ਯੁੱਧ (ਕਵਿਤਾ)

ਸੀ. ਮਾਰਕੰਡਾ   

Email: markandatapa@gmail.com
Cell: +91 94172 72161
Address:
Tapa Mandi Sangroor India
ਸੀ. ਮਾਰਕੰਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪੋ ਆਪਣਾ ਯੁੱਧ ਲੜਦੇ ਆ ਰਹੇ ਹਨ ਲੋਕ

ਵੇਖੋ ਕਿੱਦਾਂ ਜਿੱਤ ਕੇ ਇਹ ਜਾ ਰਹੇ ਨੇ ਲੋਕ।

ਇਹ ਲੋਕ ਯੁਧ ਜ਼ਿੱਤਣ ਲਈ ਬੜੇ ਛੜਯੰਤਰ ਰਚਦੇ ਨੇ

ਆਪਣੇ ਸਾਥੀਆਂ ਦਾ ਮਨੋਬਲ ਰੱਖਣ ਲਈ ਕਮਰਕਸੇ ਕਸਦੇ ਨੇ।

ਕਿੰਨ੍ਹਾ ਹੀ ਚਿਰ ਤੋਂ ਯੁੱਧ ਦੀ ਮਸ਼ਕ ਕਰਦੇ ਆ ਰਹੇ ਹਨ ਲੋਕ

ਵੇਖੋ ਕਿੱਦਾਂ ਜਿੱਤਕੇ ਇਹ ਜਾ ਰਹੇ ਹਨ ਲੋਕ।


ਇਹ ਲੋਕ ਯੁੱਧ ਜਿੱਤਣ ਲਈ ਡੂੰਘੀਆਂ ਸਾਜ਼ਸਾਂ ਘੜਦੇ ਨੇ

ਇਸ ਤਰ੍ਹਾਂ ਇਹ ਆਪੋ ਆਪਣਾ ਯੁੱਧ ਲੜਦੇ ਨੇ।

ਯੁੱਧ ਲੜਦਿਆਂ ਅਕਸਰ ਦੁਸ਼ਮਣਾ ਨਾਲ ਵੀ ਸਮਝੌਤੇ ਕਰ ਜਾਂਦੇ ਨੇ

ਅਜਿਹਾ ਕਰਦਿਆਂ ਇਹ ਮਰਨ ਤੋਂ ਪਹਿਲਾਂ ਹੀ ਮਰ ਜਾਂਦੇ ਨੇ।


ਸਮਝੋਤੇ ਜੋ ਚਿਰਜੀਵੀ ਨਹੀਂ ਹੁੰਦ,ੇ ਸਮਝੌਤੇ ਜੋ ਸਦੀਵੀ ਨਹੀਂ ਹੁੰਦੇ।

ਮਰਨ ਤੋਂ ਪਹਿਲਾਂ ਹੀ ਇਹ ਮਰਦੇ ਨੇ ਲੋਕ, ਮਰਕੇ ਵੀ ਆਪੋ ਵਿਚੀਂ ਯੁੱਧ ਕਰਦੇ ਨੇ ਲੋਕ।

ਇਹ ਲੋਕ ਨਹੀਂ ਜਾਣਦੇ ਕਿ ਯੁੱਧ ਦੀ ਵੀ ਮਰਿਯਾਦਾ ਹੁੰਦੀ ਹੈ

ਇਹ ਲੋਕ ਨਹੀਂ ਜਾਣਦੇ ਕਿ ਯੁੱਧ ਦੀ ਵੀ  ਪ੍ਰੀਭਾਸ਼ਾ ਹੁੰਦੀ ਹੈ।

ਬੇ ਸਮਝ ਫਿਰ ਵੀ ਯੁੱਧ ਕਰਦੇ ਜਾ ਰਹੇ ਨੇ ਲੋਕ

ਕਦੇ ਜਿੱਤਦੇ, ਕਦੇ ਹਰਦੇ ਆ ਰਹੇ ਨੇ ਲੋਕ।


ਇਹ ਲੋਕ ਯੁੱਧ ਲੜਦੇ ਨੇ ਸਿਰਫ਼ ਯੁੱਧ

ਜੋ ਅਹੁਦੇ ਲਈ ਵੀ ਹੋ ਸਕਦਾ ਹੈ,ਰਾਜ ਭਾਗ ਭੋਗਣ ਲਈ ਵੀ

ਜ਼ਰ ਖ਼ਾਤਰ ਵੀ ਹੋ ਸਕਦਾ ਹੈ, ਜੋਰੂ ਮਾਤਰ ਵੀ

ਜ਼ਮੀਨ ਲਈ ਵੀ ਹੋ ਸਕਦੈ, ਅਹਿਮ ਦੀ ਰੱਖਿਆ ਲਈ ਵੀ। 

ਬਹੁਤ ਕੁਝ ਲਈ ਕੀਤਾ ਜਾ ਸਕਦਾ ਹੈ ਯੁੱਧ

ਜਿਸ ਲਈ ਨਾ ਸੁੱਧ ਜ਼ਰੂਰੀ ਹੈ ਤੇ ਨਾ ਹੀ ਬੁੱਧ।


ਯੁੱਧ ਜਿੱਤਣ ਲਈ ਕੁਝ ਵੀ ਕੀਤਾ ਜਾ ਸਕਦਾ ਹੈ

ਅੰਮ੍ਰਿਤ ਦੀ ਥਾਂ ਵਿਸ਼ ਵੀ ਪੀਤਾ ਜਾ ਸਕਦਾ ਹੈ।

ਯੁੱਧ ਲਈ ਈਮਾਨ ਵੇਚਿਆ ਜਾ ਸਕਦੈ

ਯੁੱਧ ਲਈ ਭਗਵਾਨ ਵੇਚਿਆ ਜਾ ਸਕਦੈ।

ਯੁੱਧ ਜ਼ਮੀਰ ਗਿਰਵੀ ਕਰਵਾ ਸਕਦਾ ਹੈ।

ਯੁੱਧ ਸ਼ਮਸ਼ੀਰ ਲਾਂਭੇ ਧਰਵਾ ਸਕਦਾ ਹੈ।

ਯੁੱਧ ਨਿਹੱਥੇ ਵੀ ਕਰਿਆ ਜਾ ਸਕਦੈ

ਯੁੱਧ ਲਈ ਜਿਉਂਦਿਆਂ ਵੀ ਮਰਿਆ ਜਾ ਸਕਦੈ।

ਯੁੱਧ ਲਈ ਵਫ਼ਾ ਕਿੱਲੀ ਤੇ ਵੀ ਟੰਗੀ ਜਾ ਸਕਦੀ ਹੈ

ਯੁੱਧ ਖਾਤਰ ਆਤਮਾ ਗਿਰਗਿਟ ਦੀ ਤਰ੍ਹਾਂ ਕਈ ਰੰਗਾਂ ’ਚ ਰੰਗੀ ਜਾ ਸਕਦੀ ਹੈ 

ਯੁੱਧ ਲਈ ਦੁਸ਼ਮਣ ਤਾਂ ਕੀ ਦੋਸਤ ਵੀ, ਚੱਕਰਵਿਊ ‘ਚ ਫਸਾਇਆ ਜਾ ਸਕਦੈ

ਯੁੱਧ ਖ਼ਾਤਰ ਘਰ ਵੀ , ਰਣਭੁੂਮੀ ਬਣਾਇਆ ਜਾ ਸਕਦੈ।


ਯੁੱਧ ਲਈ ਜ਼ਰੂਰੀ ਨਹੀਂ ਕਿ ਤਹਿਜ਼ੀਬ ਦਾ ਧਿਆਨ ਧਰਿਆ ਜਾਵੇ

ਯੁੱਧ ਲਈ ਜ਼ਰੁੂਰੀ ਨਹੀਂ ਕਿ ਧਰਮ ਨੂੰ ਬਿਆਨ ਕਰਿਆ ਜਾਵੇ।

ਯੁੱਧ ਅੰਦਰ ਰਿਸ਼ਤਿਆਂ ਨਾਲ, ਕੋਈ ਸਰੋਕਾਰ ਨਹੀਂ ਹੁੰਦਾ 

ਯੁੱਧ ਤਾਂ ਇਕ ਗਰਜ਼ ਹੁੰਦੀ ਹੈ ਸੱਚ ਦਾ ਵਿਵਹਾਰ ਨਹੀਂ ਹੁੰਦਾ।


ਜੋ ਲੋਕ ਛਲ ਕਰਦੇ ਨੇ , ਅਸਲ ’ਚ ਓਹੀ ਵਿਜੈ ਵਰਦੇ ਨੇ।

ਉਹ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਕਦ ਮਾਰੀਚਕਾ ਬਣਕੇ,

 ਨਿਆਂ ਦੀ ਸੀਤਾ ਹਰ ਲੈਣ ਤੇ ਰਾਮ ਦੀ ਯੁੱਧ ਕਲਾ ਨੂੰ, ਕੱਖੋਂ ਹੌਲੀ ਕਰ ਦੇਣ।


ਮੈਂ ਹੁਣ ਸਮਝ ਗਿਆਂ ਯਾਰੋ ਕਿ ਯੁੱਧ ਦੀ ਕੀ ਮਰਿਯਾਦਾ ਹੁੰਦੀ ਹੈ

ਮੈਂ ਹੁਣ ਜਾਣ ਲਿਆ ਯਾਰੋ ਕਿ ਯੁੱਧ ਦੀ ਕੀ ਪ੍ਰੀਭਾਸ਼ਾ ਹੁੰਦੀ ਹੈ।

ਯੁੱਧ ਵਿਚ ਸਭ ਜ਼ਾਇਜ਼ ਹੁੰਦਾ ਹੈ , ਧੋਖਾ, ਛਲ, ਕਪਟ ਤੇ ਵਿਸ਼ਵਾਸ਼ਘਾਤ

ਝੂਠ, ਫਰੇਬ, ਕਮੀਨਗੀ ਤੇ ਆਤਮਘਾਤ। 

ਜੇ ਮੇਰਾ ਗੁਰੂ ਮੈਨੂੰ ਵੀ ਇਹ ਗੁਰ ਸਿਖਾ ਜਾਂਦਾ 

ਤਾਂ ਸੱਚ ਜਾਣਿਓਂ,  ਯੁੱਧ ’ਚ ਕੋਈ ਮੈਂ ਵੀ ਤਾਂ ਕੌਤਕ ਰਚਾ ਜਾਂਦਾ।

ਮੈਂ ਹੁਣ ਯੁੱਧ ਸਿਰ ਇਲਜ਼ਾਮ ਧਰਦਾ ਹਾਂ, ਅਜਿਹਾ ਯੁੱਧ ਕਰਨੋਂ ਤੌਬਾ ਕਰਦਾ ਹਾਂ।

ਮੈਂ ਹੀ ਬਦਕਿਸਮਤ ਹਾਂ ਜੋ ਯੁੱਧ ਜਿੱਤ ਕੇ ਵੀ ਹਰਦਾ ਹਾਂ, 

ਕੈਸੀ ਭਾਵੀ ਹੈ ਕਿ ਫਿਰ ਵੀ ਮੈਂ ਯੁੱਧ ਕਰਦਾ ਹਾਂ।