ਗੁਰ-ਪਰਮੇਸ਼ਰ ਨੂੰ ਬੇਨਤੀ (ਪੈਂਤੀ ਅੱਖਰੀ) (ਕਵਿਤਾ)

ਦਾਸਰਾ ਪ੍ਰੇਮ ਸਿੰਘ   

Email: premsingh@live.ca
Address:
Coquitlam British Columbia Canada
ਦਾਸਰਾ ਪ੍ਰੇਮ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਊੜਾ ਊਜਲ ਤੂੰ ਗੁਰੁ ਕਰਦਾ, ਸਤਿ, ਅਨੰਦ ਸਦਾਵੇਂ ਰੂੜ੍ਹਾ

ਤੇਰੇ ਚਰਨੀਂ ਹੇ ਗੁਰ ਦਾਤਾ, ਬਹੁਤਾ ਪਿਆਰ ਚਿਤਾਵਾਂ ਗੂੜ੍ਹਾ

ਆੜਾ ਅੰਦਰਿ ਪੂਰਬਲੇ ਕਰਮਾਂ ਦਾ ਲੇਖਾ ਚੰਗਾ ਮਾੜਾ

ਠਾਰ ਦੇਹੁ ਗੁਰ ਦੀਨਬੰਧ, ਜਨਮਾਂ ਜਨਮਾਂ ਦਾ ਸੜਦਾ ਸਾੜਾ

 

ਈੜੀ ਏਵੇਂ ਕਿਵੇਂ ਚੜ ਜਾਵਾਂ ਆਤਮਿਕ ਮੰਡਲਾਂ ਵਾਲੀ ਸੀੜ੍ਹੀ

ਮਨ ਮੈਗਲ ਅਹੰਕਾਰੀ ਬਣਿਆ, ਕੀਕੂੰ ਲੰਘਾਂ ਵੀਹੀ ਭੀੜੀ

ਸੱਸਾ ਸਤਿਗੁਰ ਸਬਦ ਵਿਚਾਰਾਂ ਸਿਮਰੀ ਜਾਵਾਂ ਹਰ ਪਲ ਚੱਸਾ

ਸਿਮਰ ਸਿਮਰ, ਗਲ ਵਿੱਚੋਂ ਲਾਹਵਾਂ, ਜੂਨਾਂ ਦੇ ਫਾਹੇ ਦਾ ਰੱਸਾ

 

ਹਾਹਾ ਹੁਣੇ ਮਿਲਾਵੋ ਹਰਿ ਜੀ, ਕਰੋ ਸੁਭਾਗਾ ਲੈ ਸਾਂ ਲਾਹਾ

ਸਿਮਰਨ ਹੀ ਬਣ ਜਾਏ ਮਨੋਰਥ, ਏਸ ਜਨਮ ਦਾ, ਮੇਰੇ ਸ਼ਾਹਾ

ਕੱਕਾ ਕਿਸ਼ਨ ਬਿਸ਼ਨ ‘ਗੁਰ’ ਮੇਰੇ ਹਿਰਦੇ ਸ਼ਬਦੁ ਕਰਾਉ ਪੱਕਾ

ਮੇਰੇ ਲਈ ਗੁਰ ਰਾਮ ਰਹੀਮਾ, ਗੁਰ ਕਾਸ਼ੀ ਗੁਰ ਕਾਬਾ ਮੱਕਾ

 

ਖੱਖਾ ਖਾਇਕ ਹਾਂ ਕੀ ਆਖਾਂ, ਲੱਖਿਆ ਨਾਹੀਂ ਜਾਏਂ ਅਲੱਖਾ

(ਪਰ) ਲੱਖਨਹਾਰਿ ਪਛਾਣਦਿਆਂ ਦੇ, ਪੈਰ ਮਲੋਵਾਂ, ਝੱਲਾਂ ਪੱਖਾ

ਗੱਗਾ ਗਹਿਰਾ ਸੰਸਾਰ ਸਮੁੰਦਰ, ਤਰਦੇ ਹੰਸ, ਚਿਤਾਵੇ ਬੱਗਾ

ਨਾਮ ਅਧਾਰੇ ਗੁਰਮੁਖ ਤਰਦੇ, ਮੈਂ ਮਨਮੁੱਖਾ ਕਿਧਰ ਲੱਗਾ ?

 

ਘੱਘਾ ਘੁੰਮ ਦਿਖਾਵੋ ਦਰਸ਼ਨ, ਕਿਉਂ ਕਰ ਕੰਡ ਲੁਕਾਉਂਦੇ ਅੱਗਾ

ਵਸੇਂ ਨਿਰੰਤਰ ਤੇਰਾ ਫਿਰ ਕਿਉਂ ਬਿਰਹਾ ਮਾਰ ਮੁਕਾਵਣ ਲੱਗਾ

ਙੰਙਾ ਙਣਤ ਨਾ ਜਾਵਣ ਔਗਣ, ਮੈਂ ਮੂੰਹ ਕਿਹੜੇ ਮੁਕਤੀ ਮੰਗਾਂ

ਪਰ, ਨਿਰਗੁਣ ਨੂੰ ਤੂੰ ਗੁਣ ਦੇਵੇਂ, ਬਖਸ਼ੇਂ ਨਾਮ ਤਾਂ ਦੁਤਰੁ ਲੰਘਾਂ

 

ਚੱਚਾ ਚੱਜ ਅਚਾਰ ਨਹੀ, ਮੈਂ ਨਿਰਗੁਣਵੰਤਾ, ਅਕਲੋਂ ਕੱਚਾ

ਮਿੱਠ-ਬੋਲਾ ਨਾਂਹ ਨਿਉਂ ਕਰ ਚੱਲਾਂ ਬਹੁਰੂਪਾ ਨਾ ਸ਼ਕਲੋਂ ਸੱਚਾ

ਛੱਛਾ ਛਾਇਆ ਸਭਿ ਸਿਰਿ ਤੇਰੀ, ਤੂੰ ਹੀ ਕਰਦਾ ਸਭਦੀ ਰੱਛਾ

ਕਾਮ, ਕ੍ਰੋਧ, ਮੋਹ, ਲੋਭ ਲੁਟੇਰੇ, ਮੇਰਾ ਕਿਉਂ ਨਾ ਛੱਡਦੇ ਪਿੱਛਾ?

 

ਜੱਜਾ ਜਾਂਦੀ ਰਹੀ ਜੁਆਨੀ, ਜਰ ਭੀ ਆਣ ਸਿਰਾ੍ਹਣੇ ਗੱਜਾ

ਇੱਕ-ਦਮੀ ਦੀ ਮੁਹਲਤ ਦਿੱਤੀ, ਵਾਜਾ ਹੁਣ ਵੱਜਾ ਕਿ ਵੱਜਾ

ਝੱਝਾ ਝੁਕਣਾ ਸਿਰ ਚੰਗਾ, ਮਨ ਚੰਗਾ, ਚਰਨੀਂ ਰਹਿਸੇ ਬੱਝਾ

ਕਰ ਕਿਰਪਾ ਸਤਿਗੁਰ ਜੀ ਮੇਰੇ, ਮੇਰਾ ਮਨ ਤਾਂ ਦਹਿਦਿਸ ਭੱਜਾ

 

ਞੰਞਾ ਞਤਨ ਬਥੇਰੇ ਕੀਤੇ, ਬਿਖੜੇ ਰਸਤੇ ਕੀਕੂੰ ਵੰਞਾਂ

ਮੋਹ ਮਾਇਆ ਦੀ ਬੇੜੀ ਪੈਰੀਂ, ਜੇ ਬਲ ਦੇਂਹ ਤਾਂ ਸਹਿਜੇ ਭੰਞਾਂ

ਟੈਂਕਾ ਟੁੱਟੀ-ਗੰਢਣਹਾਰੇ, ਕੋਈ ਜੁਆਬ ਨਹੀਂ ਹੈ ਤੈਂਕਾ

ਮੈਂ ਜਾਚਕ ਦੇ ਝੋਲੀ ਪਾ ਦੇਹ, ਤੇਰੇ ਦਰ ਦੀ ਸੋਭਾ, ਨਾਇਕਾ

 

ਠੱਠਾ ਠੇਡੇ ਠੋਕਰ ਖਾਂਦਾ, ਸੇਵ ਕਮਾਉਣੋ ਹੋਇਆ ਮੱਠਾ

“ਅੰਧ-ਕੂਪ” ਸੰਸਾਰੀ ਵੱਲੀਂ, ਅੱਖਾਂ ਮੀਟੀ ਜਾਵਾਂ ਨੱਠਾ

ਡੱਡਾ ਡੂੰਘੀ ਸਾਂਝ ਪਏ, ਮੈਂ ਤੇਰੇ ਚਰਨੀਂ ਲਾਵਾਂ ਅੱਡਾ

ਮੰਤਰ ਹਿਰਦੇ ਵਿੱਚ ਪਕਾ ਦੇਹੁ, ਹਉਮੈ ਰੋਗ ਉਤਾਰੋ ਵੱਡਾ

 

ਢੱਢਾ ਢਿੱਡ ਵਧਾਇਆ ਖਾ ਖਾ, ਭਰਦਾ ਜਾਵੇ ਜੀਕੂੰ ਖੱਡਾ

ਯਾਦ ਬਿਨਾਂ ਸੌਂ ਰਾਤ ਗੁਆਈ,ਬਿਨ ਸਿਮਰਨ ਦਿਨ ਖਾਕੇ ਕੱਢਾ

ਣਾਣਾ ਣਹ ਮਨ ਕਰ ਕੁੱਝ ਸਕਦੈ, ਣਹ ਮਿੱਠਾ ਕਰ ਮੰਨੇ ਭਾਣਾ

ਪਰ ਡਾਢੇ ਅੱਗੇ ਬਿਨਉਂ ਬਿਨਾਂ ਨਾ ਚੱਲੇ ਲਾਇਆ ਜ਼ੋਰ ਧਿਙਾਣਾ

 

ਤੱਤਾ ਤਪ ਤਪ ਖਪਦੇ ਦੇ, ਉੱਪਰ ਦੀ ਦੂਣਾ ਕਲਯੁਗ ਤੱਤਾ

ਨਾਮ ਅਧਾਰੇ ਠਾਰ ਦਿਓ ਮੈਂ ਮਾਇਆ ਨੇ ਕਰ ਰੱਖਿਆ ਮੱਤਾ

ਥੱਥਾ ਥੋੜੇ ਦਿਨ ਦਾ ਪਾਹੁਣ, ਰੰਗ ਕਸੁੰਭਾ ਜਾਣੈ ਲੱਥਾ

ਨਾਮ ਮਜੀਠਾ ਭਾਗੀਂ ਪਾਵਾਂ, ਗੁਰਚਰਨਾਂ ਵਿੱਚ ਧਰਕੇ ਮੱਥਾ

 

ਦੱਦਾ ਦੀਦੇ ਦੇਖ ਨਾ ਪਾਉਂਦੇ, ਸਭ ਵਿੱਚ ਵੱਸੇਂ, ਇੱਕ ਨਾ ਅੱਧਾ

ਗੁਰੂ ਦਿਖਾ ਦੇਹ ਪੁਰਖ ਪਿਆਰੇ, ਦਰ-ਦੀਦਾਰੋਂ ਭੇਜ ਕੇ ਸੱਦਾ

ਧੱਧਾ ਧਨ ਹੈ ਨਾਮ ਪਦਾਰਥ, ਧੰਨ, ਧੰਨ ਜਿਸਨੂੰ ਇਹ ਲੱਧਾ

ਕਰ ਸਾਧਾਂ ਦੀ ਸੰਗਤ ਜਿਸਨੇ, ਸ਼ਬਦ ਗੁਰੂ ਸੁਣ ਪੱਲੇ ਬੱਧਾ

 

 

 

 

ਨੰਨਾ ਨਿਹਚਾ ਧਰਕੇ ਪੂਰਾ, ਮੈਂ ਹਰਿ ਜਨ ਦਾ ਓੜ੍ਹਾਂ ਬੰਨਾ

ਜੋ ਜੋ ਹੁਕਮ ਸੁਣਾਵੇ ਸਤਿਗੁਰ, ਭਾਣਾ ਜਾਣ, ਭਲਾ ਕਰ ਮੰਨਾਂ

ਪੱਪਾ ਪ੍ਰਸਾਦਿ ਤੁਹਾਰੇ ਹੀ, ਮੰਤਰ ਚੱਲ ਸਕਦੈ ਜਾਪ ਅਜਪਾ

ਗੁਰੁ ਕਿਰਪਾ ਤੇ ਭਗਤੀ ਹੋਵੇ, ਤੁਧ ਕਿਰਪਾ ਕੋਈ ਹੋਵੇ ਤਪਾ

 

ਫੱਫਾ ਫੰਧ ਉਤਾਰ ਸੁਆਮੀ, ਲਾਹ ਦੇਹ ਰਸ-ਕਸਾਂ ਦਾ ਜੱਫਾ

ਅਨਰਸ ਫਿੱਕੇ ਜਾਪਣ ਸਾਰੇ ਹਰਿਰਸ ਦਾ ਜੀਅ ਚਾਹੇ ਗੱਫਾ

ਬੱਬਾ ਬੰਦਨ ਹੱਥ ਜੋੜਕੇ, ਤੇਰੇ ਚਰਨੀ ਮੇਰਿਆ ਰੱਬਾ

ਮੈਂ ਤੇਰੇ ਬਾਝੋਂ  ਦੂਏ ਅੱਗੇ, ਹੱਥ ਫੈਲਾਉਂਦਾ ਨਾਹੀਂ ਫੱਬਾਂ

 

ਭੱਭਾ ਭਗਤ ਤਰੰਦੇ ਭਉਜਲ, ਮੋਹ ਮਾਇਆ ਵਿੱਚ ਪੈਰ ਨਾ ਖੁੱਭਾ

ਭਗਤਾਂ ਨੇ ਨਾਮ ਅਧਾਰ ਬਣਾ, ਉਰਵਾਰੋਂ ਪਾਰ ਕਿਨਾਰਾ ਲੱਭਾ

ਮੰਮਾ ਮਾਇਆ ਤ੍ਰੈ-ਗੁਣ ਦਾ ਇਹ, ਅਥਾਹ ਸਮੁੰਦਰ ਚੌੜਾ ਲੰਮਾ

ਘੁੰਮਨ ਘੇਰੀ ਵਿੱਚ ਲਪੇਟੇ, ਗੁਰ-ਬੋਹਿਥ ਬਿਨ ਨਹੀਂ ਅਸਥੰਮਾ

 

ਯੱਯਾ ਯਮਰਾਜੇ ਦਾ ਸੋਟਾ, ਕਿਉਂ ਕਿਸੇ ਦੇ ਮੰੂਡ ਲਗੱਈਯਾ ?

ਜਦ ਤੱਕ ਤੇਰੀ ਛਾਯਾ ਸਿਰ ਤੇ, ਯਮਰਾਜੇ ਦਾ ਸੋਗ ਮਿਟੱਈਯਾ

ਰਾਰਾ ਰੂਹ ਦਾ ਗੁਰਪ੍ਰਸਾਦੀਂ, ਹੋ ਸਕਦਾ ਹੈ ਆਤਮ-ਦਰਸਾਰਾ

ਆਤਮ ਵਿੱਚ ਦਿਖਾ ਪਰਮਾਤਮ ਵਾਹਿਗੁਰੂ ਅਤੀਅੰਤ ਪਿਆਰਾ

 

ਲੱਲਾ ਲਾਲ ਪਿਆਰੇ ਸਾਂਈਂ , ਈਸ਼ਵਰ ਹੈਂ ਤੂੰ ਹੀ ਹੈਂ ਅੱਲਾ

ਹੋਰ ਉਪਾਵ ਤਿਆਗ ਦਿਆਂ, ਮੈਂ ਵਾਹਿਗੁਰੂ ਦਾ ਓੜ੍ਹਾਂ ਪੱਲਾ

ਵਾਵਾ ਵਾਰਾਂ ਜਿੰਦ ਤੇਰੇ ਤੋਂ, ਜੀਅ ਚਾਹੁੰਦੈ ਮੈਂ ਘੋਲ ਘੁੰਮਾਵਾਂ

ਮੈਂ ਨਿਰਬਲ ਨੂੰ ਕਰ ਬਲਵੰਤਾ, ਪਹਿਲੇ ਮਨ ਤੋਂ ਹੀ ਜੈ ਪਾਵਾਂ

 

ੜਾੜਾ ੜਾੜ ਕਰਾਂ ਮੈਂ ਮਨ ਸਿਉਂ, ਇਹ ਝਗੜਾ ਨੀਂ ਮੂਲ਼ੋਂ ਮਾੜਾ

ਹੋ ਜਾਵੇ ਮਨ ਜੋਤ-ਸਰੂਪਾ, ‘ ਪ੍ਰੇਮ ਸਿੰਘ ’ ਦਾ ਖੋਲ੍ਹ ਕਿਵਾੜਾ ।