ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਨੇ ਅੰਤਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ (ਖ਼ਬਰਸਾਰ)


    ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਆਪਣਾ ਵੀਹਵਾਂ ਸਲਾਨਾ  ਅੰਤਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ। ਪਲੀ ਦੇ ਸਰਗਰਮ ਮੈਂਬਰਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਨੂੰ  ਪਿਆਰ ਕਰਨ ਵਾਲੇ ਲੋਕ ਇਸ ਪ੍ਰੋਗ੍ਰਾਮ ਵਿੱਚ ਪਹੁੰਚੇ। ਹਰਮਨ ਪੰਧੇਰ ਇਸ ਪ੍ਰੋਗ੍ਰਾਮ ਦੇ ਐਮ ਸੀ ਸਨ ਅਤੇ ਉਹਨਾਂ ਨੇ  ਸਮਾਗਮ ਦੀ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਅਸੀਂ ਆਦਿਵਾਸੀਆਂ ਦੀ ਅਸਪੁਰਦ ਜ਼ਮੀਨ (ਅਨਸੀਡਿਡ ਟੈਰੇਟਰੀ) ਤੇ ਇਕੱਠੇ ਹੋਏ ਹਾਂ। ਉਸ ਤੋਂ ਬਾਅਦ ਪਲੀ ਦੇ ਮੀਤ ਪ੍ਰਧਾਨ, ਡਾ. ਸਾਧੂ ਬਿਨਿੰਗ ਨੇ ਸ਼ਰਧਾਂਝਲੀ ਦੇ ਰੂਪ ਵਿੱਚ  ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਬਾਰੇ ਕੁੱਝ ਲਫਜ਼ ਸਾਂਝੇ ਕੀਤੇ, ਜੋ ਕੁੱਝ ਦਿਨ ਪਹਿਲਾਂ ਗੁਜ਼ਰ ਗਏ ਸਨ। ਫੇਰ ਉਨ੍ਹਾਂ ਨੇ  ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਵੱਲੋਂ ਲਿਖਿਆ ਸੁਨੇਹਾ ਪੜ੍ਹਿਆ, ਜੋ ਕਿ ਸਿਹਤ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ  ਸਕੇ। ਉਨ੍ਹਾਂ ਨੇ ਪਲੀ ਵਲੋਂ ਹਮੇਸ਼ਾ ਰੱਖੀ ਜਾਂਦੀ ਮੰਗ ਕਿ ਪੰਜਾਬੀ ਨੂੰ ਕੈਨੇਡਾ ਵਿਚ ਕੌਮੀ ਪੱਧਰ ’ਤੇ ਸਰਕਾਰੀ ਮਾਨਤਾ  ਮਿਲਣੀ ਚਾਹੀਦਾ ਹੈ, ਵੀ ਸਾਂਝੀ ਕੀਤੀ। 
    ਪ੍ਰੋਗ੍ਰਾਮ ਦੀ ਪਹਿਲੀ ਪੇਸ਼ਕਸ਼ ਵਿੱਚ ਗੁਰਵੀਰ ਸਿੰਘ ਮੁੱਕੜ ਨੇ ਅਜਮੇਰ ਰੋਡੇ ਦੀ ਕਵਿਤਾ ‘ਲੇਬਲ’ ਪੜ੍ਹੀ। ਉਸ ਤੋਂ ਮਗਰੋਂ  ਸਰੀ ਨਿਊਟਨ ਦੇ ਐਮ ਐਲ ਏ ਅਤੇ ਕੈਨੇਡਾ ਦੀ ਜੰਮ ਪਲ਼ ਜੈਸੀ ਸੁੱਨੜ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ, ਅਤੇ ਪੰਜਾਬੀ  ਨਾਲ ਆਪਣੇ ਜੀਵਨ ਦੇ ਤਜਰਬੇ ਬਿਆਨ ਕੀਤੇ। ਰਜਿੰਦਰ ਪੰਧੇਰ ਨੇ ਪੰਜਾਬੀ ਪੜ੍ਹਨ ਲਈ ਸਭ ਨੂੰ ਪ੍ਰੇਰਿਤ ਕੀਤਾ, ਅਤੇ  ਸਮਾਗਮ ਦੌਰਾਨ ਮੁਫਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੈਸ ਮਾਰਗ੍ਰੇਟ ਸਕੂਲ ਦੇ  ਵਿਦਿਆਰਥੀ ਜਪਜੀ ਔਜਲਾ ਅਤੇ ਸਰੀਨਾ ਨਾਗਰਾ ਨੇ ਪੰਜਾਬੀ ਸਭਿਆਚਾਰ ਵਿੱਚ ਪੱਖੀ ਦੀ ਮਹੱਤਤਾ ਬਾਰੇ ਗੱਲ ਬਾਤ  ਵੀ ਕੀਤੀ। ਸਕੂਲ ਬੋਰਡ ਟ੍ਰਸਟੀ, ਸਰੀ ਤੋਂ ਗੈਰੀ ਥਿੰਦ, ਡੈਲਟਾ ਤੋਂ ਨਿੰਮੀ ਧੌਲਾ ਨੇ ਸਕੂਲਾਂ ਵਿੱਚ ਪੰਜਾਬੀ ਦੀ ਸਥਿਤੀ  ਬਾਰੇ ਜਾਣਕਾਰੀ ਦਿੱਤੀ। ਐਬਟਸਫੋਰਡ ਤੋਂ ਪ੍ਰੀਤ ਰਾਏ ਸਮਾਗਮ ਵਿੱਚ ਨਹੀਂ ਪਹੁੰਚ ਸਕੇ, ਲੇਕਿਨ ਉਹਨਾਂ ਦਾ ਸੁਨੇਹਾ  ਹਰਮਨ ਪੰਧੇਰ ਨੇ ਪੜ੍ਹਿਆ। 
    ਗਾਇਕ ਸੁੱਖੀ ਲਾਲੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਪੇਸ਼ ਕੀਤਾ। ਸਰੀ ਪੁਲੀਸ ਇੰਸਪੈਕਟਰ ਜੈਗ ਖੋਸਾ ਨੇ ਅੱਜ  ਕੱਲ੍ਹ ਦੀ ਨੌਂਜਵਾਨ ਪੀੜ੍ਹੀ ਨਾਲ ਜੁੜਣ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਐਸ ਐਫ ਯੂ ਦੇ ਵਿਦਿਆਰਥੀ  ਜੇਡਨ ਅਤੇ ਰੋਹਨ ਗਿੱਲ ਨੇ ਪੰਜਾਬੀ ਪੜ੍ਹਨ ਬਾਰੇ ਇੱਕ ਵੀਡੀਓ ਦਿਖਾਈ। ਯੂ ਬੀ ਸੀ ਦੇ ਲਾਏਬ੍ਰੇਰੀਅਨ, ਸਰਬਜੀਤ  ਰੰਧਾਵਾ ਜੀ ਨੇ ਏਸ਼ੀਅਨ ਲਾਏਬ੍ਰੇਰੀ ਦੀ ਜਾਣਕਾਰੀ ਦਿੱਤੀ। ਸਿਟੀ ਆਫ ਸਰੀ ਦੇ ਮਲਟੀਕਲਚਰਲ ਮੀਡੀਆ ਵਿਭਾਗ  ਤੋਂ, ਪ੍ਰਭਜੋਤ ਕਾਹਲੋਂ ਨੇ ਦਰਸ਼ਕਾਂ ਨੂੰ ਸੰਬੋਧਿਤ ਕੀਤਾ ਅਤੇ ਪੰਜਾਬੀ ਵਿੱਚ ਲਿਖੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
    ਕੇ ਪੀ ਯੂ ਦੇ ਵਿਦਿਆਰਥੀ ਰੌਨਿਕ ਬਿਰਕ ਨੇ ਇਸ ਵਿਸ਼ੇ ਤੇ ਗੱਲ ਕੀਤੀ ਕਿ ਪੰਜਾਬੀ ਕਿਉਂ ਪੜ੍ਹਨੀ ਚਾਹੀਦੀ ਹੈ।  ਗੁਰਮਨ ਸਿੰਘ ਡੌਡ ਨੇ ਸਾਧੂ ਬਿਨਿੰਗ ਦੀ ਕਵਿਤਾ, ‘ਸੀਨਾ ਪਾਟਣ ਦੀ ਗੱਲ’ ਪੜ੍ਹੀ। ਪਲੀ ਦੀ ਮੈਂਬਰ ਪ੍ਰਭਜੋਤ ਕੌਰ  ਸਿੰਘ ਨੇ ਆਪਣੀ ਨਵੀਂ ਕਿਤਾਬ ਬਾਰੇ ਜਾਣਕਾਰੀ ਦਿੱਤੀ। ਯੂ ਬੀ ਸੀ ਦੇ ਵਿਦਿਆਰਥੀ, ਗੁਰਫਤਹ ਸਿੰਘ ਨੇ ਪੰਜਾਬੀ ਮਾਂ  ਬੋਲੀ ਬਾਰੇ ਆਪਣੇ ਖਿਆਲ ਪ੍ਰੋਗ੍ਰਾਮ ਵਿੱਚ ਸ਼ਾਮਲ ਕੀਤੇ, ਅਤੇ ਫਿਰ ਸਤਕਾਰ ਸਿੰਘ ਸੋਢੀ ਨੇ ਪ੍ਰੋਫੈਸਰ ਮੋਹਨ ਸਿੰਘ ਜੀ  ਦੀ ਕਵਿਤਾ, ‘ਹਵਾ ਦਾ ਜੀਵਨ’ ਪੜ੍ਹ ਕੇ ਸੁਣਾਈ। ਮੰਨਤ ਜਿੰਦਲ ਅਤੇ ਦਿਲਜੋਤ ਗਿੱਲ, ਜੋ ਕਿ ਪ੍ਰਿੰਸੈਸ ਮਾਰਗ੍ਰੇਟ ਸਕੂਲ  ਦੀਆਂ ਵਿਦਿਆਰਥਣਾਂ ਹਨ, ਪੰਜਾਬੀ ਬੋਲੀ ਤੇ ਲਿਖੀ ਕਵਿਤਾ ਸਾਂਝੀ ਕੀਤੀ, ਜਿਸ ਤੋ ਮਗਰੋਂ ਐਸ ਐਫ਼ ਯੂ ਦੀ  ਵਿਦਿਆਰਥਣ, ਕੇਲੀ ਗੈਡੀਜ਼ ਨੇ ਵੀ ਆਪਣੇ ਕੁੱਝ ਖਿਆਲ ਸੁਣਾਏ। 
    ਆਖਿਰ ਵਿੱਚ, ਹਰਮਨ ਪੰਧੇਰ ਨੇ ਆਪਣੀਆਂ ਲਿਖੀਆਂ ਕਿਤਾਬਾਂ ਬਾਰੇ ਦੱਸਿਆ। ਅਖੀਰ ਵਿੱਚ ਐਲ ਏ ਮੈਥਿਸਨ  ਸਕੂਲ ਦੀ ਅਧਿਆਪਕਾ, ਗੁਰਪ੍ਰੀਤ ਕੌਰ ਬੈਂਸ ਨੇ ਆਏ ਦਰਸ਼ਕਾਂ ਅਤੇ ਤਾਜ ਪਾਰਕ ਦੇ ਮਾਲਿਕ ਕੁਲਤਾਰ ਥਿਆੜਾ ਦਾ  ਵਿਸ਼ੇਸ਼ ਧੰਨਵਾਦ ਕੀਤਾ। ਉਸ ਨੇ ਸਰੀ ਪਬਲਿਕ ਲਾਇਬ੍ਰੇਰੀ ਵਲੋਂ ਪੰਜਾਬੀ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਦੇਣ ਲਈ  ਲਾਏ ਟੇਬਲ ਲਈ ਅਤੇ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਹੋਰਾਂ ਵਲੋਂ ਕਿਤਾਬਾਂ ਦੇ ਲਾਏ ਟੇਬਲਾਂ ਲਈ ਅਤੇ ਗੁਰਜਿੰਦਰ  ਸੇਖੋਂ ਵਲੋਂ ਪਲੀ ਦੀ ਸਟੇਜ ਨੂੰ ਸਜਾਉਣ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਇਸ ਸ਼ਾਨਦਾਰ ਪ੍ਰੋਗਰਾਮ ਨੂੰ  ਕਾਮਯਾਬ ਕਰਨ ਲਈ ਪਲੀ ਦੇ ਮੈਂਬਰਾਂ ਰਣਬੀਰ ਜੌਹਲ, ਪਾਲ ਬਿਨਿੰਗ, ਗੁਰਿੰਦਰ ਮਾਨ, ਅਮਨਦੀਪ ਛੀਨਾ ਅਤੇ  ਰੀਤਿੰਦਰ ਕੌਰ ਦਾ ਉਨ੍ਹਾਂ ਵਲੋਂ ਪਾਏ ਯੋਗਦਾਨ ਲਈ ਧੰਨਵਾਦ ਕੀਤਾ।