪਣੇ ਨਾਨਕੇ ਪਿੰਡ ਵੈਰੋਕੇ ਅਤੇ ਆਪਣੇ ਸਾਹਿਤਕ ਸਫ਼ਰ, ਪ੍ਰਵਾਸੀ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਅਤੇ ਆਪਣੀਆਂ ਕੁਝ ਰਚਨਾਵਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧਰਮਪਤਨੀ ਹਰਜੀਤ ਕੌਰ ਆਸਟ੍ਰੇਲੀਆ ਵੀ ਬਾਲ ਸਾਹਿਤ ਲੇਖਿਕਾ ਹੈ ਜੋ ਆਪਣੀ ਇੱਕ ਪੁਸਤਕ "ਵੱਡੇ ਵੱਡੇ ਸੁਪਨੇ" ਲੋਕ ਕਚਹਿਰੀ ਵਿੱਚ ਪੇਸ਼ ਕਰ ਚੁੱਕੀ ਹੈ ਅਤੇ ਉਹ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਮੁਫ਼ਤ ਪੰਜਾਬੀ ਸਿੱਖਿਆ ਦੇ ਰਹੇ ਹਨ। ਇਸ ਦੇ ਨਾਲ ਹੋਏ ਕਵੀ ਦਰਬਾਰ ਵਿਚ ਹਾਜ਼ਰ ਲੇਖਕਾਂ ਕੰਵਲਜੀਤ ਭੋਲਾ ਲੰਡੇ, ਸਾਗਰ ਸਫ਼ਰੀ, ਸਤਪਾਲ ਕਿੰਗਰਾ, ਜਗਦੀਸ਼ ਪ੍ਰੀਤਮ, ਕੁਲਵੰਤ ਸਰੋਤਾ ਬਰੀਵਾਲਾ,ਦਾ ਉਕਟੋ ਆਊਲ, ਮੁਕੰਦ ਕਮਲ, ਜਗਸੀਰ ਬਰਾੜ ਕੋਟਲਾ, ਜਸਕਰਨ ਲੰਡੇ, ਅਵਤਾਰ ਬਰਾੜ ਲੰਡੇ,ਡਾ ਸਾਧੂ ਰਾਮ ਲੰਗੇਆਣਾ,ਮਾ ਸ਼ਮਸ਼ੇਰ ਸਿੰਘ, ਬਲਵਿੰਦਰ ਕੈਂਥ ਮੋਗਾ, ਜਸਵੰਤ ਜੱਸੀ, , ਲਖਵੀਰ ਕੋਮਲ, ਪੱਤਰਕਾਰ ਕਰਮ ਸੰਧੂ,ਮਾ ਬਲਜੀਤ ਬਰਾੜ,ਬੰਤ ਸਿੰਘ ਬੁਰਜ ਥਰੋੜ,ਗੋਰਾ ਬਾਘਾਪੁਰਾਣਾ ਵੱਲੋਂ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ ਅਤੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦਿੱਤਾ ਗਿਆ। ਲੇਖਕ ਵੱਲੋਂ ਇਹ ਪੁਸਤਕ ਆਪਣੇ ਨਾਨਾ ਮੇਹਰ ਸਿੰਘ ਮੱਲ,ਨਾਨੀ ਬਸੰਤ ਕੌਰ ਅਤੇ ਮਾਮਾ ਮਲਕੀਤ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ ਹੈ।
ਡਾ ਸਾਧੂ ਰਾਮ ਲੰਗੇਆਣਾ