ਧੁੰਦਲੀ ਧੁੰਦਲੀ ਯਾਦ ਹੈ ਅੱਜ ਵੀ,ਸਮੇਂ ਪੁਰਾਣੇ ਦੀ।
ਅਨਪੜ੍ਹਤਾ ਸੀ ਜ਼ਿਆਦਾ,ਲੋਕ ਪਰ ਬੜੇ ਸਿਆਣੇ ਸੀ।।
ਸ਼ਕਤੀਸ਼ਾਲੀ ਜਿਸਮਾਂ ਦੇ ਵਿੱਚ,ਹੁੰਦੀ ਫੁਰਤੀ ਸੀ।
ਸੱਭ ਖੁਲ੍ਹ ਕੇ ਜ਼ਿੰਦਗੀ ਜਿਓਂਦੇ ਸੀ,ਭਾਵੇਂ ਤੰਗੀ ਤੁਰਸ਼ੀ ਸੀ
ਘਰ ਦੇ ਵਿਹੜਿਆਂ ਦੇ ਵਿੱਚ ਨਾਹੀਂ, ਕੰਧਾਂ ਹੁੰਦੀਆਂ ਸੀ।
ਭੈਣ ਭਰਾਵਾਂ ਵਿੱਚ ਨਾ ਕਦੇ ਵੀ,ਜੰਗਾਂ ਹੁੰਦੀਆਂ ਸੀ।।
ਵੱਖ ਹੋ ਕੇ ਨਾਂ ਖਾਂਦੇ ਸੀ,ਰੋਟੀ ਦੀ ਬੁਰਕੀ ਵੀ ----ਸੱਭ ਖੁਲ੍ਹ ਕੇ --
ਦੁੱਧ ਘਿਓ ਲੱਸੀ ਵਾਧੂ ਸੀ,ਸੱਭ ਰੱਜ ਰੱਜ ਖਾਂਦੇ ਸੀ।
ਸੁਭਾ ਚਾਰ ਵਜੇ ਨੂੰ ਉੱਠਕੇ,ਕੰਮਾਂ ਤੇ ਲੱਗ ਜਾਂਦੇ ਸੀ।।
ਨਾਂ ਘਾਲੋਂ ਕਦੇ ਸੀ ਕਰਦੇ,ਤੇ ਨਾਹੀਂ ਪੈਂਦੀ ਸੁਸਤੀ ਸੀ ----ਸੱਭ ਖੁਲ੍ਹ ---
ਨਫ਼ਰਤ ਈਰਖਾ ਦੂਈ ਦਵੈਤ,ਨਾ ਦਿਲਾਂ ਦੇ ਅੰਦਰ ਸੀ।
ਅੱਜ ਵਾਂਗੂੰ ਨਾ ਪਿੱਠ ਪਿੱਛੇ,ਕੋਈ ਮਾਰਦਾ ਖੰਜਰ ਸੀ।।
ਆਪਣੇਪਨ ਵਿੱਚ ਭੋਰਾ ਵੀ ਨਾਂ,ਹੁੰਦੀ ਖੁਸ਼ਕੀ ਸੀ----ਸੱਭ ਖੁਲ੍ਹ ਕੇ ---
ਭਾਈਚਾਰਾ ਸੀ ਐਨਾ,ਗੈਰ ਕੋਈ ਲੱਗਦਾ ਨਹੀਂਓਂ ਸੀ।
ਦੱਦਾਹੂਰੀਆ ਦੋਗਲਾਪਣ ਕਿਤੇ ਲੱਭਦਾ ਨਹੀਓਂ ਸੀ।।
ਇੱਕੋ ਦਾਈ ਤੋਂ ਲਈ ਹੋਵੇ ਜਿਉਂ,ਸੱਭਨੇ ਗੁੜ੍ਹਤੀ ਜੀ ----ਸੱਭ ਖੁਲ੍ਹ ਕੇ ---