ਮਨੁੱਖੀ ਜੀਵਨ ’ਤੇ ਸਮਾਰਟ ਫ਼ੋਨ ਦੇ ਦੁਰਪ੍ਰਭਾਵ
(ਲੇਖ )
ਬੀਤੇ ਦਿਨੀਂ ਇੱਕ ਖ਼ਬਰ ਸਾਹਮਣੇ ਆਈ ਜਿਸ ਅਨੁਸਾਰ ‘ਪੰਜਾਬ ਦੇ ਬੱਚੇ ਸਭ ਤੋਂ ਵੱਧ ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹਨ’ ਦਰਅਸਲ ਪ੍ਰਥਮ ਫਾਉਂਡੇਸ਼ਨ ਨਾਮੀਂ ਇੱਕ ਸੰਸਥਾ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਸਟੇਟਸ ਆਫ਼ ਐਜੁਕੇਸ਼ਨ ਰਿਪੋਰਟ – 2024 ਮੁਤਾਬਿਕ 15-16 ਵਰ੍ਹਿਆਂ ਦੀ ਉਮਰ ਦੇ ਬੱਚਿਆਂ ਦਾ ਡਿਜੀਟਲ ਟੈਸਟ ਕੀਤਾ ਗਿਆ। ਪੰਜਾਬ ਵਿੱਚ ਇਸ ਉਮਰ ਦੇ 96.2 ਫ਼ੀਸਦੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਘਰ ਸਮਾਰਟ ਫ਼ੋਨ ਹੈ, ਇਹ ਦਰ ਕੌਮੀ ਪੱਧਰ ’ਤੇ 89.1 ਫ਼ੀਸਦੀ ਵੱਧ ਹੈ। ਇਸ ਦੌਰਾਨ ਘੱਟੋ ਘੱਟ 94.2 ਫ਼ੀਸਦੀ ਨੇ ਕਿਹਾ ਕਿ ਉਹ ਸਮਾਰਟ ਫ਼ੋਨ ਦੀ ਵਰਤੋਂ ਕਰ ਸਕਦੇ ਹਨ ਜਦਕਿ 46 ਫ਼ੀਸਦੀ ਦੇ ਕੋਲ ਆਪਣਾ ਫ਼ੋਨ (ਕੌਮੀ ਪੱਧਰ ’ਤੇ 31.4 ਫ਼ੀਸਦੀ ਵੱਧ) ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਵਿੱਚ 20 ਜ਼ਿਲ੍ਹਿਆਂ ਦੇ 600 ਪਿੰਡਾਂ ਦੇ ਕੁੱਲ 20,226 ਬੱਚਿਆਂ ਤੇ ਕੀਤਾ ਗਿਆ। ਇਸ ਅਨੁਸਾਰ 57 ਫ਼ੀਸਦੀ ਬੱਚੇ ਪੜ੍ਹਾਈ ਲਈ ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹਨ ਅਤੇ ਸਮਾਰਟ ਫ਼ੋਨ ਵਰਤਣ ਦੇ ਰੁਝਾਨ ਦੌਰਾਨ ਬੱਚਿਆਂ ਦੇ ਪੜ੍ਹਨ ਪੱਧਰ ਵਿੱਚ ਗਿਰਾਵਟ ਆਈ ਹੈ। ਇਸ ਰਿਪੋਰਟ ਅਤੇ ਸਰਵੇ ਅਨੁਸਾਰ ਸਮਾਰਟ ਫ਼ੋਨ ਦੀ ਵਰਤੋਂ ਕਰਕੇ ਪੜ੍ਹਾਈ ਸੰਬੰਧੀ ਹੋਰ ਵੀ ਨੁਕਸਾਨਦਾਇਕ ਸਿੱਟੇ ਸਾਹਮਣੇ ਆਏ ਹਨ।
ਬਿਨ੍ਹਾਂ ਸ਼ੱਕ ਸਮਾਰਟ ਫ਼ੋਨ ਅੱਜ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਦੀ ਮੁੱਢਲੀ ਅਤੇ ਮਹੱਤਵਪੂਰਨ ਲੋੜ ਹੈ। ਪਰ ਹਰ ਨਵੀਂ ਖੋਜ ਜਾਂ ਕਾਢ ਦੇ ਲਾਭ ਅਤੇ ਹਾਨੀਆਂ ਹੁੰਦੀਆਂ ਹਨ। ਲੋੜ ਤਾਂ ਬੱਸ ਇਹ ਹੁੰਧੀ ਹੈ ਕਿ ਅਸੀਂ ਸਬੰਧਿਥ ਸ਼ੈਅ ਦੇ ਲਾਭ ਕਿਵੇਂ ਲੈ ਸਕਦੇ ਹਾਂ ਅਤੇ ਉਸ ਤੋਂ ਹੋਣ ਵਾਲੀਆਂ ਹਾਨੀਆਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਕਈ ਵਾਰ ਕੁੱਝ ਚੀਜ਼ਾਂ ਕੇਵਲ ਫਾਇਦੇ ਲਈ ਭਾਵ ਮਨੁੱਖੀ ਸੁੱਖ ਸਹੂਲਤਾਂ ਨੂੰ ਸਾਹਮਣੇ ਰੱਖ ਕੇ ਖੋਜੀਆਂ ਜਾਂਦੀਆਂ ਹਨ ਅਤੇ ਉਹਨਾਂ ਦੀ ਵਰਤੋਂ ਵੀ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ, ਪਰ ਜਦ ਉਹਨਾਂ ਹੀ ਫ਼ਾਇਦੇ ਵਾਲੀਆਂ ਚੀਜ਼ਾਂ ਨੂੰ ਦੂਜਿਆ ਦੇ ਲਈ ਜਾਂ ਆਪਣੇ ਲਈ ਨੁਕਸਾਨਦਾਇਕ ਬਣਾ ਲਈਏ ਜਾਂ ਇਹ ਨੁਕਸਾਨਦਾਇਕ ਬਣ ਜਾਣ ਤਾਂ ਸਾਨੂੰ ਦੁਬਾਰਾ ਉਸਦੇ ਸੰਦਰਭ ਵਿੱਚ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ?
ਗੱਲ ਚੱਲ ਰਹੀ ਹੈ ਸਮਾਰਟ ਫ਼ੋਨ ਦੀ ਹੱਦੋਂ ਵੱਧ ਵਰਤੋਂ ਦੇ ਨੁਕਸਾਨਾਂ ਦੀ ਤਾਂ ਅਰੰਭ ਵਿੱਚ ਜੋ ਸਰਵੇ ਮੈਂ ਪੰਜਾਬ ਦੇ ਬੱਚਿਆਂ/ਵਿਦਿਆਰਥੀਆਂ ਨਾਲ ਸਬੰਧਿਤ ਸਾਂਝਾ ਕਰਕੇ ਉਹਨਾਂ ਦੇ ਪੜ੍ਹਾਈ ਨਾਲ ਸਬੰਧਿਤ ਨੁਕਸਾਨ ਦਾ ਸੰਖੇਪ ਮਾਤਰ ਜ਼ਿਕਰ ਹੈ, ਪਰ ਇਸ ਦੀ ਬਹੁਤ ਵਰਤੋਂ ਜਾਂ ਵੱਡਿਆਂ ਵਿੱਚ ਵੀ ਦੇਖੀ ਜਾ ਸਕਦੀ ਹੈ। ਜਿਸ ਕਾਰਨ ਇਹ ਹਰ ਵੱਦੇ-ਛੋਟੇ ਲਈ ਇੱਕੋ ਜਿਹਾ ਹੀ ਖ਼ਤਰਨਾਕ ਹੈ। ਪਿੱਛੇ ਜਿਹਾ ਇੱਕ ਖਬਰ ਦੀ ਮੁੱਖ ਸੁਰਖੀ ਸੀ ਕਿ, ‘ਹਨੇਰੇ ਵਿੱਚ ਮੋਬਾਇਲ ਫ਼ੋਨ ਵੇਖਣ ਨਾਲ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ ਅਤੇ ਜ਼ਿਆਦਾਤਰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।’ ਮੋਬਾਇਲ ਫੋਨ ਨਾਲ ਜੁੜੀ ਇਹ ਨਾ ਤਾਂ ਕੋਈ ਪਹਿਲੀ ਬੁਰੀ ਖ਼ਬਰ ਹੈ ਅਤੇ ਨਾ ਹੀ ਆਖ਼ਰੀ। ਕਿਉਂਕਿ ਮੋਬਾਇਲ ਫੋਨ ਦੀ ਵਰਤੋਂ ਨਾਲ ਸੜਕੀ ਦੁਰਘਟਨਾਵਾਂ ਵਿੱਚ ਵਾਧਾ ਦਰਜ ਹੋਇਆ ਹੈ। ਮੋਬਇਲ ਫੋਨ ਦੇ ਕੈਮਰੇ ਦੀ ਵਰਤੋਂ ਨਾਲ ਕਿਸੇ ਦੀ ਨਿੱਜਤਾ ਨੂੰ ਕੈਦ ਕਰਨਾ ਜਾਂ ਫਿਰ ਉਸ ਦੇ ਬਦਲੇ ਬਲੈਕਮੇਲ ਕਰਨਾ ਅਪਰਾਧ ਦੇ ਖੇਤਰ ਵਿੱਚ ਆਉਂਦਾ ਹੈ। ਸੈਲਫੀ ਲੈਣ ਮੌਕੇ ਵਾਪਰਨ ਵਾਲੇ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ। ਮੋਬਾਇਲ ਫੋਨਾਂ ‘ਤੇ ਆਨਲਾਈਨ ਗੇਮਾਂ ਖੇਡਣ ਦੀ ਲੱਗੀ ਲੱਤ ਕਾਰਨ ਲੱਖਾਂ ਰੁਪਿਆਂ ਦਾ ਵਿਤੀ ਨੁਕਸਾਨ ਅਤੇ ਤਣਾਅ ਅਧੀਨ ਹੋਣ ਕਾਰਨ ਆਤਮ-ਹੱਤਿਆਵਾਂ ਦੀਆਂ ਘਠਨਾਵਾਂ ਵੀ ਅਖ਼ਬਾਰਾਂ ਦੀ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
ਪੰਜਾਬੀ ਵਾਰਤਕ ਪੁਸਤਕ ਜਰੀਦਾ ਅਨੁਸਾਰ, ਮੋਬਾਇਲ ਫੋਨ ਦੀ ਗ਼ਲਤ ਵਰਤੋਂ ਨਾਲ ਹੁਣ ਤੱਕ ਬਹੁਤ ਖ਼ਤਰਨਾਕ ਨਤੀਜੇ ਸਾਹਮਣੇ ਆ ਚੁੱਕੇ ਹਨ ਅਸੀਂ ਕੇਵਲ ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਡੇ ਆਪਣੇ ਜੀਵਨ ਵਿੱਚ ਇਸਨੇ ਕਈ ਗ਼ੈਰ ਜ਼ਰੂਰੀ ਬਦਲਾਵ ਦਰਜ ਕੀਤੇ ਹਨ। ਜਿਸ ਵਿੱਚੋਂ ਸੱਭ ਤੋਂ ਅਹਿਮ ਹੈ ਸਮੇਂ ਦੀ ਖਪਤ। ਇਸ ਤੋਂ ਇਲਾਵਾ ਮੁੱਖ ਰੂਪ ਵਿੱਚ ਇਸਦਾ ਸੱਭ ਤੋਂ ਵਧੇਰੇ ਅਸਰ ਸਾਡੀਆਂ ਅੱਖਾਂ ਤੇ ਪੈਂਦਾ ਹੈ। ਡਾਕਟਰੀ ਰਿਪੋਰਟ ਅਨੁਸਾਰ ਮੋਬਾਇਲ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਵਿੱਚ ਹਲਕਾ ਅੰਨ੍ਹਾਪਣ, ਕਾਲਾ ਮੋਤੀਆ, ਮੋਤੀਆ ਬਿੰਦ, ਯੂਵਾਇਟਿਸ ਅਤੇ ਪੁਤਲੀ ਦਾ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ। ਲਗਾਤਾਰ ਸਕਰੀਨ ਤੇ ਟਿਕਟਿਕੀ ਲਗਾ ਕੇ ਰੱਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਜਾਂਦਾ ਹੈ ਅਤੇ ਮੋਬਾਇਲ ਦੀ ਤਿੱਖੀ ਰੋਸ਼ਨੀ ਰੇਟੀਨਾ ਦੇ ਮੈਕਿਊਲਰ ਏਰੀਆ (ਅੱਖਾਂ ਦੇ ਸੱਭ ਤੋਂ ਮਹੱਤਵਪੂਰਨ ਹਿੱਸੇ) ਨੂੰ ਪ੍ਰਭਾਵਿਤ ਕਰਕੇ ਬੁਰਾ ਅਸਰ ਪਾਉਂਦੀ ਹੈ। ਜੇਕਰ ਰਾਤ ਵੇਲੇ ਆਪਣੇ ਹਨੇਰੇ ਕਮਰੇ ਵਿੱਚ ਲਗਾਤਾਰ ਮੋਬਾਇਲ ਦੀ ਸਕਰੀਨ ਝਾਕਣ ਦੀ ਆਦਤ ਹੈ ਤਾਂ ਅੱਖਾਂ ਤੇ ਸੱਭ ਤੋਂ ਵਧੇਰੇ ਅਤੇ ਬੁਰਾ ਅਸਰ ਪੈਂਦਾ ਹੈ ਜਿਸ ਕਰਕੇ ਅੱਖਾਂ ਦੀਆਂ ਮਾਸਪੇਸ਼ੀਆਂ ਆਕੜ ਜਾਂਦੀਆਂ ਹਨ ਅਤੇ ਅੱਖਾਂ ਦਾ ਦਰਦ ਕਰਨਾ, ਅੱਖਾਂ ਵਿੱਚੋਂ ਪਾਣੀ ਨਿਕਲਣਾ, ਜਲਨ ਹੋਣਾ, ਜੀਅ ਮਚਲਣਾ, ਅੱਖਾਂ ਅੱਗੇ ਰੰਗੀਨ ਗੋਲੇ ਦਿੱਸਣਾ ਵਰਗੇ ਲੱਛਣ ਹੁੰਦੇ ਹਨ। ਮੈਡੀਕਲ ਵਿਗਿਆਨ ਅਨੁਸਾਰ ਰਾਤ ਨੂੰ ਲਗਾਤਾਰ ਇੱਕ ਪਾਸੇ ਹੀ ਲੇਟੇ ਰਹਿ ਕੇ ਮੋਬਾਇਲ ਦੀ ਹੱਥਾਂ ਨਾਲ ਵਰਤੋਂ ਨਾਲ ਗਰਦਨ ਦੀਆਂ ਹੱਡੀਆਂ ਆਪਣੀ ਥਾਂ ਤੋਂ ਹਟ ਜਾਂਦੀਆਂ ਹਨ ਅਤੇ ਇੱਕ ਕਿਸਮ ਦਾ ਦਬਾਅ ਨਸਾਂ ਉੱਤੇ ਪੈਂਦਾ ਹੈ, ਜਿਸ ਕਾਰਣ ਸਰਵਾਈਕਲ ਹੋਣ ਦਾ ਖਤਰਾ ਵਧੇਰੇ ਹੋ ਜਾਂਦਾ ਹੈ।
ਜਰਮਨੀ ਦੀ ਇਕ ਸੰਸਥਾ (ਜਰਮਨ ਇੰਟਰ ਡਿਸਪਲੀਨਰੀ ਐਸੋਸੀਏਸ਼ਨ ਫਾਰ ਇਨਵਾਇਰਮੈˆਟਲ ਮੈਡੀਸਨ) ਦੇ 22 ਡਾਕਟਰਾˆ ਦੇ ਸਰਵੇਖਣ ਅਨੁਸਾਰ ਮੋਬਾਇਲ ਫੋਨ ਵਰਤਣ ਵਾਲਿਆˆ ਵਿੱਚ ਸਿੱਖਣ ਵਿੱਚ ਮੁਸ਼ਕਲ, ਇਕਾਗਰਤਾ ਵਿੱਚ ਕਮੀ, ਸੁਭਾਅ ਵਿੱਚ ਬਦਲਾਅ, ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ, ਦਿਲ ਦੀਆˆ ਬਿਮਾਰੀਆˆ, ਦਿਲ ਦਾ ਦੌਰਾ, ਦਿਮਾਗੀ ਬਿਮਾਰੀਆˆ (ਮਿਰਗੀ, ਲਿਊਕੀਮੀਆ, ਦਿਮਾਗੀ ਰਸੌਲੀ) ਆਦਿ ਬਿਮਾਰੀਆˆ ਪੈਦਾ ਹੋ ਰਹੀਆˆ ਹਨ।
ਇਸ ਲਈ ਜ਼ਰੂਰੀ ਹੈ ਕਿ ਮੋਬਾਇਲ ਦੀ ਵਧੇਰੇ ਵਰਤੋਂ ਦੇ ਰੁਝਾਨ ਨੂੰ ਠੱਲਣ ਲਈ ਅਸੀਂ ਕੁਝ ਕਾਇਦੇ ਆਪਣਾਈਏ ਤਾਂ ਕਿ ਸਾਡੇ ਘਰ-ਪਰਵਾਰਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸਾਡੇ ਵੱਲ ਦੇਖ ਕੇ ਮੋਬਾਇਲ ਫ਼ੋਨ ਦੀ ਮੰਗ ਨਾ ਕਰਨ। ਅਸੀਂ ਆਪ ਬੱਚਿਆਂ ਸਾਹਮਣੇ ਮੋਬਾਇਲ ਦੀ ਵਰਤੋਂ ਘੱਟ ਤੋਂ ਘੱਟ ਕਰਾਂਗੇ ਤਾਂ ਬੱਚੇ ਇਸ ਗੱਲ ਨੂੰ ਗ੍ਰਹਿਣ ਕਰਨਗੇ। ਰਾਤ ਵੇਲੇ ਹਨੇਰੇ ਕਮਰੇ ਵਿੱਚ ਮੋਬਾਇਲ ਦੀ ਵਰਤੋਂ ਬਿਲਕੁਲ ਬੰਦ ਕਰ ਦੇਈਏ। ਸਕੂਲਾਂ ਵਿੱਚ ਵੀ ਬੱਚਿਆਂ ਨੂੰ ਮੋਬਾਇਲ ਦੀ ਵਰਤੋਂ ਘਟਾਉਣ ਲਈ ਘਰ ਦਾ ਕੰਮ ਪਹਿਲਾਂ ਵਾਂਗ ਡਾਇਰੀਆਂ ਵਿੱਚ ਹੀ ਲਿਖਵਾਇਆ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਬੱਚੇ (ਖ਼ਾਸ ਤੌਰ ‘ਤੇ ਨਾਬਾਲਿਗ) ਨੂੰ ਸਕੂਲ ਦਾ ਕੰਮ ਮੋਬਾਇਲ ਰਾਹੀਂ ਨਾ ਭੇਜਿਆ ਜਾਵੇ। ਅਗਰ ਜ਼ਰੂਰਤ ਹੈ ਵੀ ਤਾਂ ਮਾਤਾ-ਪਿਤਾ ਸੁਚੇਤ ਰਹਿਣ ਕਿ ਬੱਚੇ ਨੂੰ ਕਿੰਨਾ ਸਮਾਂ ਮੋਬਾਇਲ ਦੇਣਾ ਹੈ। ਇਸ ਤਰ੍ਹਾਂ ਕੁਝ ਛੋਟੇ-ਛੋਟੇ ਨੁਕਤੇ ਆਪਣਾ ਕੇ ਅਸੀਂ ਮੋਬਾਇਲ ਫ਼ੋਨ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਆਪਣਾ ਅਤੇ ਆਪਣੇ ਬੱਚਿਆਂ ਦਾ ਬਚਾਅ ਕਰ ਸਕਦੇ ਹਾਂ।