ਆਪਣਾ ਮਨ ਜੇ ਮੰਨ ਜਾਏ, ਕੋਈ ਹੋਰ ਮਨਾ ਕੇ ਕੀ ਕਰਨਾ l
ਮਨ ਆਪਣੇ ਨੂੰ ਸਮਝਾਈਦਾ, ਕਿਸੇ ਨੂੰ ਸਮਝਾ ਕੇ ਕੀ ਕਰਨਾ l
ਕੋਈ ਬੋਲ ਕਬੋਲ ਕਰ ਜਾਏ, ਕੰਨਾਂ ਨੂੰ ਮੰਦਾ ਲੱਗ ਜਾਏ ,
ਆਪੇ ਹੀ ਚੁੱਪ ਵੱਟ ਲਈਏ, ਕੋਈ ਵੈਰ ਕਮਾ ਕੇ ਕੀ ਕਰਨਾ l
ਝਗੜੇ ਝੇੜੇ ਚਲਦੇ ਲੋਕਾਂ ਦੇ, ਪਾਣੀ ਵਿੱਚ ਪਈ ਮਧਾਣੀ ਏ,
ਦੋ ਘੜੀਆਂ ਜੱਗ ਦਾ ਮੇਲਾ, ਕੋਈ ਘੜੀ ਗੁਆ ਕੇ ਕੀ ਕਰਨਾ l
ਇੱਕ ਪਾਸੇ ਛੰਨਾ ਢਾਰੇ, ਕਿਤੇ ਉੱਚੇ ਮਹਿਲ ਚੁਬਾਰੇ,
ਕਿਸੇ ਦੇ ਨਾਲ ਨਾ ਜਾਣੇ ਨੇ, ਕੋਈ ਪਾਪ ਕਮਾ ਕੇ ਕੀ ਕਰਨਾ l
ਜਦੋਂ ਗੁੱਡੀ ਕਿਸੇ ਦੀ ਚੜ੍ਹ ਜਾਂਦੀ, ਭੀੜ ਲੋਕਾਂ ਦੀ ਲੱਗ ਜਾਂਦੀ,
ਜੋ ਮੈਂ ਦੀ ਟੀਸੀ ਤੇ ਚੜਿਆ, ਉਹਨੂੰ ਥੱਲੇ ਲਾਹ ਕੇ ਕੀ ਕਰਨਾ l
ਸੱਭ ਦਾ ਆਪਣਾ ਘਰ ਹੋਵੇ, ਕੋਈ ਰਹਿਣ ਬਸੇਰਾ ਖੁਸ਼ੀਆਂ ਦਾ,
ਆਪਣਾ ਮਹਿਲ ਉਸਾਰਨ ਲਈ, ਕੋਈ ਝੁੱਗੀ ਢਾਹ ਕੇ ਕੀ ਕਰਨਾ l
ਸੱਚ ਝੂਠ ਦੇ ਦੋਨੋ ਪਾਸੇ ਨੇ, ਧੋਖੇ ਵਿੱਚ ਫ਼ਸਦੇ ਖਾਸੇ ਨੇ,
ਲਾਲਚ ਦੇ ਮਾਰੇ ਹੋਏ ਨੂੰ, ਹੁਣ ਦਿਲਦਾਰ ਬਣਾ ਕੇ ਕੀ ਕਰਨਾ l
ਸੁੱਖ ਦੁੱਖ ਆਉਂਦੇ ਜਾਂਦੇ ਨੇ, ਹੱਸਾਉਂਦੇ ਤੇ ਰੁਲਾਉਂਦੇ ਨੇ,
ਉਮਰਾਂ ਦੇ ਲੰਬੇ ਰਾਹਾਂ ਤੇ, ਕੋਈ ਰੋਗ ਲਵਾ ਕੇ ਕੀ ਕਰਨਾ l
ਮਨ ਵਾਲ਼ਾ ਘੋੜਾ ਭੱਜਦਾ ਏ, ਕਦੇ ਹੱਲ ਨਾ ਕੋਈ ਲਭਦਾ ਏ,
ਰਸਤਾ ਆਪਣਾ ਲੈ ਲਈਏ, ਰਾਹ ਮੜ੍ਹੀ ਦੇ ਜਾ ਕੇ ਕੀ ਕਰਨਾ l
ਮਨ ਆਪਣੇ ਵਿੱਚ ਵੜਿਆ ਈ ਨਾ, ਸਾਫ਼ ਸਫਈਆ ਕਰਿਆ ਈ ਨਾ,
ਬਾਹਰ ਦੀ ਪੋਚਾ ਪਾਚੀ ਦੀ, ਫੋਕੀ ਦਿੱਖ ਦਿਖਾ ਕੇ ਕੀ ਕਰਨਾ l
ਮਨ ਆਪਣੇ ਨੂੰ ਟਿਕਾਈਦਾ, ਭਰਮਾਂ ਵਿੱਚ ਦੀ ਕਿਉਂ ਜਾਈਦਾ,
ਇੱਕ ਪਾਸੇ ਮਨ ਲੱਗ ਜਾਏ ਤਾਂ, ਡਿਕ ਡੋਲੇ ਖਾ ਕੇ ਕੀ ਕਰਨਾ l
ਭੱਜ ਨੱਠ ਦਿਸਦੀ ਲੋਕਾਂ ਦੀ, ਰਾਹਾਂ ਤੇ ਲੱਗੀਆਂ ਰੋਕਾਂ ਦੀ,
ਮਨ ਆਪਣਾ ਨਿਰਮਲ ਹੋ ਜਾਏ, ਨਿੱਤ ਠੇਸਾਂ ਖਾ ਕੇ ਕੀ ਕਰਨਾ l