ਡਿਊਟੀ ਜਾਣ ਲਈ ਕਾਹਲੇ ਨੌਕਰੀਪੇਸ਼ਾ ਨੂੰਹ-ਪੁੱਤ ਨੇ ਫਟਾ-ਫਟ ਫਾਰਮ ਭਰ ਬਿਰਧ ਆਸ਼ਰਮ ਦੇ ਪ੍ਰਬੰਧਕ ਹੱਥ ਫੜਾ ਦਿੱਤਾ। ਕਦੇ ਵਾਰ-ਵਾਰ ਘੜੀ ਵੱਲ ਤੇ ਕਦੇ ਫਾਰਮ ਦੀ ਘੋਖ ਪੜਤਾਲ ਕਰਦੇ ਪ੍ਰਬੰਧਕ ਨੂੰ ਵਿਆਕੁਲਤਾ ਨਾਲ ਦੇਖਦੇ ਨੂੰਹ-ਪੁੱਤ ਨੂੰ ਬਜੁਰਗ ਦੀਆਂ ਪਥਰਾਈਆਂ ਅੱਖਾਂ ਲਗਾਤਾਰ ਤਾੜ ਰਹੀਆਂ ਸਨ। ਗਹਿਰ ਗੰਭੀਰ ਹੋਏ ਬੈਠੇ ਬਜੁਰਗ ਦੇ ਝੁਰੜਾਏ ਚਿਹਰੇ 'ਤੇ ਅਚਾਨਕ ਹਲਕੀ ਜਿਹੀ ਮੁਸਕੁਰਾਹਟ ਉਭਰੀ ਜਿਵੇਂ ਅਤੀਤ ਦੇ ਝਰੋਖੇ 'ਚੋਂ ਆਪਣੇ ਇਕਲੌਤੇ ਲਾਡਲੇ ਬੇਟੇ ਦੇ ਬਚਪਨ ਦੀ ਕੋਈ ਪਿਆਰੀ ਜਿਹੀ ਸ਼ਰਾਰਤ ਦਿਸ ਗਈ ਹੋਵੇ, ਪਰ ਅਗਲੇ ਹੀ ਪਲ ਉਹ ਇਸ ਤਰਾਂ ਤ੍ਰਭਕਿਆ ਜਿਵੇਂ ਕਿਸੇ ਨੇ ਮੋਢਾ ਫੜ ਚੰਗੀ ਤਰਾਂ ਝਿੰਜੋੜ ਕੇ ਉਸਨੂੰ ਮੁੜ ਵਰਤਮਾਨ ਦੀ ਕੌੜੀ ਹਕੀਕਤ ਨਾਲ ਰੂਬਰੂ ਕਰਵਾ ਦਿੱਤਾ ਹੋਵੇ। ਚਿਹਰੇ 'ਤੇ ਮੁੜ ਸ਼ਿਕਨ ਦਾ ਪਸਾਰ ਹੋ ਗਿਆ। ਆਪਣੇ ਵਾਜੂਦ ਨੂੰ ਸਾਵਾਂ ਜਿਹਾ ਕਰਨ ਦੀ ਕੋਸ਼ਿਸ਼ 'ਚ ਉਸ ਇੱਕ ਠੰਡਾ ਜਿਹਾ ਸਾਹ ਭਰਿਆ, ਤੇ ਕੰਬਦੇ ਹੱਥਾਂ ਨਾਲ ਸਾਹਮਣੇ ਪ੍ਰਬੰਧਕ ਦੇ ਮੇਜ਼ ਤੋਂ ਦੋ ਫਾਰਮ ਚੁੱਕ ਬੇਹੱਦ ਧੀਮੀ ਆਵਾਜ਼ 'ਚ ਬੇਟੇ ਨੂੰ ਸਬੋਧਨ ਹੋਇਆ, "ਇਹ ਸਾਂਭ ਕੇ ਰੱਖ ਲਵੋਂ।" " ਅ .... ਅਸੀਂ ਕੀ ਕਰਨਾ..... ਇੰਨ੍ਹਾਂ ਦਾ ?" ਅਣਕਿਆਸਾ ਜਿਹਾ ਵਰਤਾਰਾ ਦੇਖ ਹੱਦੋਂ ਵੱਧ ਹੈਰਾਨ ਹੋਏ ਨੂੰਹ-ਪੁੱਤ ਦੇ ਮੂੰਹੋਂ ਕੱਠਿਆਂ ਹੀ ਨਿਕਲ ਗਿਆ। "ਇਹ ਫਾਰਮ ਤੁਸੀਂ ਘਰੋਂ ਹੀ ਭਰ ਲਿਆਇਓ, ਦੇਖੋ ਅੱਜ ਇੱਥੇ ਤੁਹਾਡਾ ਕਿੰਨਾ ਕੀਮਤੀ ਸਮਾਂ ਜ਼ਾਇਆ ਹੋ ਗਿਆ। ਵੈਸੇ ਮੇਰੀ ਤਾਂ ਕਿਸਮਤ ਚੰਗੀ ਹੀ ਜਾਣੋ, ਜੋ ਮੇਰੀ ਔਲਾਦ ਮੇਰਾ ਫਾਰਮ ਭਰਨ ਆ ਗਈ, ਕੀ ਪਤਾ ਕੱਲ੍ਹ ਤੁਹਾਡੀ ਔਲਾਦ ਕੋਲ ਐਨਾ ਸਮਾਂ .......।" ਬਜੁਰਗ ਦੀ ਅੱਧਵਾਟੇ ਛੱਡੀ ਗੱਲ ਨੇ ਜਿਵੇਂ ਉਨ੍ਹਾਂ ਦਾ ਡਰਾਵਣਾ ਭਵਿੱਖ ਸਾਖਸ਼ਾਤ ਸਾਹਮਣੇ ਪੇਸ਼ ਕਰ ਦਿੱਤਾ, ਜਿਸਨੂੰ ਦੇਖ ਦੋਵਾਂ ਨੂੰ ਧੁੜਧੜੀ ਆ ਗਈ।