ਗੈਰਾਂ ਦੇ ਵਾਂਗੂੰ ਮਿਲਦੇ ਯਾਰ ਪਿਆਰੇ ਵੇਖੇ ਮੈਂ।
ਆਪਣਿਆਂ ਦੇ ਵਾਅਦੇ ਵੀ ਬਣਦੇ ਲਾਰੇ ਵੇਖੇ ਮੈਂ।
ਜਾਤਾਂ ਦੇ ਜਿਸ ਭਰਮ ਵਿਚੋਂ ਸਾਨੂੰ ਕੱਢਿਆ ਸਤਿਗੁਰ ਸੀ,
ਉਸ ਹੀ ਭਵਰ ਵਿਚ ਫਸੇ ਹੋਏ ਅੱਜ ਸਾਰੇ ਵੇਖੇ ਮੈਂ।
ਡੇਰੇ ਵਾਲਾ ਬਾਬਾ ਸੀ ਜਿਸ ਨੂੰ ਨਾਗਣ ਆਖ ਰਿਹਾ,
ਸਾਰੇ ਚੇਲੇ ਉਸ ਤੋਂ ਜਾਂਦੇ ਬਲਿਹਾਰੇ ਵੇਖੇ ਮੈਂ।
ਜੋ ਗੱਲੀਂ ਬਾਤੀਂ ਦੇਣ ਨਸੀਹਤ ਰਲ ਮਿਲ ਬੈਠਣ ਦੀ
ਸਭ ਧਰਮਾਂ ਦੀ ਆੜ ਵਿਚ ਲੁਕੇ ਹਤਿਆਰੇ ਵੇਖੇ ਮੈਂ।
ਖੌਫ ਨਾ ਆਵੇ ਰੱਤੀ ਭਰ, ਧਰਮ ਦੇ ਠੇਕੇਦਾਰਾਂ ਨੂੰ ,
ਦੱਸ ਸਕਾ ਨਾ ਬੋਲ, ਇਨ੍ਹਾਂ ਦੇ ਜੋ ਕਾਰੇ ਵੇਖੇ ਮੈਂ।
ਵਿਹਲੜ ਤੇ ਕੰਮਚੋਰ ਸਦਾ ਸਿੱਧੂ ਐਸ਼ਾਂ ਕਰਦੇ ਨੇ,
ਨਾਲ ਮੁਸ਼ਕਲਾਂ ਕਿਰਤੀ ਦੇ ਹੁੰਦੇ ਗੁਜਾਰੇ ਵੇਖੇ ਮੈਂ।