ਹਰ ਮਹਿਕਮੇ ਦੇ ਵਿੱਚ ਘਪਲੇਬਾਜ਼ੀ ਦਾ ਹੈ ਬੋਲਬਾਲਾ,
ਫਾਇਲਾਂ ਖੋਲਦਾ ਮਾਨ ਸਾਹਿਬ ਥੱਕ ਤਾਂ ਨੀ ਜਾਵੇਂਗਾ?
ਭ੍ਰਿਸ਼ਟਾਚਾਰੀ ਰੋਕੋ ਮੁਹਿੰਮ ਚਲਾਈ ਜੋ ਪੰਜਾਬ ਵਿੱਚ,
ਦਿਲ ਵਾਲੀ ਦੱਸੀਂ ਕਿਤੇ ਅੱਕ ਤਾਂ ਨੀਂ ਜਾਵੇਂਗਾ?
ਛੋਟੇ ਘਪਲੇ ਕੀਤੇ ਜਿਨ੍ਹਾਂ ਅੜਿੱਕੇ ਹਨ ਚੜ੍ਹੀ ਜਾਂਦੇ,
ਵੱਡਿਆਂ ਤੋਂ ਪਾਸਾ ਕਿਤੇ ਵੱਟ ਤਾਂ ਨੀਂ ਜਾਵੇਂਗਾ?
ਧੜੱਲੇ ਨਾਲ ਵਾਅਦੇ ਰਿਹਾ ਕਰਦਾ ਸਟੇਜਾਂ ਤੋਂ ਜੋ,
ਓਨਾਂ ਵੱਲੋਂ ਪਿੱਛੇ ਕਿਤੇ ਹਟ ਤਾਂ ਨੀਂ ਜਾਵੇਂਗਾ?
ਵੱਡੇ ਵੱਡੇ ਮਗਰਮੱਛ ਦੜ ਦੜਾਉਂਦੇ ਫਿਰਦੇ ਜੋ,
ਓਹਨਾਂ ਨਾਲ ਲਿਹਾਜ਼ ਕਿਤੇ ਰੱਖ ਤਾਂ ਨੀਂ ਜਾਵੇਂਗਾ?
ਸੇਰ ਚੋਂ ਨਾਂ ਕੱਤੀ ਪੂਣੀ ਮੰਜ਼ਿਲ ਹੈ ਦੂਰ ਹਾਲੇ,
ਕਰਦਾ ਸਫਾਈ ਕਿਤੇ ਭਖ਼ ਤਾਂ ਨੀਂ ਜਾਵੇਂਗਾ?
ਕਰਜ਼ ਤਾਂ ਪੰਜਾਬੀਆਂ ਦਾ ਲਾਹੁਣਾ ਪਊ ਹਰ ਹੀਲੇ,
ਦੇਖੀਂ ਕਿਤੇ ਇਹਦੇ ਵੱਲੋਂ ਪਾਸਾ ਵੱਟ ਜਾਈਂ ਨਾ।
ਜ਼ਮੀਰ ਨਾਂ ਡੁਲਾਈਂ ਅਤੇ ਤਣ ਜਾਈਂ ਫ਼ੌਲਾਦ ਵਾਂਗੂੰ,
ਅਣਖੀ ਪੰਜਾਬੀ ਤੇਰੇ ਨਾਲ ਖੜ੍ਹੇ ਐਵੇਂ ਘਬਰਾਈਂ ਨਾ।