ਜ਼ਿੰਦਗੀ ਦਾ ਅਹਿਮ ਗੁਣ: ਮਿੱਠਾ ਬੋਲਣਾ
(ਲੇਖ )
ਸਾਡੇ ਜੀਵਨ ਵਿੱਚ ਸ਼ੁੱਭ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਹਨਾਂ ਗੁਣਾਂ ਵਿੱਚੋਂ ਹੀ ਅਹਿਮ ਗੁਣ ਹੈ ਸਾਡੇ ਬੋਲਾਂ ਦੀ ਮਿਠਾਸ ਭਾਵ ਮਿੱਠਾ ਬੋਲਣਾ। ਜੋ ਸਾਡੇ ਕਿਰਦਾਰ ਨੂੰ ਵੀ ਉੱਚਾ ਕਰਦਾ ਹੈ। ਸਾਡੀ ਬੋਲਬਾਣੀ ਤੋਂ ਹੀ ਸਾਡੀ ਵਿਰਾਸਤ ਅਤੇ ਸਾਡੇ ਸੱਭਿਆਚਾਰ ਦੀ ਪਛਾਣ ਹੁੰਦੀ ਹੈ। ਗੁਰਬਾਣੀ ਵਿੱਚ ਵੀ ਮਨੁੱਖ ਨੂੰ ਮਿੱਠਾ ਬੋਲਣ ਦੀ ਤਾਕੀਦ ਕਰਦਿਆਂ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ: ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਅਤੇ ਨਾਲ ਹੀ ਸਮਝਾਉਂਦੇ ਹਨ ਕਿ ਕਿਸੇ ਨੂੰ ਉੱਚਾ ਜਾਂ ਫਿਕਾ ਬੋਲ ਨਹੀਂ ਬੋਲਣਾ ਚਾਹੀਏ, ‘ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥’ ਭਾਵ ਜੋ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਜਿਸ ਕਰਕੇ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੱਖਾ ਬੋਲਣਾ ਵਾਲਾ ਮਨੁੱਖ ਲੋਕਾਂ ਵਿੱਚ ਵੀ ਰੁੱਖਾ ਅਖਵਾਉਂਦਾ ਹੈ ਅਤੇ ਫਿਰ ਲੋਕ ਵੀ ਉਸਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।
ਇਹ ਭਾਸ਼ਾ ਜਾਂ ਬੋਲਣ ਦਾ ਇੱਕ ਗੁਣ ਅਜਿਹਾ ਹੈ, ਜੋ ਸਾਨੂੰ ਪਸ਼ੂਆਂ ਨਾਲੋਂ ਵੱਖਰਾ ਕਰਦਾ ਹੈ। ਕੁੱਝ ਲੋਕ ਰਹਿਣ-ਸਹਿਣ ਜਾਂ ਪਹਿਨਣ-ਪਰਚਣ ਤੋਂ ਬੜੇ ਪ੍ਰਭਾਵਸ਼ਾਲੀ ਲੱਗਦੇ ਹਨ ਪਰ ਜਦ ਉਹ ਬੋਲਦੇ ਹਨ ਤਾਂ ਆਪਣੀ ਸਾਰੀ ਤਹਿਜ਼ੀਬ ਦੇ ਅਸਲ ਦਰਸ਼ਨ ਕਰਵਾ ਦਿੰਦੇ ਹਨ। ਕੁੱਝ ਲੋਕ ਤਾਂ ਸਿਰਫ਼ ਆਪਣੇ ਕਿਸੇ ਸੁਆਰਥ ਨੂੰ ਪੂਰਾ ਕਰਨ ਹਿੱਤ ਹੀ ਸਲੀਕੇ ਦੀ ਭਾਸ਼ਾ ਵਰਤਦੇ ਹਨ, ਪਰ ਮਨੋਰਥ ਪੂਰਾ ਹੋ ਜਾਣ ’ਤੇ ਅਗਲੇ ਨੂੰ ਟੁੱਟ-ਟੁੱਟ ਕੇ ਪੈਂਦੇ ਹਨ।
ਸੱਚ ਜਾਣੋ! ਤਾਂ ਧਰਮ ਦਾ ਦੂਜਾ ਨਾਮ ਹੀ ਮਿੱਠਾ ਬੋਲਣਾ ਜਾਂ ਸੱਚ ਕਮਾਉਣਾ ਹੈ। ਗੁਰਬਾਣੀ ਰਾਹੀਂ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ‘ਜਿਤੁ ਬੋਲੀਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥’ ਭਾਵ ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿੱਚ) ਆਦਰ ਮਿਲਦਾ ਹੈ। ਇਹ ਦੋ ਮਿੱਠੇ ਬੋਲ ਹੀ ਹਨ ਜੋ ਮਨੁੱਖ ਨੂੰ ਮਨੁੱਖ ਨਾਲ ਜੋੜ ਕੇ ਰੱਖਦੇ ਹਨ। ਆਮ ਦੁਕਾਨਦਾਰ ਦੇਖੋ ਜੇ ਉਹ ਮਿੱਠਾ ਨਹੀਂ ਬੋਲਣਗੇ ਤਾਂ ਗ੍ਰਾਹਕ ਮੁੜ ਉਹਨਾਂ ਦੀ ਦੁਕਾਨ ’ਤੇ ਕਿਉਂ ਜਾਵੇਗਾ। ਇਸੇ ਤਰਾਂ੍ਹ ਰਿਸ਼ਤੇਦਾਰੀ ਜਾਂ ਸ਼ਰੀਕਾਚਾਰੀ ਜਾਂ ਫਿਰ ਆਂਡ-ਗੁਆਂਡ ਵੱਸਣ ਵਾਲੇ ਆਪਣਿਆਂ ਨਾਲ ਮਿੱਠਾ ਬੋਲਣਗੇ, ਸਲੀਕੇ ਦੀ ਭਾਸ਼ਾ ਵਰਤਣਗੇ ਤਾਂ ਲੰਮਾ ਸਮਾਂ ਇਹ ਰਿਸ਼ਤੇ ਅਤੇ ਆਪਸੀ ਸਾਂਝ ਨਿਭਦੀ ਰਹੇਗੀ ਜਦੋਂ ਹੀ ਕਿਸੇ ਦੀ ਬੋਲ-ਬਾਣੀ ਵਿਗੜ ਜਾਂਦੀ ਹੈ ਤਾਂ ਉਥੇ ਰਿਸ਼ਤੇ ਵਿੱਚ ਵੀ ਵਿਗਾੜ ਪੈਦਾ ਹੋ ਜਾਂਦਾ ਹੈ। ਜਿਵੇਂ ਗੁਰਬਾਣੀ ਦਾ ਬੜਾ ਸੁੰਦਰ ਦ੍ਰਿਸ਼ਟਾਂਤ ਹੈ ਕਿ, ‘ਟੂਟਿ ਪਰੀਤਿ ਗਈ ਬੁਰ ਬੋਲਿ॥’ ਭਾਵ ਕਿ, ‘ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ।’
ਪਰ ਇਹ ਵੀ ਚੇਤੇ ਰਹੇ ਕਿ ਕੇਵਲ ਲੋਕ ਵਿਖਾਵੇ ਖਾਤਰ ਝੂਠੀ ਨਿਮਰਤਾ ਧਾਰਨ ਕਰਨੀ ਜਾਂ ਮਿੱਠਾ ਬੋਲਣਾ ਵੀ ਇੱਕ ਅਪਰਾਧ ਦੀ ਤਰ੍ਹਾਂ ਹੈ। ਅਜਿਹੇ ਲੋਕਾਂ ਵਾਸਤੇ ਹੀ ਲੋਕ ਕਹਾਵਤ ਹੈ, ‘ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।’ ਇਸ ਲਈ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਸਮੂਹ ਜਾਤੀਆਂ ਵਿੱਚੋਂ ਮਨੁੱਖਾ ਜਾਤੀ ਹੀ ਅਜਿਹੀ ਹੈ ਜਿਸ ਕੋਲ ਸ਼ਬਦ ਭੰਡਾਰ ਹੋਣ ਦੇ ਨਾਲ ਪ੍ਰਮਾਤਮਾ ਵੱਲੋਂ ਬੋਲੀ/ਬਾਣੀ ਬਖਸ਼ਿਸ਼ ਕੀਤੀ ਹੈ, ਜਿਸ ਨਾਲ ਉਹ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦਾ ਹੈ। ਗੁਰੂਬਾਣੀ ਸਮਝਾਉਂਦੀ ਹੈ ਕਿ, ‘ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥’ ਇਸ ਲਈ ਕੋਸ਼ਿਸ਼ ਕਰੀਏ ਕਿ ਜਦ ਵੀ ਬੋਲੀਏ, ਜਿੱਥੇ ਵੀ ਬੋਲੀਅੇ, ਜਿਸ ਵੀ ਹਾਲਤ ਵਿੱਚ ਬੋਲੀਐ, ਭਲਾ ਬੋਲੀਏ, ਚੰਗਾ ਬੋਲੀਏ ਅਤੇ ਮਿੱਠਾ ਬੋਲੀਏ। ਆਮੀਨ!