ਡੁੱਲ੍ਹੇ ਬੇਰ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਲਵਿੰਦਰ ਦੀਆਂ ਤਿੰਨ ਵੱਡੀਆਂ ਭੈਣਾਂ ਸਨ। ਉਨ੍ਹਾਂ ਤਿੰਨਾਂ ਦੇ ਵਿਆਹ ਉਸ ਦੇ ਮੰਮੀ, ਡੈਡੀ ਨੇ ਸਮੇਂ ਸਿਰ ਕਰ ਦਿੱਤੇ ਸਨ। ਉਹ ਆਪਣੇ ਸਹੁਰੇ ਘਰ ਖ਼ੁਸ਼ੀ, ਖ਼ੁਸ਼ੀ ਰਹਿ ਰਹੀਆਂ ਸਨ। ਉਸ ਦਾ ਵਿਆਹ ਕਈ ਸਾਲ ਲੇਟ ਹੋਇਆ ਸੀ ਕਿਉਂ ਕਿ ਉਹ ਕਿਸੇ ਸੋਹਣੇ, ਸੁਨੱਖੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਉਸ ਦੀ ਇਹ ਇੱਛਾ ਪੂਰੀ ਤਾਂ ਹੋ ਗਈ, ਪਰ ਉਸ ਦਾ ਪਤੀ ਹਰਬੰਸ ਉਸ ਨੂੰ ਖਰਚਣ ਲਈ ਕੋਈ ਪੈਸਾ ਨਹੀਂ ਸੀ ਦਿੰਦਾ ਅਤੇ ਨਾ ਹੀ ਉਹ ਬੀਮਾਰ ਹੋਣ ਤੇ ਉਸ ਨੂੰ ਕਿਸੇ ਡਾਕਟਰ ਕੋਲੋਂ ਦਵਾਈ ਲਿਆ ਕੇ ਦਿੰਦਾ ਸੀ। ਉਸ ਨੂੰ ਸ਼ਰਾਬ ਪੀਣ ਦੀ ਮਾੜੀ 
 ਆਦਤ ਵੀ ਸੀ। ਇਹ ਸਭ ਕੁੱਝ ਵੇਖ ਕੇ ਉਹ ਆਪਣੇ ਮੰਮੀ, ਡੈਡੀ ਕੋਲ ਆ ਕੇ ਰਹਿਣ ਲੱਗ ਪਈ। ਕੁੱਝ ਮਹੀਨਿਆਂ ਬਾਅਦ ਉਸ ਦੇ ਡੈਡੀ ਦੀ ਹਰਟ ਅਟੈਕ ਨਾਲ ਮੌਤ ਹੋ ਗਈ। ਇਸ ਕਰਕੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ। ਉਸ ਨੇ ਅਤੇ ਉਸ ਦੀ ਮੰਮੀ ਨੇ ਔਖੇ, ਸੌਖੇ ਚਾਰ ਸਾਲ ਕੱਟ ਲਏ। ਉਸ ਦਾ ਪਤੀ ਹਰਬੰਸ ਉਸ ਨੂੰ ਲੈਣ ਲਈ ਕਈ ਵਾਰ ਆਇਆ ਸੀ, ਪਰ ਉਸ ਵਲੋਂ ਕੋਈ ਭਰੋਸਾ ਨਾ ਮਿਲਣ ਕਰਕੇ ਉਹ ਉਸ ਨਾਲ ਨਾ ਗਈ।
ਅੱਜ ਸਵੇਰੇ ਉੱਠ ਕੇ ਉਹ ਆਪਣੀ ਮੰਮੀ ਨੂੰ ਆਖਣ ਲੱਗੀ," ਵੇਖ ਮੰਮੀ, ਜੇ ਮੈਂ ਤਲਾਕ ਲੈਂਨੀ ਆਂ, ਤਾਂ ਨਾ ਮੈਨੂੰ ਚੰਗਾ ਮੁੰਡਾ ਮਿਲਣਾ, ਨਾ ਚੰਗਾ ਘਰ ਮਿਲਣਾ। ਜੋ ਕੁੱਝ ਇਸ ਵੇਲੇ ਹੈ, ਕਿਤੇ ਮੈਂ ਉਸ ਤੋਂ ਵੀ ਜਾਂਦੀ ਨਾ ਲੱਗਾਂ। ਤੂੰ ਹਰਬੰਸ ਨੂੰ ਫੋਨ ਕਰ ਦੇ, ਉਹ ਆ ਕੇ ਮੈਨੂੰ ਲੈ ਜਾਵੇ। ਮੈਂ ਉੱਥੇ ਜਾ ਕੇ ਸੰਘਰਸ਼ ਕਰਕੇ ਉਸ ਨੂੰ ਆਪੇ ਸਿੱਧੇ ਰਸਤੇ ਪਾ ਲਵਾਂਗੀ।"
ਬਲਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਮੰਮੀ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ," ਧੀਏ ਕਿੰਨਾ ਚੰਗਾ ਹੁੰਦਾ, ਜੇ ਤੂੰ ਇਹੋ ਕੁੱਛ ਪਹਿਲਾਂ ਸੋਚ ਲੈਂਦੀ। ਤੇਰੇ ਚਾਰ ਸਾਲ ਖਰਾਬ ਹੋਣ ਤੋਂ ਬਚ ਜਾਣੇ ਸੀ। ਚੱਲ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਛ ਨਹੀਂ ਵਿਗੜਿਆ। ਮੈਂ ਹੁਣੇ ਹਰਬੰਸ ਨੂੰ ਫੋਨ ਕਰਕੇ ਸੱਦ ਲੈਂਨੀ ਆਂ।"