ਤੇਜ਼ ਰਫ਼ਤਾਰੀ, ਮੌਤ ਦੀ ਤਿਆਰੀ
(ਲੇਖ )
ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਅਜਾਈਂ ਮੌਤਾਂ ਹੋ ਰਹੀਆਂ ਹਨ, ਛੋਟੇ-ਛੋਟੇ ਬੱਚੇ-ਬੱਚੀਆਂ, ਨੌਜਵਾਨ, ਬਜ਼ੁਰਗ ਸੜਕਾਂ ਤੇ ਹੋ ਰਹੇ ਇਸ ਮੌਤ ਰੂਪੀ ਤਾਂਡਵ ਦਾ ਸ਼ਿਕਾਰ ਬਣ ਰਹੇ ਹਨ, ਉੱਥੇ ਪਰਿਵਾਰਾਂ ਦੇ ਪਰਿਵਾਰ ਵੀ ਇਸ ਸੜਕੀ ਅੱਤਵਾਦ ਦੇ ਕਾਲੇ ਪ੍ਰਛਾਵੇਂ ਦੀ ਲਪੇਟ ਵਿੱਚ ਆ ਚੁੱਕੇ ਹਨ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਘੰਟੇ ਦੌਰਾਨ ਲਗਭਗ 56 ਸੜਕੀ ਹਾਦਸੇ ਹੁੰਦੇ ਹਨ ਜਿੰਨ੍ਹਾਂ ਵਿੱਚ 16 ਮੌਤਾਂ ਹੁੰਦੀਆਂ ਹਨ ਅਤੇ ਸੜਕੀ ਆਵਾਜਾਈ ਮੰਤਰਾਲੇ ਅਨੁਸਾਰ ਇੱਕ ਸਾਲ ਵਿੱਚ 1.39 ਲੱਖ ਤੋਂ ਜ਼ਿਆਦਾ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਦਿੰਦੇ ਹਨ।
ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜ ਵਿੱਚ ਹੋਈ ਦੋ ਦਿਨਾਂ ਰਾਸ਼ਟਰੀ ਪੱਧਰ ਟ੍ਰਾਮਾ ਕਾਨਵਲੇਵ ਵਿੱਚ ਜੁੜੇ ਡਾਕਟਰਾਂ ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਹਰ ਸਾਲ 6 ਮਿਲੀਅਨ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਲੈਂਦੇ ਹਨ। ਇਸ ਹਿਸਾਬ ਨਾਲ ਦੁਨੀਆਂ ਵਿੱਚ ਹਰ 6 ਸਕਿੰਟ ਵਿੱਚ ਸੜਕ ਹਾਦਸੇ ਦੌਰਾਨ ਇੱਕ ਮੌਤ ਹੋ ਰਹੀ ਹੈ। ਜਦਕਿ ਭਾਰਤ ਅੰਦਰ ਦੂਜੇ ਦੇਸਾਂ ਦੇ ਮੁਕਾਬਲੇ ਸੜਕੀ ਹਾਦਸਿਆਂ ਵਿੱਚ 10 ਫ਼ੀਸਦੀ ਜ਼ਿਆਦਾ ਮੌਤਾਂ ਹੁੰਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਤੇਜ਼ ਰਫ਼ਤਾਰ ਦੇ ਸ਼ੌਕੀਨ 70 ਫ਼ੀਸਦੀ ਨੌਜਵਾਨ ਆਪਣੀ ਜਾਨ ਗਵਾਉਂਦੇ ਹਨ।
ਜਰੀਦਾ ਨਾਮ ਦੀ ਪੰਜਾਬੀ ਕਿਤਾਬ ਵਿੱਚ ਮੈਂ ਇਸੇ ਵਿਸ਼ੇ ਬਾਬਤ ਪੜ੍ਹ ਰਹੀ ਸੀ ਤਾਂ ਅੱਗੇ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਪ੍ਰਾਪਤ ਹੋਈ ਕਿ, ‘ਪੰਜਾਬ ਰਾਜ ਦੇ 14 ਜ਼ਿਲ੍ਹਿਆˆ ਦੀਆਂ ਸੜਕਾˆ ਤੇ ਹੋਣ ਵਾਲੇ ਲਗਾਤਾਰ ਹਾਦਸਿਆˆ ਵਾਲੀਆਂ 391 ਥਾਵਾਂ ਨੂੰ ‘ਬਲੈਕ ਸਪਾਟ’ ਦਾ ਨਾਮ ਦੇ ਦਿੱਤਾ ਗਿਆ ਹੈ। ਕੇˆਦਰੀ ਸੜਕ ਆਵਾਜਾਈ ਮਹਿਕਮੇ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿਚ ਸੜਕ ਹਾਦਸਿਆˆ ਵਿੱਚ 2017 ਦੇ ਮੁਕਾਬਲੇ 2018 ਦੌਰਾਨ ਢਾਈ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਹਾਦਸਿਆˆ ਦੌਰਾਨ ਮਰਨ ਵਾਲਿਆˆ ਦੀ ਗਿਣਤੀ 'ਚ 6.2 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ। ਸਾਲ 2018 ਦੌਰਾਨ ਪੰਜਾਬ 'ਚ ਤੇਜ਼ ਰਫ਼ਤਾਰੀ ਕਾਰਨ 2540 ਲੋਕਾˆ ਦੀਆਂ ਜਾਨਾਂ ਗਈਆਂ। ਪੰਜਾਬ ਪੁਲਿਸ ਵਿੱਚ ਦੁਆਰਾ ਸੜਕ ਹਾਦਸਿਆˆ ਤੇ ਤਿਆਰ ਕੀਤੀ ਗਈ ਰਿਪੋਰਟ ਮੁਤਾਬਿਕ 2018 ਦੌਰਾਨ ਸੂਬੇ ਵਿਚ ਹਰ ਰੋਜ਼ ਔਸਤਨ 13 ਲੋਕਾˆ ਦੀ 'ਚ ਮੌਤ ਸੜਕ ਹਾਦਸਿਆˆ ਵਿੱਚ ਹੋਈ, ਜਿਸ ਦੇ ਪਿਛੇ ਤੇਜ਼ ਰਫ਼ਤਾਰੀ ਨੂੰ ਤੇਜ਼ ਹੀ ਵੱਡਾ ਕਾਰਨ ਮੰਨਿਆ ਗਿਆ। ਸੜਕਾˆ 'ਤੇ ਹਾਦਸਿਆˆ ਦੌਰਾਨ ਹੋਈਆˆ ਮੌਤਾˆ ਦੇ ਮਾਮਲੇ ਵਿਚ ਜ਼ਿਲ੍ਹਾ ਰੋਪੜ ਪਹਿਲੇ, ਫ਼ਤਹਿਗੜ੍ਹ ਸਾਹਿਬ ਦੂਜੇ ਅਤੇ ਮੋਹਾਲੀ ਤੀਸਰੇ ਸਥਾਨ 'ਤੇ ਹਨ। 2018 ਦੌਰਾਨ ਤੇਜ਼ ਰਫ਼ਤਾਰੀ ਦੇ ਚਲਦੇ ਜਿਥੇ 540 ਲੋਕਾˆ ਦੀ ਜਾਨ ਗਈ ਉਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆˆ ਵਿਚ ਵੀ 85 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ।’
ਹਾਲਾਤ ਐਸੇ ਬਣੇ ਹੋਏ ਹਨ ਜਿਵੇਂ ਕਿ ਸੜਕੀ ਹਾਦਸੇ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹੋਣ। ਅਸੀਂ ਸਾਰੇ ਇਸ ਮਾਮਲੇ ਪ੍ਰਤੀ ਚਿੰਤਤ ਤਾਂ ਹਾਂ, ਪਰ ਇਸਦਾ ਹੱਲ ਕੱਢਣ ਨੂੰ ਤਿਆਰ ਨਹੀਂ ਹਾਂ। ਮੇਰੇ ਵਿਚਾਰਾਂ ਅਨੁਸਾਰ ਸੱਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਅਤੇ ਸੰਜੀਦਾ ਹੋਵੇ ਅਤੇ ਪੂਰੀ ਸਖ਼ਤੀ ਵਰਤਣੀ ਸ਼ੁਰੂ ਕਰੇ ਤਾਂ ਸ਼ਾਇਦ ਇਸ ਸੜਕੀ ਹਾਦਸਿਆਂ ਤੇ ਰੋਕ ਲੱਗ ਸਕਦੀ ਹੈ।
ਇਸ ਤੋਂ ਇਲਾਵਾ ਕੀ ਕੀਤਾ ਜਾਵੇ ਜਾਂ ਕੀ ਹੋਣਾ ਚਾਹੀਦਾ ਹੈ ਤਾਂ ਸੱਭ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਸਖ਼ਤੀ ਵਰਤੇ, ਇੱਕ ਜਾਂ ਦੋ ਵਾਰ ਚਿਤਾਵਨੀ ਤੋਂ ਬਾਅਦ ਲਾਇੰਸਸ ਧਾਰਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ। ਬਿਨ੍ਹਾਂ ਡਰਾਈਵਿੰਗ ਟੈਸਟ ਪਾਸ ਕੀਤੇ ਲਾਇਸੰਸ ਜਾਰੀ ਕਰਨੇ ਮੁਕੰਮਲ ਰੂਪ ਵਿੱਚ ਸਖ਼ਤੀ ਨਾਲ ਬੰਦ ਹੋਣ। ਲੋਕ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜਾਨਾਂ ਦੀ ਕੀਮਤ ਨੂੰ ਸਮਝਣ। ਟ੍ਰੈਫਿਕ ਨਿਯਮਾਂ ਦਾ ਪੂਰਾ ਪੂਰਾ ਗਿਆਨ ਹੋਵੇ। ਗੱਡੀਆਂ ਦੀ ਰਫ਼ਤਾਰ ਤੈਅ ਕੀਤੀ ਗਈ ਗਤੀ ਤੋਂ ਵਧੇਰੇ ਨਾ ਕੀਤੀ ਜਾਵੇ। ਸੜਕ ਪਾਰ ਕਰਨ ਵਾਲੇ ਪੂਰੀ ਚੇਤਨਤਾ ਨਾਲ ਸੜਕ ਪਾਰ ਕਰਨ ਵੇਲੇ ਦੋਨੋਂ ਪਾਸਿਉਂ ਸੁਰੱਖਿਆ ਯਕੀਨੀ ਬਣਾ ਲਈ ਜਾਵੇ। ਗਲੀਆਂ, ਬਾਜ਼ਾਰਾਂ ਵਿੱਚ ਦੋ ਪਹੀਆ ਵਾਹਨਾਂ ਦੀ ਗਤੀ ਧੀਮੀ ਹੋਵੇ ਉੱਥੇ ਹਰ ਮੋੜ ਤੇ ਹਾਰਨ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਕਿ ਗਲੀ ਮੋੜ ਤੋਂ ਨਿਕਲਣ ਵਾਲਾ ਰਾਹਗੀਰ ਸੁਚੇਤ ਹੋ ਸਕੇ। ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਦੀ ਵਰਤੋਂ ਬਿਲਕੁਲ ਨਾ ਕਰਨ ਦਿੱਤੀ ਜਾਵੇ। ਸਕੂਲਾਂ ਵਿੱਚ ਅਕਸਰ ਛੁੱਟੀ ਵੇਲੇ ਵਿਦਿਆਰਥੀ ਆਪਣੇ ਤਿੰਨ ਚਾਰ ਦੋਸਤਾਂ ਨੂੰ ਇੱਕੋ ਹੀ ਮੋਟਸਾਈਕਲ ਉੱਤੇ ਬਿਠਾ ਲੈਂਦੇ ਹਨ, ਇਸ ਉੱਤੇ ਸਕੂਲ ਪ੍ਰਬੰਧਕ ਸਖ਼ਤੀ ਨਾਲ ਰੋਕ ਲਗਾਉਣ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਣ ਜ਼ਰੂਰੀ ਅਤੇ ਵੱਡੀ ਰਕਮ ਵਿੱਚ ਵਸੂਲਿਆ ਜਾਵੇ। ਓਵਰਟੇਕ ਕਰਨ ਵੇਲੇ ਮੁਕੰਮਲ ਰੂਪ ਵਿੱਚ ਇਹਤੀਆਤ ਵਰਤੀ ਜਾਵੇ।
ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਹੈ, ਪਰ ਉਹਨਾਂ ਨੂੰ ਵਾਹਨ ਚਲਾਉਣਾ ਦੇਣ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਸੋਚਣ ਦਾ ਤਰੀਕਾ ਕੀ ਹੈ? ਕਿਉਂਕਿ ਬੱਚੇ ਸ਼ਰਾਰਤੀ ਹੁੰਦੇ ਹਨ, ਉਹ ਨਹੀਂ ਸੋਚਦੇ ਕਿ ਓਵਰ ਸਪੀਡ ਨਾਲ ਉਹਨਾਂ ਦਾ ਕਿਸੇ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ। ਬੱਚਿਆਂ ਦੇ ਦੋਸਤ ਬਣ ਕੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਕਿਉਂਕਿ ਘਰ ਕਦੇ ਵੀ ਨਾ ਪਹੁੰਚਣ ਨਾਲੋਂ ਕਿਤੇ ਚੰਗਾ ਹੈ ਕਿ ਘਰ ਜ਼ਰਾ ਮਾਸਾ ਦੇਰੀ ਨਾਲ ਪਹੁੰਚਿਆ ਜਾਵੇ। ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਅਸੀਂ ਆਪ ਵੀ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਬੇਸ਼ਕਿਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਮੀਨ!