ਜੇ ਕੋਈ ਚੱਜਦਾ ਮੀਤ ਬਣਾ ਲੈਂਦੇ ਤਾਂ ਚੰਗਾ ਸੀ,
ਉਸ ਨੂੰ ਆਪਣਾ ਦੁੱਖ-ਸੁੱਖ ਸੁਣਾ ਲੈਂਦੇ ਤਾਂ ਚੰਗਾ ਸੀ।
ਪੈਸਾ ਆਉਂਦਾ-ਜਾਂਦਾ ਰਹਿੰਦਾ, ਉਹ ਮਾਣ ਨਾ ਇਸ ਤੇ ਕਰਨ,
ਧਨਵਾਨਾਂ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਐਵੇਂ ਸਾਰਾ ਪੈਸਾ ਖਰਚ ਲਿਆ ਬੇਸਮਝੀ ਵਿੱਚ ਹੀ,
ਔਖੇ ਸਮੇਂ ਲਈ ਵੀ ਥੋੜ੍ਹਾ ਬਚਾ ਲੈਂਦੇ ਤਾਂ ਚੰਗਾ ਸੀ।
ਐਵੇਂ ਗ਼ਮ ਆਪਣੇ ਦਿਲ 'ਚ ਉਮਰ ਭਰ ਲੈ ਕੇ ਫਿਰਦੇ ਰਹੇ,
ਆਪਣੇ ਨੈਣਾਂ ਚੋਂ ਨੀਰ ਵਹਾ ਲੈਂਦੇ ਤਾਂ ਚੰਗਾ ਸੀ।
ਕੰਮ ਕਰਕੇ ਬੰਦੇ ਦਾ ਕਿਹੜਾ ਕੁਝ ਘੱਟਦਾ ਹੈ ਯਾਰੋ,
ਆਪਣੇ ਦਿਲ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਨੋਟ ਕਮਾਉਣ ਲਈ ਜੋ ਬਦੇਸ਼ਾਂ ਵਿੱਚ ਧੱਕੇ ਖਾਂਦੇ ਨੇ,
ਉਹ ਆਪਣੇ ਦੇਸ਼ 'ਚ ਰੋਟੀ ਖਾ ਲੈਂਦੇ ਤਾਂ ਚੰਗਾ ਸੀ।
ਕੁਰਸੀ ਤੇ ਬੈਠਣ ਲਈ ਉਹ ਨਿੱਤ ਲੜਾਂਦੇ ਨੇ ਸਾਨੂੰ,
ਨੇਤਾਵਾਂ ਦਾ ਭੇਤ ਅਸੀਂ ਪਾ ਲੈਂਦੇ ਤਾਂ ਚੰਗਾ ਸੀ।