ਗੱਲਾਂ ਗੁਰੂ ਪਿਆਰਿਆਂ ਨਾਲ ਕਰਨੀਆਂ ਨੇ, ਪਹਿਲਾਂ ਹਾਜ਼ਰੀ ਗੁਰੂ ਦਰਬਾਰ ਲੱਗੇ ।
ਪ੍ਰਿਥਮੇਂ ਪੁਰਖ ਪਿਆਰੇ ਦੀ ਯਾਦ ਕਰਕੇ, ਮੁੱਖ ਬੰਦ ਉਪਰ ਇੱਕ ਓਅੰਕਾਰ ਲੱਗੇ ।
ਫ਼ਤਿਹ ਗੁਰਾਂ ਦੀ ਆਪ ਨੂੰ ਭੇਜਦੇ ਹਾਂ, ਰੱਖ ਕੇ ਪੂਰਨ ਅਦਬ ਸਤਿਕਾਰ ਅੱਗੇ ।
ਰਾਜ਼ੀ ਖੁਸ਼ੀ ਇੱਥੇ ਪਰਵਾਰ ਸਾਰਾ, ਤੁਹਾਡੀ ਖੁਸ਼ੀ ਲਈ ਬਿਨਤੀ ਕਰਤਾਰ ਅੱਗੇ ।
ਨਾਨੀ ਜੀ ਸੁਣਾਓ, ਆਪਣਾ ਹਾਲ ਦੱਸੋ, ਸੁਣਿਐ ਸਿਹਤ ਪੱਖੋਂ ਕਮਜ਼ੋਰ ਪੈ ਗਏ ।
ਨਿਰਬਲਤਾ ਤਾਂ ਉਮਰ ਨਾਲ ਆ ਜਾਂਦੀ, ਫਿਕਰ ਨਾਹੀਂ ਜੇ ਮੱਧਮ ਟੋਰ ਪੈ ਗਏ ।
ਸਾਰੀ ਉਮਰ ਬਥੇਰਾ ਕੰਮ ਕੀਤਾ, ਤੁਸਾਂ ਦੇ ਆਸਰੇ ਹੀ ਸਭ ਘਰ ਬਾਰ ਬਣਿਐ ।
ਬੱਸ ਹੁਣ ਤਾਂ ਵੇਲਾ ਹੈ ਹਰੀ ਅਰਾਧਣੇ ਦਾ, ਗੁਰੂ ਸੇਵਾ ਦਾ ਅਓਸਰਬਾਰ ਬਣਿਐ ।
ਮਾਮਾ ਜੀ ਸੁਣਾਓ, ਆਪਣਾ ਹਾਲ ਦੱਸੋ, ਬਿਜ਼ਨਿਸ ਕਿਵੇਂ ਤੇ ਕੀ ਹੈ ਹਾਲ ਘਰ ਦਾ ।
ਹਰਮਨ ਪਿਆਰੇ ਹੋ ਪਿਆਰਾ ਮਿਜਾਜ਼ ਥੋਡਾ, ਹਰਇੱਕ ਦੇ ਸੀਨੇ ਹੈ ਠੰਡ ਕਰਦਾ ।
ਸੁਭਾ ਸ਼ਾਮ ਬਹਾਨਾ ਕੱਢ ਕੋਈ, ਹਰ ਜੀਅ ਕਿਵੇਂ ਨਾਂ ਕਿਵੇਂ ਤੁਹਾਨੂੰ ਯਾਦ ਕਰਦਾ ।
ਛਿੱਕਾਂ ਮਾਰਦੇ ਹੋਵੋਂਗੇ ਰਹਿ ਜਾਂਦੇ, ਸਾਡਾ ਤਾਂ ਗੱਲਾਂ ਕਰਦਿਆਂ ਨਹੀਂ ਢਿੱਡ ਭਰਦਾ ।
ਸੁਣਿਐ ਮਾਮੀ ਜੀ! ਨਾਲ ਲੈ ਗੁਰਾਂ ਮਾਸੀ, ਪਹਿਲੇ ਪਹਿਰ ਗੁਰੂ ਦਰ ਜਾਂਵਦੇ ਹੋ ।
ਭਾਗਾਂ ਵਾਲੇ ਹੋ ਜੋ ਵੇਲੇ ਦੀ ਸਾਂਭ ਕਰਦੇ, ਤਾਂਹੀਏ ਖੁਸ਼ੀਆਂ ਰਹਿਮਤਾਂ ਪਾਂਵਦੇ ਹੋ ।
ਗੁਰੂ ਗ੍ਰੰਥ ਸਾਹਿਬ ਦੇ ਜੋ ਲੜ ਲੱਗਦੇ, ਵਹਿਮਾਂ ਭਰਮਾਂ ਦਾ ਸਿਰੋਂ ਲਾਹ ਭਾਰ ਦਿੰਦੇ ।
ਜਿਸ ਜਿਸ ਰੱਬ ਨਾਲ ਸੱਚਾ ਪ੍ਰੇਮ ਕੀਤਾ, ਆਪ ਤਰ ਜਾਂਦੇ ਹੋਰਾਂ ਨੂੰ ਤਾਰ ਦਿੰਦੇ ।
ਮੇਰੇ ਮਾਮਾ ਜੀ ਦਾ ਪੁੱਤਰ, ਮੇਰਾ ਸਿੰਘ ਵੀਰਾ, ਸ਼ੁਭ ਗੁਣਾਂ ਦੀ ਹੈਂ ਜੀਕੂੰ ਪੰਡ ਖੋਲ੍ਹੀ ।
ਸੰਜਮ ਸਹਿਜ ਸੁਭਾ ਦਾ ਤੂੰ ਸੁਣਿਐ, ਮਿੱਠਾ ਬੋਲਦਾ ਹੈਂ ਜੀਕੂੰ ਖੰਡ ਘੋਲੀ ।
ਮਾਤਾ ਪਿਤਾ ਦਾ ਥਾਪੜਾ ਤੂੰ ਲੀਤਾ, ਡਿਉਟੀ "ਫਤਿਹ" ਦੀ ਨਾਨਕ ਨਿਰਵੈਰ ਜੁੰਮੇ ।
ਪੜ੍ਹਕੇ ਲਿਖਕੇ ਡਿਗਰੀਆਂ ਪਾ ਲਈਆਂ, ਤਾਂਹੀਓ ਉੱਚੀ ਮੰਜ਼ਿਲ ਨੇ ਪੈਰ ਚੁੰਮੇ ।
ਭੈਣਾਂ ਰਾਣੀਆਂ ਦੇ ਸਾਹੁਰੜੇ ਪਿੰਡ ਵੱਲੋਂ, ਸੁਣਿਐ ਠੰਡੀਆਂ ਹਵਾਵਾਂ ਆਵੰਦੀਆਂ ਨੇ ।
ਖੁਸ਼ੀਆਂ ਰਹਿਮਤਾਂ ਬਰਕਤਾਂ ਬਖਸ਼ੀਆਂ ਨੇ, ਕਿਰਪਾ ਗੁਰੂ ਦੀ, ਸੁਖੀ ਵਸੰਦੀਆਂ ਨੇ ।
"ਪੋਤਿਆਂ ਦੋਹਤਿਆਂ ਦੀਆਂ ਰੋਣਕਾਂ ਰਹਿਣ ਲੱਗੀਆਂ", ਵੱਡੀ ਨਾਨੀ ਦੀ ਅਸੀਸ ਯਾਦ ਆਵੇ ।
ਕਹਿਆ ਸਿਆਣੇ ਦਾ ਤੇ ਖਾਧੇ ਹੋਏ ਆਂਵਲੇ ਦਾ, ਅਸਰ ਅਹਿਸਾਸ ਸੁਣਿਐਂ ਬਾਅਦ ਆਵੇ ।
ਚਿੱਠੀ ਬੰਦ ਕਰਨ ਦੀ ਕਰੋ ਆਗਿਆ, ਭੁੱਲ ਚੁੱਕ ਦੀ ਮੁਆਫੀ ਲਈ ਹਾਂ ਆਸ ਕਰਦੇ ।
ਸੁੱਖ ਅਨੰਦ ਬਣਿਆ ਰਹੇ ਖੇੜਾ, ਲੱਖਾਂ ਖੁਸ਼ੀਆਂ ਲਈ ਅਰਦਾਸ ਕਰਦੇ ।
ਨੇੜਤਾ ਹੋਰ ਵੀ ਵਧੇ ਕਰਤਾਰ ਵੱਲੇ, ਘਰ ਪ੍ਰਵਾਰ ਸੰਸਾਰ ਵਿੱਚ ਵਧੋਂ ਫੁੱਲੋਂ ।
"ਵਾਹਿਗੁਰੂ ਜੀ ਕਾ ਖਾਲਸਾ" ਸੁਣੋ ਸਾਰੇ, "ਵਾਹਿਗੁਰੂ ਜੀ ਕੀ ਫ਼ਤਹਿ" ਪ੍ਰੇਮ ਸਿੰਘ ਵੱਲੋਂ ।