ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਕਾਮਰੇਡ (ਮਿੰਨੀ ਕਹਾਣੀ)

    ਮਨਦੀਪ ਸਿੰਘ   

    Cell: +91 95172 22420
    Address: ਪਿੰਡ ਤੇ ਡਾਕ ਖ਼ਾਨਾ: ਅਬਲੂ
    ਬਠਿੰਡਾ India
    ਮਨਦੀਪ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    'ਓ ਤੂੰ ਕੀਹਨੂੰ ਡੀਕੀ ਜਾਨੈ ਬਿੱਕਰਾ, ਕਿ ਆਉਣਾ ਬੱਸ ਤੇ ਕਿਸੇ ਨੇ' ਬਿੱਕਰ ਨੂੰ ਅੱਡੇ ਵੱਲ ਟਿਕਟਿੱਕੀ ਲਾ ਈ ਬੈਠੇ ਨੂੰ ਵੇਖ ਜੈਲੂ ਮੈਂਬਰ ਨੇ ਪੁੱਛਿਆ।
    , ਡੀਕਣਾ ਇਹਨੇ ਕੀਹਨੂੰ ਆ ਜੈਲੂਆ,ਬੱਸ ਤੋਂ ਅਖਬਾਰ ਫੜਨਾ ਇਹਨੇ.."ਬਿੱਕਰ ਦੇ ਬੋਲਣ ਤੋਂ ਪਹਿਲਾਂ ਹੀ ਬਖਤੌਰਾ ਬੋਲਿਆ।

    "ਓਹ ਕਾਹਨੂੰ ਝੁਰਦਾ ਬਿੱਕਰਾ,ਅਖਬਾਰ ਦਾ ਕੀ ਆ!
      ਆ ਬੰਤ ਬੈਠਾ ਇਹਨੂੰ ਕੁੱਲ ਜੀਆ ਜੰਤ ਦੀ ਖਬਰ ਰਹਿੰਦੀ ਆ..ਇਹਤੋਂ ਸੁਣ ਲੋ ਖਬਰਾ ਉਹ ਵੀ ਲੈਵ.."ਜੈਲੂ ਨੇ ਬੰਤ ਵੱਲ ਇਸ਼ਾਰਾ ਕਰਦੇ ਨੇ ਕਿਹਾ।

    "ਕੱਲੇ ਬੰਤ ਨੂੰ ਨਹੀ ਜੈਲੂਆ.. ਪਤਾ ਥੋਨੂੰ ਵੀ ਹੁੰਦਾ ਪਰ ਮੈਥੋਂ ਸੱਚ ਬੋਲਿਆਂ ਰਹਿ ਨੀ ਹੁੰਦਾ।"ਬੰਤ ਜਿਵੇਂ ਤਲਖੀ ਖਾ ਗਿਆ ।
     
    "ਓਹ ਨਹੀ ਚਾਚਾ! ਜੈਲੂ ਚਾਚੇ ਦਾ ਮਤਲਬ ਆ ਕਿ ਤੇਰਾ ਤਜਰਬਾ ਵੱਧ ਆ। ਸਿਆਣਾ ਬੰਦਾ ਤਾਂ ਕਿਹਾ।"ਸੇਮੇ ਨੇ ਬੰਤ ਨੂੰ ਵਢਿਆਉਦੇ ਨੇ ਕਿਹਾ।

     "ਚੰਗਾ ਭਤੀਜ ਮੈਨੂੰ ਪਤਾ ਈ ਆ ਜੈਲੂ ਅਰਗਿਆਂ ਅੰਨ ਪਾੜਾਂ ਦਾ। ਨਵੀਂ ਸੁਣ ਲਓ ਕਹਿੰਦੇ ਯਰ ਆਪਣੇ ਆਲੇ ਪਾਸੇ ਕੋਈ ਜਾਨਵਰ ਵੜ ਆਇਆ, ਕਹਿੰਦੇ ਤਿੰਨ ਲੱਤਾਂ ਤੇ ਪੈਂਦਾ ਵੀ ਮੂੰਹ ਨੂੰ ਈ ਆ..ਸੱਟਾਂ ਮਾਰ ਗਿਆ ਕਈਆਂ ਦੇ.. ਪੈਂਦਾ ਵੀ ਮੂੰਹ ਨੂੰ ਆ। ਛਾਲ ਮਾਰਦਾ ਵੀਹ ਵੀਹ ਫੁੱਟ ਲੰਘ ਜਾਂਦਾ। ਮੁਮੈਲਾਂ ਚ ਆਈ ਜਾਂਦੀਆਂ ਫੋਟੋ..ਹੋਕੇ ਵੀ ਆਏ ਆ.. ਉੁੱਡਦਾ ਵੀ ਹੋਊ ਲਾਜ਼ਮੀ..ਕਈ ਕਹਿੰਦੇ ਓਪਰੇ ਗ੍ਰਹਿਆਂ ਤੋ ਆਇਆ..ਖਤਰੇ ਦੀ ਘੰਟੀ ਆ ਮੱਲੋ.. ਫੌਜ ਸੱਦਣੀ ਪਊ."ਬੰਤ ਨੇ ਗੱਲ ਕਹਿ ਸਭ ਨੂੰ ਇੱਕ ਵਾਰੀ ਚੁੱਪ ਕਰਾ ਤਾ।

    "ਸੁਣਦੇ ਤਾਂ ਹਾਂ ਕੱਲ ਪਰਸੋਂ ਦੇ, ਪਰ ਸੱਚ ਝੂਠ ਦਾ ਨੀ ਪਤਾ ਕਿ ਕੀ ਆ।ਰੌਲਾ ਖਾਸ ਪੈ ਰੱਖਿਆ।ਆਹ ਮੱਖਣ ਕਾਮਰੇਡ ਆ ਗਿਆ ਇਹਨੂੰ ਪਤਾ ਹੋਊ..."ਬਖਤੌਰੇ ਨੇ ਤੁਰੇ ਆਉਦੇ ਕਾਮਰੇਡ ਮੱਖਣ ਸਿੰਘ ਵੇਲ ਇਸ਼ਾਰਾ ਕਰਿਆ।

    "ਓਹ ਇਹਨੇ ਕੋਈ ਸਿੱਧੀ ਗੱਲ ਤਾਂ ਕਰਨੀ ਨਹੀ ਹੁੰਦੀ.. ਇਹ ਤਾਂ ਆਖੂ ਗੱਪ ਆ.. "ਬੰਤ ਨੇ ਮੂੰਹ ਜਾ ਮਰੋੜਦੇ ਬਖਤੌਰੇ ਨੂੰ ਆਖਿਆ।

    "ਹੈਂਅ ਵੀ ਤਾਇਆ, ਚਾਚਾ ਬੰਤ ਦੱਸਦਾ ਕੋਈ ਜਾਨਵਰ ਵੜ ਆਇਆ ਆਪਣੇ ਪਿੰਡਾਂ ਚ.. ਕਈ ਬੰਦੇ ਫੱਟੜ ਕਰ ਗਿਆ ਪਿੰਡੀ ਪਿੰਡੀ ਹੋਕਾ ਆਈ ਜਾਂਦਾ.. ਕਹਿੰਦੇ ਫੌਜ ਲਾਉਣਗੇ ਫੜਨ ਵਾਸਤੇ.." ਸੇਮੇ ਨੇ ਕਾਮਰੇਡ ਮੱਖਣ ਨੂੰ ਉਤਸੁਕਤਾ ਨਾਲ ਪੁੱਛਿਆ
     
    "ਜਾਨਵਰ ਆਪਣੇ ਪਿੰਡਾ ਚ ਵੜ ਗਿਆ?? ਪਹਿਲਾਂ ਤਾਂ ਇਹ ਗੱਲ ਹੀ ਗਲਤ ਆ ਕਿ ਜਾਨਵਰ ਆਪਣੇ ਪਿੰਡਾਂ 'ਚ ਵੜ ਆਇਆ। ਓਏ ਜਾਨਵਰ ਨੀ ਆਪਣੇ ਘਰਾਂ ਚ ਵੜਿਆ,, ਬਲ ਕਿ ਆਪਾਂ ਵੜੇ ਆ ਜਾਨਵਰਾਂ ਦੇ ਘਰਾਂ ਵਿੱਚ.. ਅਸੀਂ ਜੰਗਲ ਰੱਖਾਂ ਕੁਝ ਨਹੀ ਛੱਡੀਆਂ.. ਅੰਨੇਵਾਹ ਜੰਗਲ ਵੱਢੇ ਆ ਆਪਾਂ..ਹੁਣ ਜਾਨਵਰ ਕਿੱਧਰ ਜਾਣ ਭਲਾਂ...ਨਾਲੇ ਕੋਈ ਭੇੜੀਆ ਜਾਂ ਜੰਗਲੀ ਬਿੱਲਾ ਵਗੈਰਾ ਹੋਊ ਹੋਰ ਏਲੀਅਨ ਕਿੱਥੋਂ ਆ ਗੇ .. ਐਵੇਂ ਨਾ ਗੱਲਾਂ ਫਲਾਈ ਜਾਇਆ ਕਰੋ ..ਇਹਨੂੰ ਬੰਤ ਨੂੰ ਕੀ ਪਤਾ.. ਇਹ ਬੜਾ ਬੀ ਬੀ ਸੀ ਆਲਿਆ ਨਾਲ ਰਿਹਾ.."ਮੱਖਣ ਸਿੰਘ ਨੇ ਸੌ ਦੀ ਇੱਕ ਸੁਣਾਈ

    "ਚੰਗਾ ਓ ਕਾਮਰੇਟਾ ਬੰਤ ਨੂੰ ਤਾਂ ਨੀ ਪਤਾ ਤੈਨੂੰ ਤਾਂ ਸਾਰੇ ਜਹਾਨ ਦਾ ਇਲਮ ਆ ਵੱਡੇ ਨਗੌਰੀ ਨੂੰ!
    ਥੋਡੇ ਪਰਸੋ ਚੌਥ ਮੈਸਾਂ ਖੋਲਣ ਆ ਗੇ ਸੀ ਬੰਦੇ.. ਆਪਣੇ ਨਾਲਦੇ ਪਿੰਡਾ ਚ ਵੀ ਵਾਰਦਾਤਾਂ ਹੋ ਰਹੀਆ ਪਸ਼ੂ ਖੋਲਣ ਆ ਗੇ ਆਹ ਸਭ ਕੀ ਆ ਫਿਰ.. ਇਹਨਾਂ ਨੂੰ ਤਾਂ ਕਿਸੇ ਕੁਸ ਨੀ ਕਿਹਾ..." ਬੰਤ ਨੇ ਕਾਮਰੇਡ ਨੂੰ ਹੋਰ ਪਾਸੇ ਦੀ ਵਲੇਵਾਂ ਮਾਰਦੇ ਨੇ ਕਿਹਾ।

    "ਉਹ ਖੂਹ ਦਿਆ ਡੱਡੂਆ! ਇਹ ਸਭ ਸਟੇਟ ਦੇ ਪ੍ਰਾਪੇਗੰਡੇ ਹੁੰਦੇ ਆ..ਹੁਣ ਰੁੱਤ ਆ ਵਿਹਲੀ ਜਿੰਨਾ ਸਮਾਂ ਕਣਕਾਂ ਨੀ ਪੱਕਦੀਆਂ.. ਖਨੌਰੀ ਧਰਨੇ ਤੇ ਕੱਠ ਦਿਨ ਬ ਦਿਨ ਵੱਧੀ ਜਾਂਦਾ.. ਲੋਕ ਜਾਈ ਜਾਂਦੇ ਆ.. ਇਹ ਲੋਕ ਖਲਾਰਣ ਦੇ ਢੰਗ ਹੁੰਦੇ ਆ ਸਭ.. ਤੇਰੇ ਮੇਰੇ ਅਰਗਾ ਧਰਨੇ ਤੇ ਬੈਠਾ ਮਗਰੋਂ ਆਹ ਇੱਕ ਅੱਧੇ ਪਿੰਡ ਪਸ਼ੂ ਖੁੱਲ ਗੇ ਵਾਰਦਾਤ ਹੋ ਜੇ ਲੋਕਾਂ ਨੂੰ ਆਪਣੇ ਘਰ ਦੀ ਪੈਜੂ..ਨਾਲੇ ਘਰਦੇ ਲੜਨ ਗੇ ਵੀ ਉੁੱਥੇ ਬੈਠਾ ਕੀ ਕਰਦਾ ਘਰੇ ਮਗਰੋ ਦੋ ਖੋਲ਼ੇ ਆ ਉਹ ਕੋਈ ਖੋਹਲ ਕੇ ਲੈ ਜੂ..ਹੋਰ ਆਉਦੇ ਆ ਬੰਦੇ...ਸਟੇਟ ਕੋਲ ਬਹੁਤ ਹਥਕੰਢੇ ਵਰਤਦੀ ਹੁੰਦੀ ਐ..ਥੋਨੂੰ ਨੀ ਪਤਾ ਦਿਸਦਾ ਹੋਰ ਐ ਹੁੰਦਾ ਹੋਰ ਐ।"
    ਆਪਣੀ ਗੱਲ ਕਹਿ ਕਾਮਰੇਡ ਮੱਖਣ ਬੱਸ ਦਾ ਹਾਰਨ ਸੁਣ ਕੇ ਅੱਡੇ ਵੱਲ ਨੂੰ ਹੋ ਤੁਰਿਆ।

    "ਗੱਲਾਂ ਤਾਂ ਕਾਮਰੇਡ ਤਾਇਆ ਸਹੀ ਕਰ ਕੇ ਗਿਆ ਕਿ ਨੀ ਚਾਚਾ" ਸੇਮਾ ਬੰਤ ਨੂੰ ਬੋਲਿਆ।

    "ਉਹ ਕਾਹਨੂੰ ਇਹਨਾਂ ਕਾਮਰੇਡਾਂ ਦੀ ਆਵਦੀ ਵੱਖਰੀ ਦੁਨੀਆਂ..ਕੋਈ ਗੱਲ ਪੁੱਛ ਲਓ ਇਹਤੋਂ ਪੁੱਠਾ ਈ ਜੁਆਬ ਦਿੰਦਾ। "ਬੰਤ ਦੀ ਗੱਲ ਸੁਣ ਸਾਰੇ ਹੱਸਣ ਲੱਗੇ ਪਰ ਸੇਮਾ ਹਾਲੇ ਵੀ ਸੋਚੀ ਪਿਆ ਕਾਮਰੇਡ ਦੀਆਂ ਗੱਲਾਂ ਬਾਰੇ ਸੋਚ ਰਿਹਾ ਸੀ