ਖ਼ਬਰਸਾਰ

  •    ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ / ਈ ਦੀਵਾਨ ਸੋਸਾਇਟੀ ਕੈਲਗਰੀ
  •    ਸਰਕਾਰੀ ਕਾਲਜ ਟਾਂਡਾ ਵਿਖੇ ਕਹਾਣੀਕਾਰ ਲਾਲ ਸਿੰਘ ਨਾਲ ਰੂਬਰੂ / ਪੰਜਾਬੀਮਾਂ ਬਿਓਰੋ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਹੋਈ / ਪੰਜਾਬੀਮਾਂ ਬਿਓਰੋ
  •    ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ / ਪੰਜਾਬੀਮਾਂ ਬਿਓਰੋ
  • ਘੱਗਰ ਕੰਢੇ ਦੇ ਕਜ਼ਾਕ (ਪੁਸਤਕ ਪੜਚੋਲ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੰਜਾਬ ਵਿਚ ਨਸ਼ਿਆਂ ਤੋਂ ਚਿੰਤਤ ਨਾਵਲ

    ਘੱਗਰ ਕੰਢੇ ਦੇ ਕਜ਼ਾਕ

    ਲੇਖਕ ---ਹਰਜੀਤ ਕੌਰ ਵਿਰਕ

    ਪ੍ਰਕਾਸ਼ਕ ----ਦੀ ਬੁੱਕ ਹਾਈਵੇ ਆਹਨ ਖੇੜੀ( ਮਲੇਰਕੋਟਲਾ)

    ਪੰਨੇ ---152  ਮੁੱਲ ----250 ਰੁਪਏ

    ਗਲਪਕਾਰ ਹਰਜੀਤ ਕੌਰ ਵਿਰਕ ਦਾ ਇਹ ਪੰਜਵਾਂ ਨਾਵਲ ਹੈ । ਇਸ ਤੋਂ ਪਹਿਲਾਂ ਉਸਦੇ ਚਾਰ ਨਾਵਲ ਛਪ  ਚੁਕੇ ਹਨ। ਪਹਿਲਾਂ ਛਪੇ ਨਾਵਲਾਂ ਵਿਚ ਉਨੀਂਦੀ ਅੱਖ ਦਾ ਸੁਪਨਾ ,ਇਕ ਟੋਟਾ ਜਨਮ ਭੁਮੀ ,ਬਚੇ ਸ਼ਰਨ ਜੁ ਹੋਇ ਸਾਹਿਤਕ ਖੇਤਰ ਵਿਚ ਬਹੁਤ ਚਰਚਿਤ ਹੋਏ । ਬਚੇ ਸ਼ਰਨ ਜੁ ਹੋਇ ਸ਼ਿਖ ਇਤਿਹਾਸ ਦਾ ਪਿਆਰਾ ਨਾਵਲ ਹੈ । ਇਸ ਨਾਵਲ ਨੂੰ ਰਾਗ ਪੁਰਸਕਾਰ ,2023 ਮਿਲਿਆ ਹੈ । ਨਾਵਲਕਾਰ ਦੇ ਦੋ ਕਾਵਿ ਸੰਗ੍ਰਹਿ ਵੀ ਹਨ –ਲੁਕਿਆ ਦਰਦ (2013-14)ਬਾਲ ਕਹਾਣੀ ਸੰਗ੍ਰਹਿ ਦੋ ਫੁੱਲ (2023-24) ਨਾਵਲਕਾਰੀ ਬਾਰੇ ਲੇਖਿਕਾ ਦਾ ਆਪਣਾ  ਕਥਨ ਹੈ --- ਮੈਨੂੰ ਨਾਵਲ ਲਿਖਣਾ ਹੀ ਸੁੱਝਦਾ ਹੈ ਤੇ ਨਾਵਲ ਹੀ ਲਿਖਦੀ ਰਹਾਂਗੀ ।  ਇਹ ਹਥਲਾ ਨਾਵਲ ਉਸਦੇ ਭੂਤ ਅਤੇ ਭਵਿਖ ਦੇ ਅਨੁਭਵਾਂ ਵਿਚੋਂ ਪ੍ਰਾਂਪਤ ਗਲਪੀ ਰਚਨਾ ਹੈ । ਇਸ ਨਾਵਲ ਦੇ ਪਾਤਰਾਂ .ਘਟਨਾਵਾਂ ਤੇ ਥਾਂਵਾਂ   ਨਾਲ ਉਸਦੀ ਪੁਰਾਣੀ ਸਾਂਝ ਹੈ । ਉਸ ਸਮੇਂ ਦੀ ਸਾਂਝ ਜਦੋਂ ਲੇਖਿਕਾ ਅਧਿਆਪਕ ਸੀ । ਸਤਨਾਮ ਸਿੰਘ ਫੌਜੀ ਨਾਂ ਦੇ ਸ਼ਖਸ ਨੇ ਗੱਲਾਂ ਗੱਲਾਂ ਵਿਚ ਇਕ  ਪਿੰਡ ਦਾ ਚਿੱਠਾ ਖੋਲ੍ਹਿਆ ਤੇ ਇਹ ਨਾਵਲ ਹੋੰਦ ਵਿਚ ਆਇਆ । ਉਹ ਗੱਲਾਂ ਜਿਸ ਦਾ ਜ਼ਿਕਰ ਅਜ ਹਰ ਪੰਜਾਬੀ ਰੋਜ਼ ਅਖਬਾਰਾਂ ਵਿਚ ਤੇ ਮੀਡੀਆ ਵਿਚ ਪੜ੍ਹ ਸੁਣ ਤੇ  ਵੇਖ ਰਿਹਾ ਹੈ । ਨਸ਼ਿਆਂ ਨਾਲ ਗਰਸਿਆ ਪੰਜਾਬ ਜਿਸ ਦੀ ਚਿੰਤਾ ਹਰੇਕ ਦਾਨਿਸ਼ਵਰ ਬੰਦੇ ਨੂੰ ਹੈ। ਸਿਰਮੌਰ ਨਾਵਲਕਾਰ  ਜਸਵੰਤ ਸਿੰਘ ਕੰਵਲ ਨੇ ਪੰਜਾਬ ਦੀ ਇਸ ਦੁਰਦਸ਼ਾਂ ਦਾ ਜ਼ਿਕਰ ਕਈ ਵਾਰ ਕੀਤਾ ਸੀ ।

    ਅੱਜ ਪੰਜਾਬ ਦੇ ਛੇਵੇਂ ਦਰਿਆ ਦੀਆਂ ਗੱਲਾ ਹਰ ਹੱਟੀ ਭੱਠੀ ਹੋ ਰਹੀਆਂ ਹਨ । ਕਈ ਸਿਆਸੀ ਪਾਰਟੀਆਂ ਨੇ  ਨੇ ਨਸ਼ਿਆਂ ਨੂੰ ਆਪਣੀ ਚੋਣ ਦਾ ਮੁੱਦਾ ਵੀ ਬਣਾਇਆ । ਅਦਾਲਤਾਂ  ਵਿਚ ਕੇਸ ਚੱਲ ਰਹੇ ਹਨ ।   ਬਹੁਤ ਕਝ ਹੋ ਰਿਹਾ ਹੈ। ਇਹ ਨਾਵਲ ਇਨ੍ਹਾਂ  ਸਥਿਤੀਆਂ ਦੀ ਉਪਜ ਹੈ । ਨਾਵਲ ਵਿਚ  ਦਰਜਨ ਤੋਂ ਵੱਧ ਪਾਤਰ ਹਨ । ਕਾਂਡ 35 ਹਨ । ਬੂਟਾ ਨਾਵਲ ਦਾ ਮੁੱਖ ਪਾਤਰ ਹੈ ਜੋ ਕਿਸੇ ਵੇਲੇ ਐਨੇ ਨਸ਼ੇ ਕਰਦਾ ਰਿਹਾ ਸ਼ੀ ਕਿ ਨਸ਼ੇ ਪੂਰੇ ਕਰਨ ਲਈ ਉਸਨੇ ਆਪਣੀ ਮਾਂ ਦੀ ਇਜ਼ਤ ਨੂੰ ਦਾਅ ਤੇ ਲਾ ਦਿਤਾ । ਮਹਿਜ਼ ਚੰਦ ਰੁਪਏ ਲੈ ਕੇ ਆਪਣੀ ਮਾਂ. ਗੈਰ ਮਰਦ ਦੇ ਹਵਾਲੇ ਕਰ ਦਿਤੀ । ਇਹ ਕਾਂਡ ( 35 ਵਾਂ ) ਪੜ੍ਹ ਕੇ ਲੂੰਅ ਕੰਡੇ ਖੜੇ ਹੋ ਜਾਂਦੇ ਹਨ । ਨਸ਼ਿਆਂ  ਦਾ ਮਾਰਿਆ ਬੰਦਾ ਇਸ ਹੱਦ ਤਕ ਵੀ ਜਾ ਸਕਦਾ ਹੈ  ਕਿ ਰਿਸ਼ਤਿਆਂ ਦਾ ਐਨਾ ਘਾਣ ਕਰ ਦਿੰਦਾ ਹੈ ਇਹ ਘਟਨਾ ਇਸ ਨਾਵਲ ਦੀ ਵਿਸ਼ੇਸ਼ ਗੱਲ ਹੈ । ਪੜ੍ਹਨ ਵੇਲੇ ਸੰਵੇਦਨਸ਼ੀਲ ਪਾਠਕ ਦੀ ਰੂਹ ਕੰਬ ਜਾਂਦੀ ਹੈ । ਕਿਤਾਬ ਦੇ ਟਾਈਟਲ ਤਸਵੀਰ ਵਿਚ  ਬੂਟੇ ਦੇ ਹਥ ਗੰਡਾਸੀ ਹੈ । ਅਧੂਰੀ ਤਸਵੀਰ ਹੈ ।ਸਿਰਫ ਗੰਡਾਸੀ ਵਿਖਾਈ ਹੈ । ਉਸਦੀ ਇਹ ਗੰਡਾਸੀ ਨਾਵਲ ਵਿਚ ਥਾਂ ਥਾਂ ਤੇ ਡਰ ਪੈਦਾ ਕਰਦੀ ਹੈ । ਬੂਟਾ ਕਈ ਵਾਰੀ  ਕਹਿੰਦਾ ਹੈ ---ਮੈਂ ਇਹ ਕਰ ਦਿਆਂਗਾ ਉਹ ਕਰ ਦਿਆਂਗਾ । ਗੰਡਾਸੀ ਉਸ ਦੇ ਗੁਸੇ ਦੀ ਪ੍ਰਤੀਕ ਹੈ ।

    ਪ੍ਰਸਿਧ ਕਹਾਣੀਕਾਰ ਜਸਵੀਰ ਰਾਣਾ ਨੇ ਲਿਖਿਆ ਹੈ ਕਿ ਇਹ ਨਾਵਲ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇ ਦਰਿਆ ਵਿਚ ਭਰਵੀਂ ਚੂਲੀ ਭਰਦਾ ਹੈ ।ਨਸ਼ਿਆਂ ਦੀ ਦਲਦਲ ਵਿਚ ਧੱਸਿਆ ਅਜ ਦਾ ਮਨੁਖ ਜਿੱਥੇ ਜਾ ਪੁੱਜਾ ਹੈ ਇਹ ਨਾਵਲ ਇਕ ਪਾਸੇ ਤਾਂ ਉਸਦਾ ਸਿਰਨਾਵਾਂ ਲਭਦਾ ਹੈ ਤੇ ਦੂਜੇ ਪਾਸੇ ਨਸ਼ਾ ਮੁਕਤੀ ਦਾ ਰਾਹ ਉਲੀਕਦਾ ਹੈ ।ਨਾਵਲ ਵਿਚ ਨਾਰੀ ਲੇਖਿਕਾ ਨੇ ਨਸ਼ਾਖੋਰੀ ਤੋਂ ਨਸ਼ਾਂਬੰਦੀ ਤਕ ਫੈਲਿਆ ਗਲਪੀ ਬਿਰਤਾਂਤ ਸਿਰਜਿਆ ਹੈ ਜਸਵੀਰ ਰਾਣਾ ਨੇ ਲਿਖੀ ਬਿਰਤਾਂਤਕ ਭੂਮਿਕਾ ਨੂੰ ਅਠ ਸਿਰਲੇਖਾਂ ਵਿਚ ਪੂਰਾ ਕੀਤਾ ਹੈ । ਇਹ ਸਿਰਲੇਖ ਨਾਵਲ ਦਾ ਕੈਨਵਸ ਸਪਸ਼ਟ ਕਰਦੇ ਹਨ । ਜਸਵੀਰ ਰਾਣਾ ਨੇ ਨਸ਼ਾਂਬੰਦੀ ਲਈ ਕੀਤੇ ਜਾ ਰਹੇ ਦਾਨਿਸ਼ਵਰ ਪਾਤਰਾਂ ਦੇ ਉਪਰਾਲਿਆਂ ਵਿਚ ਸਾਖਰਤਾ ਅਤੇ ਲਾਇਬਰੇਰੀਆਂ  ਖੋਲ੍ਣ  ਨੂੰ ਪ੍ਰਮੁਖਤਾ ਨਾਲ ਲਿਖਿਆ ਹੈ । ਦਰੁਸਤ ਹੈ ਕਿ ਨਸ਼ਿਆਂ ਤੋਂ ਰੋਕ ਕਿਤਾਬਾਂ ਨਾਲ ਜੋੜ ਕੇ ਲਾਈ ਜਾ ਸਕਦੀ ਹੈ। ਇਂਨ੍ਹਾਂ ਯਤਨਾਂ ਨਾਲ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲਿਆ ਜਾ ਸਕਦਾ ਹੈ । ਨਾਵਲਕਾਰ ਨੇ ਪਿੰਡ ਦੇ ਬੱਚਿਆਂ ,ਨੌਜਵਾਨਾ, ਧੀਆਂ ,ਪਾਰਲਰ ਵਿਚ ਕੰਮ ਕਰਦੀਆ ਔਰਤਾਂ ,ਘਰੇਲੂ ਔਰਤਾਂ,  ਧਾਂਰਮਿਕ ਥਾਂਵਾਂ ਦੇ ਬਾਬੇ ,ਪੋਤਰੇ ਸਭ  ,ਨੂੰ ਨਸ਼ਿਆਂ ਵਿਚ ਗਰਸੇ ਵਿਖਾਇਆ ਹੈ । ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦਾ ਜ਼ਿਕਰ ਕੀਤਾ ਹੈ । ਹਰੇਕ ਕਾਂਡ ਵਿਚ ਇਹ ਦ੍ਰਿਸ਼ ਹਨ । ਪਾਤਰਾਂ ਦੀ ਵੀ ਭਰਮਾਰ ਹੈ । ਪਾਤਰਾਂ ੜਿਚ ਜਵਾਨ ਕੁੜੀ ਨੀਰੂ ,ਤਮੰਨਾ ,ਸੁਹੇਲ ,ਪਰਮੇਸ਼ਰੀ ਉਸਦੀਆ ਪਰੀਆਂ ਵਰਗੀਆਂ  ਦੋ ਧੀਆਂ ,ਤਸਕਰ ਸ਼ਮਸ਼ੇਰ ਅਰੋੜਾਂ , ਗੰਡਾਸੀ ਵਾਲੇ ,ਬੂਟੇ  ਦੀ ਬਜ਼ੁਰਗ ਮਾਂ ,ਮਾਸਟਰਨੀ ਸੁਰਿੰਦਰ ਕੌਰ, ਪਿੰਡ ਦੇ ਸਕੂਲ ਦਾ ਅਧਿਆਪਕ ਜਗਦੇਵ ਸਿੰਘ,ਮੂਲਾ ਰਾਅ, ਛਿੰਦਰਾਂ ਦਾਈ ,ਕੀਰਤੀ ਪਾਰਲਰ ਵਾਲੀ ਸਿਪਾਹੀ ,ਥਾਣੇਦਾਰ .ਪਿੰਡ ਦਾ ਸਰਪੰਚ ,ਲਾਲਾ ਕਿਸ਼ੋਰੀ ਰਾਮ ,ਉਸਦੇ ਨੂੰਹ ਪੁਤਰ ,ਕਰਨ ,ਸੁਖਮਨੀ ਇਸ ਜੋੜੇ ਦਾ ਪੁਤਰ ਚਿਤਵਨ  ਬਾਬਾ ਹਰਨਾਮ ਸਿੰਘ ,ਰਾਠਾ ਸਿੰਘ ,ਬੁਢਾਂ ਨਿਰੰਜਨ , ਯੋਧਾਂ ਬਾਈ ਪਿੰਡ ਦੇ ਦੁਕਾਨਦਾਰ ,ਨੂਪਾ ਸਿੰਘ ਆਦਿ ਹਨ । ਇਂਨ੍ਹਾਂ  ਪਾਤਰਾਂ  ਵਿਚ ਚੰਗੇ ਵੀ ਹਨ । ਸ਼ੁਕਰ ਹੈ ਕਿ  ਨਾਵਲ ਵਿਚ ਚੰਗੇ ਪਾਤਰਾਂ  ਦਾ ਬੀਅ ਨਾਸ ਨ੍ਹੀ ਹੋੲਆ । 

    ਨਾਵਲ ਦੀ ਦਾਸਤਾਨ ਇਕਸਾਰ ਨਹੀਂ  ਹੈ ਨਾ ਹੀ ਕਥਾ ਵਾਲਾ  ਰੰਗ ਹੈ  ।  ਪਿੰਡ ਦਾ ਨਸ਼ਈ ਨਕਸ਼ਾਂ ਹਰੇਕ ਕਾਂਡ ਚ ਉਸਰਦਾ ਹੈ । ਇਥੋਂ ਤਕ ਕਿ ਮੰਤਰੀ ਵੀ ਆਪਣਾ ਹਿੱਸਾ ਪੱਤੀ ਨਿਸ਼ੰਗ ਹੋ ਕੇ ਮੰਗਦੇ ਹਨ । ਨਸ਼ਿਆਂ ਦੇ ਮੁਖ ਕਾਰਨ ਹੀ ਇਹੋ ਜਿਹੇ ਵਿਗੜੇ ਪਾਤਰ ਹਨ । ਜਦੋਂ ਵਾੜ ਹੀ ਖੇਤ ਨੂੰ ਖਾਣ ਵਾਲੀ ਹੈ ਤਾਂ ਨਸ਼ੇ ਕਿਵੇਂ ਰੁਕਣ ? ਨਸ਼ਿਆਂ ਕਰਕੇ ਤਮੰਨਾ ਨਾ ਦੀ ਕੁੜੀ ਮਰਦੀ ਹੈ। ਉਸਦੀ ਲਾਸ਼ ਰੁਲਦੀ ਹੈ । ਨਸ਼ਾ ਇਧਰ ਉਧਰ ਪੁਚਾਉਣ ਦਾ ਕੰਮ ਕੁੜੀਆਂ   ਕਰ ਰਹੀਆਂ  ਹਨ । ਤੌਬਾ ਤੌਬਾ!  ! ਕੀ ਬਣੂੰ  ਪੰਜਾਬ ਦਾ ? ਨਾਵਲਕਾਰ ਦੀ ਚਿੰਤਾ ਵਾਜਬ ਹੈ । ਇਕ ਦ੍ਰਿਸ਼ ਵਿਚ ਯੂਨੀਵਰਸਿਟੀ ਦੇ ਗੇਟ ਤਕ ਨਸ਼ਾਂ ਪੁਚਾਇਆ ਜਾ ਰਿਹਾ ਹੈ। ਨਾਵਲਕਾਰ ਨੇ ਘਗਰ ਕੰਢੇ ਵਸਦੇ ਪਿੰਡ ਦੀ ਗਾਥਾਂ ਵਿਖਾਉਣ ਵਿਚ ਕੋਈ ਕਸਰ ਨ੍ਹੀ ਛਡੀ । ਕੁਝ ਕਾਂਡਾਂ ਵਿਚ ਬੂਟਾ ਪਾਤਰ ਗੰਡਾਸਾ ਪਕੜੀ “ਮੈਂ “ ਪਾਤਰ ਬਣਕੇ ਉਚਾਰਨ ਕਰਦਾ ਹੈ ।  ਜਿਵੇਂ ਉਹ ਆਪਣੇ  ਭੂਤ ਕਾਲ ਵਿਚ ਕੀਤੇ ਕੰਮਾਂ ਤੇ ਪਛਤਾਵਾ ਕਰ ਰਿਹਾ ਹੋਵੇ। ਅਖੀਰਲੇ ਕਾਂਡ ਵਿਚ ਉਸਦੀ ਗੰਡਾਸੀ ਨਾਲ ਉਸ ਬੰਦੇ ਦਾ ਕਤਲ ਹੁੰਦਾ ਹੈ । ਜਿਸ ਨੇ ਉਸਦੀ ਮਾਂ ਦੀ ਇਜ਼ਤ ਰੋਲੀ ਹੈ । ਇਹ ਦ੍ਰਿਸ਼ ਨਾਟਕੀ ਵੀ ਹੈ ਤੇ ਕਰੁਣਾਮਈ ਵੀ। ਕੁਝ ਕੁਝ ਫਿਲਮੀ ਅੰਦਾਜ਼ ਵਾਲਾ ਵੀ ਹੈ ।। ਡਾ ਪੁਸ਼ਵਿੰਦਰ ਕੌਰ ਨੇ ਨਾਵਲ ਦੇ ਪਾਤਰ ਮ੍ਹਿਦਰ ਸਿੰਘ ਨੂੰ ਸਿਆਣਪ ਦਾ ਮੁਜਸਮਾ ਕਿਹਾ ਹੈ । ਇਹ ਤੇ ਮਾਸਟਰ ਜਗਦੇਵ ਸਿੰਘ ਜਿਹੇ ਪਾਤਰ ਕਿਤਾਬਾਂ ,ਲਾਇਬਰੇਰੀ ਸਾਖਰਤਾ ਆਦਿ ਕੰਮਾ ਵਿਚ ਲਗ ਕੇ ਪਿੰਡ ਨੂੰ ਰੌਸ਼ਨ ਕਰਨ ਵਲ ਯਤਨਸ਼ੀਲ ਹਨ । ਇਹ ਨਾਵਲ ਨੂੰ ਵਖਰੀ ਉਸਾਰੂ  ਨੁਹਾਰ ਦੇਣ ਵਾਲੇ ਪਾਤਰ ਹਨ । ਸਮਕਾਲੀ ਯਥਾਰਥ ਪੇਸ਼ ਕਰਦੇ ਨਾਵਲ ਦਾ ਭਰਪੂਰ ਸਵਾਗਤ ਹੈ ।