ਜੋ ਗੁਰ-ਪ੍ਰਮੇਸ਼ਰ ਪੂਜਦੀ ਸੋ ਧੰਨ ਸੁਹਾਗਣ ਨਾਰ
ਮੈਂ ਦੁਹਾਗਣ ਜਿਹੀ ਨੂੰ, ਨਾ ਸ਼ਬਦ-ਸੁਰਤਿ ਦੀ ਸਾਰ
ਸੁਹਾਗਣ:
ਮੁੱਖ ਮਸਤਕ ‘ਤੇ ਧੂੜੀ ਲਾਵੇ, ਭਾਗ-ਭਰੀ ਮੂੰਹ ਨੇ੍ਰੇ, ਸੰਝ ਸਵੇਰੇ
ਸੋਚ ਇਸ਼ਨਾਨਾ ਕਰਕੇ ਭਾਗੋ ਲਾਵੇ ਚਰਨੀਂ ਡੇਰੇ, ਪਹਿਲੇ ਪਹਿਰੇ
ਓਤ ਪਰੋਤੀ ਧੰਨ ਸੋਹਾਗਣ, ਪੀਢੇ ਗੰਢ ਵਧੇਰੇ, ਸਾਸਿ ਚਿਤੇਰੇ
ਕਰਮ-ਬਿਧਾਤੇ ਕਿਰਪਾ ਕੀਤੀ ਸੁਹਣੇ ਲੇਖ ਉਕੇਰੇ, ਸਿਰ ਤੇ ਤੇਰੇ
ਦੁਹਾਗਣ:
ਖਸਮੋਂ ਘੁੱਥੀ ਮੈਂ ਦੁਹਾਗਣ, ਅੱਧ-ਮੋਈ ਪਾਸੇ ਫੇਰਾਂ, ਅੱਖਾਂ ਟੇਰਾਂ
ਨਾਂ ਸੁੱਤੀ ਨਾਂ ਕੱਤ ਕਮਾਇਆ, ਕਿਹੜਾ ਸੂਤ ਅਟੇਰਾਂ, ਹੰਝੂ ਕੇਰਾਂ
ਨਾ ਬਾਣੀ ਨ ਬਾਤ ਪਛਾਣੀ, ਨਾ ਸਿਮਰਾਂ ਇੱਕ ਵੇਰਾਂ, ਕੇਹਾ ਚੇਰਾਂ
ਜਿੰਦ ਨਿਮਾਣੀ ਗੋਤੇ ਖਾਵੇ, ਅੰਦਰ ਘੁੰਮਨਘੇਰਾਂ, ਪੈਦੀਆਂ ਲੇਰਾਂ
ਸੁਹਾਗਣ:
ਅੰਬਾਂ ਤੇ ਜਿਉਂ ਬੈਠੀ ਕੋਇਲ, ਗੀਤ ਬਿਰਹੜੇ ਗਾਵੇ, ਲੈ ਲੈ ਹਾਵੇ
ਵਰਖਾ-ਬੂੰਦ ਬਿਨਾਂ ਚਾਤ੍ਰਿਕ ਨੂੰ , ਕੁੱਝ ਹੋਰ ਨਾ ਭਾਵੇ, ਤੇ ਤ੍ਰਿਹਾਵੇ
ਚਕਵੀ ਦੀ ਜਿਉਂ ਰਾਤ ਲੰਮੇਰੀ,ਕਦ ਸੂਰਜ ਉਦਿਆਵੇ,ਚਕਵਾ ਭਾਵੇ
ਭਾਗਭਰੀ ਲੋਚਾ ਇਉਂ ਕਰਦੀ ਕਦ ਬਾਹੜੀ ਵਲਾਵੇ, ਅੰਕਿ ਸਮਾਵੇ
ਦੁਹਾਗਣ:
ਮਾਇਆ ਮੱਤੀ ਮੈਂ ਦੁਹਾਗਣ ਦਾਤੇ ਨੂੰ ਵਿਸਰਾਵਾਂ, ਦਾਤ ਹੰਢਾਵਾਂ
ਪੱਕੇ ਰੰਗ ਮਜੀਠੇ ਨੂੰ ਛੱਡ, ਰੰਗ ਕਸੁੰਭਾ ਪਾਵਾਂ, ਕੂੜ ਕਮਾਵਾਂ
ਅੰਮ੍ਰਿਤ ਜਲ ਬਿਨ ਹੋਈ ਤੀਲਾ,ਰੋਜ਼ ਰੋਜ਼ ਮੁਰਝਾਵਾਂ,ਤੇ ਕੁਮਲਾਵਾਂ
ਨਦਰਿ ਕਰੇਂ ਜੇ ‘ਪ੍ਰੇਮਸਿੰਘ’ ਤੇ ਮੈਂ ਸੁੱਕੀ ਹਰੀਆਵਾਂ,ਬਖ਼ਸ਼ੀ ਜਾਵਾਂ