1
ਜਗ ਮਗ ਕਰਦੇ ਦੀਵੇ ਹਾਂ, ਲਗਿਆ ਸਾਡਾ ਮੇਲਾ,
ਮੈਂ ਤੇਰਾ ਤੂੰ ਮੇਰੀ ਦਾ, ਚਲਦਾ ਜਗ ਤੇ ਖੇਲਾ,
ਦੁਨੀਆਂਦਾਰੀ ਦਾ ਤਮਾਸ਼ਾ, ਚੰਗਾ ਜਾਂ ਮਾੜਾ,
ਤਿੜਕਣੇ ਘੜੇ ਦਾ ਪਾਣੀ, ਮੁੱਕ ਜਾਣਦੀ ਵੇਲਾ l
2
ਮਾਂ ਬਿਨ ਕੋਈ ਬੱਚਾ, ਕਦ ਤਕ ਪਲਦਾ ਰਹਿੰਦਾ l
ਗਰਮ ਖੂਨ ਦਾ ਗੇੜਾ, ਕਦ ਤਕ ਚਲਦਾ ਰਹਿੰਦਾ l
ਹਰ ਵੇਲੇ ਨਾ ਕੋਈ, ਰਹਿੰਦਾ ਟੀਸੀ ਚੜ੍ਹਿਆ,
ਚੜਦਾ ਸੂਰਜ ਦੇਖਾਂ , ਸ਼ਾਮੀ ਢਲਦਾ ਰਹਿੰਦਾ l
3
ਆਪਣੇ ਹਥੀਂ ਕੰਡੇ ਬੀਜੇਂ, ਨੰਗੇ ਪੈਰੀਂ ਤੁਰ ਨਹੀਂ ਹੋਣਾ l
ਰਸ ਗੰਨੇ ਦਾ ਬਿਨ੍ਹਾਂ ਨਪੀੜੇ, ਘੁਲਾੜੀ ਦਾ ਗੁੜ ਨਹੀਂ ਹੋਣਾ l
ਕਈ ਪ੍ਰਦੇਸੀ ਜਾਕੇ ਰੁਲ਼ ਗਏ, ਛੱਡ ਕੇ ਸੁਹਣਾ ਦੇਸ਼ ਪੰਜਾਬ l
ਧੂੜ ਨੋਟਾਂ ਦੀ ਚੱਟਦੇ ਤੋਂ, ਛੇਤੀ ਕੀਤੇ ਮੁੜ ਨਹੀਂ ਹੋਣਾ l