ਰੋਟੀ ਤਵੇ ਤੇ ਪਾਈ ਹੋਈ ਏ,
ਸਾਨੂੰ ਇਕ ਵਾਰੀ ਕਹਿ ਲੈਣ ਦੇ
ਜਿਹੜੀ ਗੱਲ ਬੁੱਲ੍ਹਾਂ ਤੇ ਆਈ ਹੋਈ ਏ।
ਫੁੱਲ ਲੱਗ ਗਏ ਨੇ ਕਿੱਕਰਾਂ ਨੂੰ,
ਉਹ ਕਿਹੜਾ ਸੁਖੀ ਵਸਦੇ
ਜੋ ਚਲੇ ਗਏ ਧੋਖਾ ਦੇ ਕੇ ਮਿੱਤਰਾਂ ਨੂੰ।
ਬੇਰ ਲੱਗ ਗਏ ਨੇ ਬੇਰੀਆਂ ਨੂੰ,
ਕੋਈ ਵਿਰਲਾ ਹੀ ਝੱਲ ਸਕਦਾ
ਹਿਜਰ ਦੀਆਂ ਤੇਜ਼ ਹਨੇਰੀਆਂ ਨੂੰ।
ਨਹਿਰ 'ਚ ਰਿਹਾ ਨਾ ਪਾਣੀ ਥੋੜ੍ਹਾ ਵੀ,
ਕਹਿੰਦੇ ਜੇ ਪਿਆਰ ਸਿਰੇ ਚਾੜ੍ਹਨਾ
ਝੱਲਣਾ ਪੈਂਦਾ ਕੁਝ ਚਿਰ ਦਾ ਵਿਛੋੜਾ ਵੀ।
ਬੂਰ ਪਿਆ ਏ ਅੰਬਾਂ ਦੇ ਬੂਟਿਆਂ ਨੂੰ,
ਸੱਚਿਆਂ ਦੀ ਹੋਵੇ ਕਦਰ ਬਥੇਰੀ
ਕੋਈ ਇੱਥੇ ਪੁੱਛੇ ਨਾ ਝੂਠਿਆਂ ਨੂੰ।
ਆਕਾਸ਼ ਭਰਿਆ ਪਿਆ ਏ ਤਾਰਿਆਂ ਨਾਲ,
ਕੌੜਾ ਬੋਲ ਕੇ ਸੜੀ ਨਾ ਜਾ ਐਵੇਂ
ਮਿੱਠਾ ਬੋਲ ਬੰਦਿਆ ਸਾਰਿਆਂ ਨਾਲ।
ਸੜਕ 'ਚ ਟੋਏ ਪੈ ਗਏ ਨੇ,
ਦਿਨ-ਰਾਤ ਮੰਗੀਏ ਖ਼ੈਰ ਉਨ੍ਹਾਂ ਦੀ
ਜਿਹੜੇ ਸਾਡਾ ਚੈਨ ਲੈ ਗਏ ਨੇ।