ਵੰਨ ਸੁਵੰਨੇ ਦਿਲਚਸਪ ਲੇਖਾਂ ਦਾ ਸੰਗ੍ਰਹਿ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇ ਬੰਦਾ “ਬੰਦ” ‘ ਬਣ ਜਾਏ

ਲੇਖਕ -------ਬਿਕਰਮਜੀਤ ਨੂਰ

ਪ੍ਰਕਾਸ਼ਕ -----ਕੇ ਪਬਲੀਕੇਸ਼ਨਜ਼ ਬਰੇਟਾ (ਮਾਨਸਾ )

ਪੰਨੇ -------122 ਮੁੱਲ -----295 ਰੁਪਏ


ਬਹੁਪੱਖੀ  ਸਾਹਿਤਕਾਰ ਬਿਕਰਮਜੀਤ ਨੂਰ ਦੀਆਂ 400 ਤੋਂ ਉਪਰ  ਮਿੰਨੀ ਕਹਾਣੀਆਂ (ਦਸ ਕਿਤਾਬਾਂ ), ਗਜ਼ਲਾਂ, ਕਵਿਤਾਵਾਂ ,ਹਾਈਕੂ ,ਚਾਰ ਨਾਵਲ, ਸਵੈਜੀਵਨੀ, ਅਨੁਵਾਦ ,ਬਾਲ ਸਾਹਿਤ ,ਆਲ਼ੋਚਨਾ ,ਸੰਪਾਦਨਾ, ਜੀਵਨੀ (ਬ੍ਰਹਮ ਗਿਆਨੀ )ਲੇਖਾਂ ਦੀ ਹਥਲੀ ਕਿਤਾਬ ਸਮੇਤ ਦੋ ਦਰਜਨ ਕਿਤਾਬਾਂ ਛਪ ਚੁਕੀਆਂ ਹਨ ।  ਮੈਗਜ਼ੀਂਨ ਮਿੰਨੀ ਦੀ ਸ਼ਹਿ ਸੰਪਾਦਨਾ,   ਮੈਗਜ਼ੀਂਨ ਮੇਲਾ ( ਸੰਪਾਦਕ ਰਾਜਿੰਦਰ ਮਾਜ਼ੀ ਅਬੋਹਰ )ਵਿਚ ਸਹਿਯੋਗੀ ਮੈਬਰ  ਸਮੇਤ ਹੋਰ ਵੀ ਬਹੁਤ ਕੁਝ ਸ਼ੁਮਾਰ ਹੈ । ਹਥਲੇ ਲੇਖ ਸੰਗ੍ਰਹਿ ਵਿਚ  ਵੰਨ ਸੁਵੰਨੇ ਵਿਸ਼ਿਆਂ ਦੇ 36 ਲੇਖ ਹਨ । ਲੇਖਕ ਲੰਮਾ ਸਮਾਂ ਅਧਿਆਪਨ ਖੇਤਰ ਵਿਚ ਰਿਹਾ ਹੈ  ॥ਪਿਛਲੇ ਪੰਜ ਸਾਲਾਂ ਵਿਚ ਤਿੰਨ ਗੇੜੇ ਕੈਨੇਡਾ ਦੇ ਲਾ ਚੁੱਕਾ ਹੈ । ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਉਸ ਕੋਲ ਹੈ । ਇਸ ਲੇਖ ਸੰਗ੍ਰਹਿ ਵਿਚ ਉਸਦਾ ਇਹ ਤਜ਼ਰਬਾ ਮੂੰਹੋਂ ਬੋਲਦਾ ਹੈ । ਲੇਖਾਂ ਦੀ ਵਾਰਤਕ ਰਸੀਲੀ ,ਮੁਹਾਵਰੇਦਾਰ ,ਵਿਦਵਾਨਾਂ ਦੇ ਸਦੀਵੀ ਬੋਲ ,ਵਿਦੇਸ਼ੀ  ਦਾਰਸ਼ਨਿਕ ਹਵਾਲੇ ਦਿਲਚਸਪ ਬਿਰਤਾਂਤ ਸਮੇਤ ਸਵੈਜੀਵਨੀ ਵਾਲਾ  ਰੰਗ ਹੈ।

 ਲੇਖਾਂ ਵਿਚ ਉਸਦੇ ਚਾਚੇ (ਪਿਤਾ ) ਦੇ ਜੀਵਨ ਤਜ਼ਰਬੇ , ਬੇਬੇ ਦੀਆਂ  ਨੈਤਿਕ  ਸਿੱਖਿਆਵਾਂ ਵਿਚ ਰੰਗੀਆਂ  ਮਿੱਠੀਆਂ  ਝਾੜਾਂ, ਵੀਰ ਬਾਲੇ  ਦੀਆਂ ਬਾਤਾਂ,  ਆਪਣੇ ਬਚਪਨ ਦੀ  ਸਿੱਖਿਆ, ਮੁਢਲੀ ਸਿੱਖਿਆ ਵੇਲੇ ਦੇ ਅਧਿਆਪਕ ਤੇ ਸਕੂਲੀ ਅਧਿਆਪਨ ਸਮੇਂ ਦੇ ਅਧਿਆਪਕ ਤੇ ਮੁਖੀਆਂ  ਦਾ ਵਤੀਰਾ  ਸੁਭਾਅ  ਤੇ  ਹੋਰ ਬਹੁਤ ਯਾਦਾਂ ਹਨ । ਵਿਸ਼ੇਸ਼ ਗਲ ਹੈ ਕਿ ਇਹ ਸਭ ਕੁਝ ਕਹਾਣੀਨੁਮਾ ਰੰਗ ਵਿੱਚ ਹੈ । ਪਾਤਰਾਂ ਦੇ ਸਹਿਜਮਈ ਤੇ ਸੁਹਜ ਭਰਪੂਰ  ਸੰਵਾਦ ਹਨ । ਪ੍ਰਸਿਧ ਆਲੋਚਕ ਜਗਦੀਸ਼ ਰਾਏ ਕੁਲਰੀਆ ਦਾ ਕਥਨ ਹੈ ਕਿ ਬਿਕਰਮਜੀਤ ਨੂਰ ਦੀ ਵਾਰਤਕ ਰੌਚਿਕਤਾ ਭਰਪੂਰ ਹੈ ।ਅਕਾਊ ਨਹੀ  ਇਹ ਕਿਤਾਬ ਅੱਧੀ ਸਦੀ ਦਾ ਇਤਿਹਾਸ ਸਾਂਭੀ  ਬੈਠੀ ਹੈ। ਇਂਨ੍ਹਾਂ  ਲੇਖਾਂ ਵਿਚ ਪੁਰਾਣੇ ਪੰਜਾਬ ਦਾ ਸਭਿਆਚਾਰ ਝਲਕਾਂ ਮਾਰਦਾ ਹੈ । 

ਉਸ ਸਮੇਂ ਦੀ ਗੱਲ ਹੈ ਜਦੋਂ ਅਸੀਂ ਬਚਪਨ ਵਿਚ ਦੁੱਕੀਆਂ ਪੰਜੀਆਂ  ਦਸੀਆਂ ਸਕੂਲ ਵਿਚ  ਕੇ ਜਾਂਦੇ ਸੀ। ਅੱਧੀ ਛੁੱਟੀ ਵੇਲੇ ਮਰੂੰਡਾ ਖਾਇਆ  ਕਰਦੇ ਸੀ। ਨਿੱਕੇ ਨਿੱਕੇ ਸਿੱਕੇ ਸ਼ਾਂਭ ਸਾਂਭ ਰਖਿਆ ਕਰਦੇ ਸੀ। ਇਹ ਸਿੱਕੇ ਜੋ ਅਜ ਕਲ  ਅਜਾਇਬ ਘਰਾਂ ਵਿਚ ਸੰਭਾਂਲੇ ਹੋਏ ਹਨ (ਲੇਖ ਦੁੱਕੀਆਂ ਪੰਜੀਆਂ ਦਸੀਆਂ )  ਇਸ ਲੇਖ ਨੂੰ ਪੜ੍ਹ ਕੇ ਹਰੇਕ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ । ਆਪਣੇ ਵੀਰ ਬਾਲੇ ਨਾਲ ਸਿੱਕੇ ਵਟਾਉਣ ਦਾ ਪ੍ਰਸੰਗ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਹੈ। ਜਿਵੇਂ ਕੋਈ ਸੰਤ ਸਿਘ ਸੇਖੌਂ ਦੀ ਕਹਾਣੀ ਪ੍ਰੇਮੀ ਦੇ ਨਿਆਣੇ ਸੁਣਾ ਰਿਹਾ ਹੋਵੇ ।  ਬੱਚਿਆਂ ਦੀਆਂ ਭੋਲੀਆਂ ਜਿਹੀਆਂ ਗਲਾਂ ਪਰ ਇਹ ਗੱਲਾਂ ਤਾਂ ਬਿਕਰਮਜੀਤ ਨੂਰ ਦੇ ਆਪਣੇ ਬਚਪਨ ਦੀਆਂ ਹਨ । ਹੋਰ ਵੀ ਕਈ ਲੇਖਾਂ ਵਿਚ ਨੂਰ ਖੁਦ ਵਿਚਰਦਾ ਹੈ । ਕਿਤਾਬ ਦਾ ਸਿਰਲੇਖ ਵਾਲਾ ਲੇਖ ਵੀ ਲੇਖਕ ਦੀ ਬੀਐਡ ਕਰਦੇ ਸਮੇਂ ਦਾ ਵਿਸ਼ਾਂ ਸੀ ।ਜੋ ਉਸ ਨੇ ਪਰਚੀ ਕਢ ਕੇ ਖੁਦ ਜ਼ਬਾਨੀ ਬੋਲਿਆ ਸੀ ਤੇ ਅਧਿਆਪਕਾਂ ਤੋਂ  ਸ਼ਾਬਾਸ਼ ਮਿਲੀ ਸੀ। ਲੇਖ ਜੇ ਬੰਦਾ ਬੰਦਾ ਬਣ ਜਾਵੇ (ਪੰਨਾ43) ਪੜ੍ਹਨ ਵਾਲਾ ਹੈ ।  

 ਲੇਖਕ ਨੇ ਨਾਨਕ ਸਿੰਘ ਦੇ ਲਗਭਗ ਸਾਰੇ ਨਾਵਲ ਪੜ੍ਹੇ ਹਨ । ਨਾਨਕ ਸਿੰਘ ਦੇ ਪ੍ਰਸਿਧ ਨਾਵਲ ਪਵਿਤਰ ਪਾਪੀ ਦਾ ਇਕ ਪਾਤਰ ਹੈ ਕਿਦਾਰ । ਕਿਦਾਰ ਦੇ ਕਿਰਦਾਰ ਨੇ ਲੇਖਕ ਨੂੰ ਐਂਨਾ ਪ੍ਰਭਾਂਵਿਤ ਕੀਤਾ ਕਿ ਇਕ ਲੇਖ ਕਿਦਾਰ ਬਾਰੇ ਇਸ ਕਿਤਾਬ ਵਿਚ ਹੈ । ਪੁੰਨ ਤੇ ਪਾਪ ਦੇ ਵਿਚਕਾਰ ਕਿਦਾਰ ਜਿਸ ਤਰਾ ਲਟਕਦਾ ਹੈ ।ਉਸ ਦਾ ਜ਼ਿਕਰ ਪੜ੍ਹ ਕੇ ਨਾਵਲ ਪਵਿੱਤਰ ਪਾਪੀ   ਵਾਰ ਵਾਰ ਪੜ੍ਹਂਨ ਨੂੰ ਜੀਅ ਕਰਦਾ ਹੈ । ਨਾਵਲ ਪਿਤਾਮਾ  ਸਰਦਾਰ  ਨਾਨਕ ਸਿੰਘ ਦੀ ਨਾਵਲਕਲਾ ਦੀ ਉਸਤਾਦੀ ਦੀ ਝ਼ਲਕ ਮਿਲਦੀ ਹੈ।  ਇਸੇ ਵਾਸਤੇ ਇਸ ਨਾਵਲ ਤੇ ਫਿਲਮ ਵੀ ਬਣੀ ਸੀ । ਇਹ ਨਾਵਲ ਨਾਨਕ ਸਿਘ ਦਾ ਉੱਤਮ ਨਾਵਲ ਹੈ । ਲੰਮਾ ਸਮਾਂ ਪਵਿਤਰ ਪਾਪੀ  ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ ਰਿਹਾ ਹੈ।  ਨੂਰ ਦਾ ਇਹ ਲੇਖ  (ਪਵਿਤਰ ਪਾਪੀ –ਕਿਦਾਰ) ਉਸਦੀ ਨਾਨਕ ਸਿੰਘ ਵਿਚ ਰੁਚੀ ਨੂੰ ਰੂਪਮਾਨ ਕਰਦਾ  ਹੈ । ਕਿਤਾਬ ਦੇ ਹੋਰ ਲੇਖਾਂ ਵਿਚ” ਇਕ ਅਖਬਾਰ ਸੌ ਬਿਮਾਰ” ਵਿਚ ਹਾਸਰਸੀ ਰੰਗ ਹੈ ।   ਲੇਖਕ ਤੋਂ  ਅਖਬਾਰ ਮੰਗਣ ਵਾਲੇ ਕਿਤੇ ਦੀ ਕਿਤੇ ਲੈ ਜਾਂਦੇ  ਹਨ । ਅਖੀਰ ਗੁਆਂਢੀਆਂ ਦੀ ਕੁੜੀ ਆਪਣੀ ਕਾਪੀ ਤੇ ਕਵਰ ਚੜ੍ਹਾਂ ਲੈਂਦੀ ਹੈ। ਨੂਰ ਦੀ ਉਸ ਅਖਬਾਰ ਵਿਚ ਮਿੰਨੀ ਕਹਾਣੀ ਛਪੀ ਸੀ । ਮੰਗ ਕੇ ਅਖਬਾਰ ਪੜ੍ਹਨ ਵਾਲਿਆਂ ਨੂੰ   ਲੇਖਕ ਨਸੀਹਤ ਦਿੰਦਾ ਹੈ ।ਇਹ ਰਚਨਾ ਵਿਅੰਗ ਰੂਪ ਵਿਚ ਵੀ ਛਪ ਚੁਕੀ ਹੈ । ਲੇਖ ਹੋਰ ਦਸ ਸਾਲ ਵਿਚ ਲੇਖਕ ਦਾ ਚਾਚਾ (ਪਿਤਾ ) ਜ਼ਿੰਦਗੀ ਦੇ ਦਸ ਸਾਲ ਹੋਰ ਜਿਉਣਾ ਲੋਚਦਾ ਹੈ। ਜ਼ਿਕਰਯੋਗ ਹੈ ਕਿ ਲੇਖਕ ਦਾ ਚਾਚਾ 102 ਸਾਲ ਦੀ ਲੰਮੀ ਉਮਰ ਭੋਗ ਕੇ ਦੁਨੀਆਂ ਤੋ ਗਿਆ ਸੀ  । ਬੇਬੇ ਨੇ  ਵੀ  ਲੰਮੀ ਉਮਰ ਭੋਗੀ ਸੀ । “ਮਾਂ ਬਾਪ ਬਨਣਾ ਸ਼ੌਖਾ ਨਹੀ “ਵਿਚ ਮਾਪਿਆਂ ਨੂੰ ਬੱਚਿਆਂ  ਪ੍ਰਤੀ ਜ਼ਿੰਮੇਵਾਰੀ ਯਾਦ  ਕਰਾਈ ਹੈ । ਮੁੰਡੇ, ਮੁਬਾਈਲ ਤੇ ਮੋਟਰ ਸਾਈਕਲ ਲੇਖ  ਵਿਚ ਅਖਰ :ਮ” ਦੀ ਸਾਂਝ ਤੋਂ ਗੱਲ ਸ਼ੁਰੂ ਕਰਦਾ ਨੌਜਵਾਨਾਂ  ਨੂੰ ਸਿੱਖਿਆ ਦੇ ਜਾਂਦਾ ਹੈ  । “ਜੇ ਅਧਿਆਪਕ ਲੇਖਕ ਵੀ ਹੋਵੇ”  ਲੇਖ ਵਿਚ ਲੇਖਕ ਲਿਖਦਾ ਹੈ – ਅਧਿਆਪਕ ਲੇਖਕ ਹੋਵੇ ਤਾਂ ਉਹ ਬੁਧੀਮਾਨ  ਹੋਵੇਗਾ । ਵਿਦਿਆਰਥੀਆਂ ਲਈ ਵੀ ਮਾਨ ਵਾਲੀ ਗੱਲ ਹੁੰਦੀ ਹੈ । ਇਸ ਲੇਖ ਵਿਚ  ਲੇਖਕ ਨੂਰ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਥਨ ਲਿਖ ਕੇ ਪੰਜਾਬੀ  ਵਾਰਤਕ ਦੇ ਸ਼ਾਹ ਸਵਾਰ ਨੂੰ ਯਦ ਕੀਤਾ ਹੈ । ਕੁਝ ਹੋਰ ਹਵਾਲੇ ਵੀ ਹਨ । ਅਧਿਆਪਕਾਂ ਲਈ ਇਹ ਲੇਖ ਰਾਹ ਦਸੇਰਾ ਹੈ । ਲੇਖ “ਦੋ ਤੋਂ ਪਹਿਲਾਂ ਸਿਫਰ” ਵਿਚ ਲੇਖਕ ਨੇ ਬਚਪਨ ਵਿਚ ਤੀਸਰੀ ਜਮਾਤ  ਵਿਚ  20 ਲਿਖਣਾ ਸੀ ਪਰ  ਕਾਹਲੀ ਵਿਚ ਲਿਖ ਦਿਤਾ 02 । ਜ਼ੀਰੋ ਨੇ ਪੰਗਾ ਪਾ ਦਿਤਾ । ਅਧਿਆਪਕ ਤੋਂ ਸਜ਼ਾ ਦਿਵਾ ਦਿਤੀ । ਕਾਹਲੀ ਨਾ ਕਰਨ ਦੀ  ।ਸਿਖਿਆ ਮਿਲਦੀ ਹੈ । ਲੇਖਕ ਨੇ ਦਸਿਆ ਹੈ ਕਿ ਉਸਨੇ ਤੀਸਰੀ ਵਿਚ ਦੋ ਸਾਲ ਲਾਏ ਸੀ । ਸਕੂਲੋਂ ਵੀ ਨੱਸ ਜਾਂਦਾ ਸੀ ।

ਲੇਖ “ਸ਼ਰਾਬ-ਆਪੋ ਆਪਣਾ ਦ੍ਰਿਸ਼ਟੀਕੋਣ “ , ,ਚਾਚੇ ਦੀਆ ਗੱਲਾਂ ,ਹੋਰ ਦਸ ਸਾਲ ,ਗੁਆਂਢੀਆਂ ਪ੍ਰਤੀ ਵਤੀਰਾ ,। ਚੰਗੇ ਲੇਖ ਹਨ । ਲੇਖ “ਇਕ ਪ੍ਰਸ਼ਨ ਪਤਰ ਇਹ ਵੀ” ਵਿਚ ਸਮਜਿਕ ਨਿਘਾਰ ਤੇ ਵਿਅੰਗ ਕੀਤਾ ਹੈ । “ਦੋਸ਼” ਲੇਖ ਵਿਚ ਚੰਗੀ ਤਰਾਂ ਪ੍ਰੀਖਿਆ  ਡਿਊਟੀ ਕਰਨ ਵਾਲਾ ਅਧਿਆਪਕ ਦੋਸੀ ਬਣ ਜਾਂਦਾ ਹੈ  । ਹੈ ਕਿ ਨਾ ਉਲਟੇ ਬਾਂਸ ਬਰੇਲੀ ਨੂੰ । “ਪੁਆਧੀ  ਦੇ ਰੰਗ “ਲੇਖ ਵਿਚ ਉਪ ਬੋਲੀ  ਪੁਆਧੀ  ਦਾ ਜ਼ਿਕਰ ਹੈ । ਕਿਉਂ ਕਿ ਲੇਖਕ ਦਾ ਆਪਣਾ ਪਿੰਡ ਵੀ ਪੁਆਧ  ਇਲਾਕੇ ਵਿਚ ਹੈ। ਜਿਸ ਪਿੰਡ ਵਿਚ ਲੇਖਕ ਦਾ ਬਚਪਨ ਬੀਤਿਆ । ਕਿਤਾਬਾਂ ਦਾ ਮਹੱਤਵ ਇਕ ਲੇਖ( ਪੰਨਾ 98) ਵਿਚ ਹੈ ।ਕਿਤਾਬਾ ਪੜ੍ਹਨ ਬਾਰੇ ਵਿਦਵਾਨਾਂ ਦੇ ਮੁਲਵਾਨ ਕਥਨ ਹਨ (ਕਿਤਾਬਾਂ ਗਿਆਨ ਦਾ ਸੂਰਜ ਬਾਲਦੀਆਂ ਹਨ ਪੰਨਾ 98 ) “ਸਾਹਿਤਕ ਸਮਾਗਮ ਰਚਾਇਆ” ਲੇਖ ਵਿਚ ਪ੍ਰਧਾਨ, ਸਕਤਰ ਤੇ ਖਜ਼ਾਨਚੀ ਸਾਹਿਤਕ ਸਰੋਤਿਆ ਨੂੰ  ਅਤੇ ਮੁਖ  ਮਹਿਮਾਨ ਨੂੰ ਉਡੀਕਦੇ ਰਹਿੰਦੇ ਹਨ। ਅਖੀਰ ਜਿੰਦਰਾ ਲਾ ਕੇ ਤੁਰਨ ਲਗਦੇ ਹਨ ਤਾਂ ਮਹਿਮਾਨ ਪ੍ਰਗਟ ਹੋ ਜਾਂਦਾ ਹੈ । ਮਹਿਮਾਨ ਦੇ ਗਲ ਵਿਚ ਹਾਰ ਪਾ ਕੇ ਸਮਾਗਮ ਸਮੇਟ ਦਿਤਾ ਜਾਂਦਾ ਹੈ । ਪੁਸਤਕ ਦੇ ਸਾਰੇ ਲੇਖ ਪੜ੍ਹ ਕੇ ਆਨੰਦ  ਆ ਜਾਂਦਾ ਹੈ। ਪੇਪਰ ਬੈਕ ਵਿਚ ਚੰਗੀ ਦਿੱਖ ਤੇ ਸੋਹਣੀ ਛਪਾਈ ਵਾਲੀ  ਮੁਲਵਾਨ ਲੇਖਾਂ ਦੀ   ਕਿਤਾਬ  ਸੂਝਵਾਨ ਪਾਠਕਾਂ ਨੂੰ ਪੜ੍ਹਂਨ ਦੀ  ਦੀ ਸਾਹਿਤਕ   ਤਾਗੀਦ  ਕਰਦਾ ਹਾਂ । ਕਿਤਾਬ ਦਾ ਭਰਪੂਰ ਸਵਾਗਤ ਹੈ ।