ਕਿਹੜੇ ਲੋਕ ?
(ਮਿੰਨੀ ਕਹਾਣੀ)
ਉਹਨਾਂ ਨੇ ਮੇਰੇ ਤੋਂ ਗੱਡੀ ਨੂੰ ਸੜਕ ਦੇ ਕਿਨਾਰੇ ’ਤੇ ਰੁਕਵਾਇਆ ਤੇ ਉੱਤਰ ਕੇ ਇੱਕ ਛੋਟੀ ਜਿਹੀ ਦੁਕਾਨ ਤੋਂ ਠੰਢੇ ਦੀਆਂ ਬੋਤਲਾਂ ਤੇ ਚਿਪਸ ਦੇ ਪੈਕਟ ਖਰੀਦ ਕੇ ਮੁੜ ਗੱਡੀ ਵਿਚ ਆ ਬੈਠੇ ਤੇ ਚਿਪਸ ਖਾਣ ਦੇ ਨਾਲ਼ ਨਾਲ਼ ਠੰਢੇ ਦੀਆਂ ਘੁੱਟਾਂ ਭਰਨ ਲੱਗ ਪਏ। ਉਹ ਦੋਵੇਂ ਆਪਸ ਵਿਚ ਗੱਲਾਂ ਕਰਨ ਲੱਗੇ ਕਿ ‘ਯਾਰ ਇਥੇ ਆਪਣੇ ਇੰਡੀਆ ’ਚ ਗੰਦ ਬਹੁਤ ਆ। ਥਾਂ ਥਾਂ ’ਤੇ ਢੇਰਾਂ ’ਤੇ ਮੱਖੀਆਂ ਭਿਣਕਦੀਆਂ ਨੇ, ਗਾਂਵਾਂ ਰੂੜੀਆਂ ਫਰੋਲਦੀਆਂ ਦੀਆਂ ਫਿਰਦੀਆਂ, ਬਹੁਤ ਬੁਰਾ ਹਾਲ ਹੈ। ਸਮਝ ਨੀਂ ਆਉਂਦੀ ਆਪਣੇ ਲੋਕ ਕਿਉਂ ਸਾਰੇ ਭਾਰਤ ਨੂੰ ਹੀ ਡਸਟ ਬਿਨ ਸਮਝੀ ਬੈਠੇ ਨੇ ਜਿਥੇ ਜੀਅ ਕਰਦਾ ਗੰਦ ਪਾ ਦਿੰਦੇ ਨੇ।’ ਦੂਜੇ ਨੇ ਜਵਾਬ ਦਿੱਤਾ, ‘ਹਾਂ ਯਾਰ ਬਸ ਅਕਲ ਹੀ ਨਹੀਂ ਲੋਕਾਂ ਨੂੰ।’ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਉਹ ਭਲੇਮਾਣਸ ਤੇ ਸਫਾਈ ਪਸੰਦ ਲੋਕ ਲੱਗੇ। ਥੋੜ੍ਹੀ ਅੱਗੇ ਜਾ ਕੇ ਉਹਨਾਂ ਫਿਰ ਗੱਡੀ ਰੁਕਵਾਈ ਤੇ ਤਾਕੀ ਖੋਲ੍ਹਦਿਆਂ ਹੇਠਾਂ ਉੱਤਰ ਕੇ ਉਹਨਾਂ ਆਪਣੀਆਂ ਖਾਲੀ ਕੀਤੀਆਂ ਬੋਤਲਾਂ ਤੇ ਚਿਪਸ ਦੇ ਖਾਲੀ ਪੈਕਟ ਵਗਾਹ ਕੇ ਪਰ੍ਹਾਂ ਮਾਰੇ ਤੇ ਮੈਨੂੰ ਇਸ਼ਾਰੇ ਨਾਲ਼ ਸਮਝਾ ਕੇ ਸਾਹਮਣੇ ਢਾਬੇ ’ਤੇ ਚਾਹ ਪੀਣ ਲਈ ਅੱਗੇ ਤੁਰ ਪਏ। ਹੁਣ ਮੈਂ ਸੋਚ ਰਿਹਾ ਸੀ ਕਿ ਇਹ ਵਿਅਕਤੀ ਗੰਦ ਪਾਉਣ ਵਾਲੇ ਤੇ ਬੇਅਕਲ ਕਿਹੜੇ ਲੋਕਾਂ ਦੀ ਗੱਲ ਕਰ ਰਹੇ ਸਨ, ਹੋਰ ਦੂਜਿਆਂ ਦੀ ਜਾਂ ਖੁਦ ਆਪਣੀ ਵੀ।