ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ
(ਖ਼ਬਰਸਾਰ)
ਕੈਲਗਰੀ -- ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ 11 ਜਨਵਰੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਮਹਾਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨ ਔਨਲਾਈਨ ਸ਼ਾਮਲ ਹੋਏ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ ਸਭ ਨੂੰ 'ਜੀ ਆਇਆਂ' ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ।
ਪ੍ਰੋਗਰਾਮ ਦਾ ਆਰੰਭ ਟੋਰੰਟੋ ਅਤੇ ਇੰਡੀਆ ਤੋਂ ਜੁੜੀ ਸੰਗਤ ਵਲੋਂ ਗਾਇਨ ਕੀਤੇ ਸ਼ਬਦਾਂ ਨਾਲ ਕੀਤਾ ਗਿਆ। ਕਵੀ ਦਰਬਾਰ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆ ਹੋਇਆਂ ਗੁਰਦੀਸ਼ ਕੌਰ ਗਰੇਵਾਲ ਅਤੇ ਸੁਜਾਨ ਸਿੰਘ ਸੁਜਾਨ ਜੀ ਨੇ ਕਵੀਆਂ ਦੀ ਜਾਣ ਪਛਾਣ ਕਰਾਉਣ ਉਪਰੰਤ ਸਭ ਨੂੰ ਵਾਰੀ ਵਾਰੀ ਮੰਚ ਤੇ ਆਉਣ ਦਾ ਸੱਦਾ ਦਿੱਤਾ।
ਸ਼ੁਰੂ ਵਿੱਚ ਬੁਤਾਲਾ ਜਿਲ੍ਹਾ ਅੰਮ੍ਰਿਤਸਰ ਤੋਂ ਆਏ ਗਾਇਕ ਬਲਕਾਰ ਸਿੰਘ ਬੱਲ ਜੀ ਨੇ, ਗੁਰਦੀਸ਼ ਕੌਰ ਗਰੇਵਾਲ ਜੀ ਦਾ ਲਿਖਿਆ ਗੀਤ, 'ਜੋਤ ਨੂਰਾਨੀ' ਸੁਰੀਲੀ ਆਵਾਜ਼ ਵਿੱਚ ਗਾ ਕੇ ਕਵੀ ਦਰਬਾਰ ਦਾ ਮਹੌਲ ਸਿਰਜ ਦਿੱਤਾ। ਅੰਬਾਲਾ ਤੋਂ ਆਏ ਮਹਾਨ ਪੰਥਕ ਸ਼ਾਇਰ ਗੁਰਚਰਨ ਸਿੰਘ ਜੋਗੀ ਜੀ ਨੇ ਆਪਣੀ ਲਿਖੀ ਬੇਦਾਵਾ ਕਵਿਤਾ ਰਾਹੀਂ ਇਤਿਹਾਸਕ ਘਟਨਾ ਦਾ ਦ੍ਰਿਸ਼ ਵਰਨਣ ਬਾਖੂਬੀ ਕੀਤਾ। ਟੋਰੰਟੋ ਤੋਂ ਆਏ ਨਾਮਵਰ ਸ਼ਾਇਰ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਆਪਣੀ ਰਚਨਾ, 'ਉਠੋ ਸੰਤੋ ਬਣੋ ਸਿਪਾਹੀ' ਬੁਲੰਦ ਆਵਾਜ਼ ਵਿੱਚ ਸੰਗਤ ਨਾਲ ਸਾਂਝੀ ਕੀਤੀ। ਇਥੋਂ ਹੀ ਆਏ ਸੁੰਦਰਪਾਲ ਕੌਰ ਰਾਜਾਸਾਂਸੀ ਨੇ, 'ਟੁੱਟੀ ਗੰਢ ਕੇ ਦਾਤਿਆ ਮੇਰੀ', ਕਵਿਤਾ ਰਾਹੀਂ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਯਾਦ ਕੀਤਾ। ਐਡਮੰਟਨ ਤੋਂ ਪਹੁੰਚੇ ਨੌਜਵਾਨ ਗੀਤਕਾਰ ਭੁਪਿੰਦਰਪਾਲ ਸਿੰਘ ਰੰਧਾਵਾ ਨੇ, 'ਮਾਂ ਗੁਜਰੀ ਦੇ ਲਾਲ ਜਿਹਾ, ਲਾਲ ਨਹੀਂ ਕੋਈ ਲੱਭਣਾ', ਆਪਣੇ ਵੱਖਰੇ ਅੰਦਾਜ਼ ਚ ਗਾ ਕੇ ਸਭ ਨੂੰ ਝੂਮਣ ਲਾ ਦਿੱਤਾ। ਕੈਲਗਰੀ ਦੇ ਉਭਰਦੇ ਸ਼ਾਇਰ ਅਮਨਪ੍ਰੀਤ ਸਿੰਘ ਦੁਲੱਟ ਦੀ ਗੈਰਹਾਜ਼ਰੀ ਕਾਰਨ, ਉਹਨਾਂ ਦੀ ਮਾਣਮੱਤੇ ਸਿੱਖ ਇਤਿਹਾਸ ਨੂੰ ਬਿਆਨ ਕਰਦੀ ਹੋਈ ਕਵੀਸ਼ਰੀ, 'ਦਸਵੇਂ ਗੁਰਾਂ ਦੀ ਦੀ ਪਾਵਾਂ ਬਾਤ ਸੰਗਤੇ' ਨੂੰ ਉਹਨਾਂ ਦੇ ਮਾਤਾ ਜੀ ਸਰਦਾਰਨੀ ਗੁਰਨਾਮ ਕੌਰ ਜੀ ਨੇ ਸੰਗਤ ਨਾਲ ਸਾਂਝਾ ਕੀਤਾ।
ਮੇਜ਼ਬਾਨ ਗੁਰਦੀਸ਼ ਕੌਰ ਨੇ ਵੀ ਆਪਣੀ ਬੈਂਤ ਛੰਦ ਚ ਲਿਖੀ ਰਚਨਾ, 'ਸਰਬੰਸ ਦਾਨੀ' ਸੁਣਾ ਕੇ ਵਾਹਵਾ ਖੱਟੀ- ਜਦ ਕਿ ਟੋਰੰਟੋ ਤੋਂ ਆਏ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਜੀ ਨੇ, ਦਸ਼ਮੇਸ਼ ਪਿਤਾ ਦੀ ਲਾਸਾਨੀ ਸ਼ਖ਼ਸੀਅਤ ਨੂੰ, ਬਿਆਨ ਕਰਦੀ ਹੋਈ ਭਾਵਪੂਰਤ ਕਵਿਤਾ ਸੁਣਾ ਕੇ ਕਵੀ ਦਰਬਾਰ ਨੂੰ ਸਿਖਰ ਵੱਲ ਤੋਰਿਆ। ਕੁੱਝ ਕਵੀਆਂ ਦੀ ਮਜਬੂਰੀ ਵੱਸ ਗੈਰਹਾਜ਼ਰੀ ਕਾਰਨ, ਭੁਪਿੰਦਰਪਾਲ ਸਿੰਘ ਨੂੰ ਦੁਬਾਰਾ ਸਮਾਂ ਦਿੱਤਾ ਗਿਆ। ਉਹਨਾਂ ਨੇ, 'ਤਸਵੀਰ ਬਦਲ ਕੇ ਰੱਖ 'ਤੀ ਕੌਮ ਦੀ' ਗੀਤ ਬੁਲੰਦ ਆਵਾਜ਼ ਵਿੱਚ ਸੁਣਾ ਕੇ ਸਮਾਪਤੀ ਤੇ ਰੰਗ ਬੰਨ੍ਹ ਦਿੱਤਾ। ਜੈਕਾਰਿਆਂ ਦੀ ਗੂੰਜ ਵਿੱਚ ਕਵੀ ਦਰਬਾਰ ਸਮਾਪਤ ਹੋਇਆ।
ਜਸਵਿੰਦਰ ਸਿੰਘ ਰੁਪਾਲ