ਪਹਾੜੀ ਰਾਹ ਤੇ ਤੁਰਦਾ ਜਾਵਾਂ
ਦਿਲ ਦੀ ਧੜਕਣ ਸਾਜ਼ ਬਜਾਏ।
ਹਵਾ ਦੀ ਵਾਹ ਵਾ ਕੰਨੀਂ ਪੈਂਦੀ
ਕੁਦਰਤ ਆਪੇ ਗਾਈ ਜਾਏ।
ਨਾ ਗਰਮੀ ਨਾ ਸਰਦੀ ਜਾਪੇ
ਘੁੱਗੀ ਆਪਣਾ ਰਾਗ ਸੁਣਾਏ।
ਕਾਟੋ ਲੂੰਬੜ ਅੱਗੇ ਭੱਜ ਦੀ
ਮਸਾਂ ਲੁਕ ਕੇ ਜਾਨ ਬਚਾਏ।
ਸੱਜੇ ਪਾਸੇ ਸੱਪ ਸਿਰਕਦਾ
ਪਾਣੀ ਵਾਂਗੂੰ ਵਗਦਾ ਜਾਏ।
ਬਿਰਖਾਂ ਦਾ ਝੁਰਮਟ ਲਹਿਰਾਏ
ਜਾਂਦੇ ਰਾਹੀਆਂ ਨੂੰ ਬੁਲਾਏ ।
ਵੱਡੀ ਟਹਿਣੀ ਲਿਫਦੀ ਜਾਏ
ਛੋਟੀ ਟਹਿਣੀ ਹੱਥ ਹਿਲਾਏ।
ਸੈਨਤਾਂ ਰਾਹੀਂ ਮੈਨੂ ਲੱਗਦਾ
ਮੇਰੀ ਕੋਈ ਗੱਲ ਸਮਝਾਏ ।
ਜੋ ਕੁਝ ਦਿਸਦਾ, ਕੀ ਨੇ ਮਾਹਣੇ ?
ਰੱਬ ਦੀਆਂ ਗੱਲਾਂ ਓਹੀ ਜਾਣੇ ।