ਆਈ ਵਿਸਾਖੀ ਖੁਸ਼ੀਆਂ ਲੈ ਕੇ ਮੇਲਾ ਵੇਖਣ ਜਾਵਾਂਗੇ ।
ਮੇਲੇ ਵਾਲੀ ਰੌਣਕ ਤੋਂ ਬਲਿਹਾਰੀ ਸਦਕੇ ਜਾਵਾਂਗੇ ।
ਕਾਲੀ ਕਾਰ ਬਲੈਰੋ ਦੇ ਵਿੱਚ ਆਪਣਾ ਸਫ਼ਰ ਮੁਕਾਉਣਾ ਹੈ ।
ਤਖਤ ਸ੍ਰੀ ਤਲਵੰਡੀ ਸਾਬੋ ਇਸ ਵਾਰ ਫੇਰਾ ਪਾਉਣਾ ਹੈ ।
ਗੁਰੂਆਂ ਦੀ ਧਰਤੀ ਦੇ ਉੱਤੇ ਜਾ ਕੇ ਸੀਸ ਝੁਕਾਵਾਂਗੇ ।
ਸਜੀਆਂ- ਫਬੀਆਂ ਢੇਰ ਦੁਕਾਨਾਂ ਮੇਲੇ ਦੇ ਵਿੱਚ ਵੇਖਾਂਗੇ ।
ਗੁਰੂਦੁਆਰੇ ਅੰਦਰ ਜਾ ਕੇ ਸਾਰੇ ਮੱਥਾ ਟੇਕਾਂਗੇ ।
ਅੰਮਿ੍ਤ ਵਰਗਾ ਗੁਰੂਦਵਾਰਿਉਂ ਸੁੱਚਾ ਲੰਗਰ ਖਾਵਾਂਗੇ !
ਘੁੰਮ-ਘੁੰਮ ਕੇ ਅਸੀਂ ਵਿਸਾਖੀ ਵਾਲੇ ਦਿਨ ਨਾ ਥੱਕਾਂਗੇ ।
ਇਸ ਦਿਨ ਦਾ ਇਤਿਹਾਸ ਸੁਣਾਂਗੇ ਘਰ ਆ ਕੇ ਵੀ ਦੱਸਾਂਗੇ ।
ਕੌਤਕ ਸੁਣ ਦਸਮੇਸ਼ ਗੁਰੂ ਦੇ ਵਾਰੀ ਸਦਕੇ ਜਾਵਾਂਗੇ !
ਸੜਕਾਂ ਉੱਤੇ ਵਿੱਚ ਕਤਾਰਾਂ ਬਹੁਤ ਦੁਕਾਨਾਂ ਹੋਣਗੀਆਂ ।
ਇਨ੍ਹਾਂ ਦੇ ਵਿੱਚ ਚੀਜ਼ਾਂ-ਵਸਤਾਂ ਮਨ ਸਾਡੇ ਨੂੰ ਮੋਹਣਗੀ ।
ਸੁੰਦਰ ਸਜੇ ਸਟਾਲਾਂ ਉੱਤੋਂ ਚੀਜ਼ਾਂ ਮੁੱਲ ਲਿਆਵਾਂਗੇ ।
ਇੱਧਰ ਉੱਧਰ ਫਿਰ ਤੁਰ ਕੇ ਕੁਝ ਗਿਆਨ ਵੀ ਹਾਸਿਲ ਕਰਨਾ ਹੈ ।
ਚੰਗਾ 'ਬੁੱਕ-ਸਟਾਲ' ਵੇਖ ਅਸੀਂ ਜਾ ਕੇ ਉੱਥੇ ਖੜ੍ਹਨਾ ਹੈ ।
ਨਵੀਆਂ ਕੁਝ ਕਿਤਾਬਾਂ ਲੈਕੇ ਮੇਲੇ ਵਿੱਚੋਂ ਆਵਾਂਗੇ !
ਠੰਢ ਗਈ ਹੁਣ ਗਰਮੀ ਦਾ ਵੀ ਕਹਿਰ ਸ਼ੁਰੂ ਹੋ ਜਾਵੇਗਾ ।
ਕਣਕਾਂ ਵੱਢਣ ਵੇਲੇ ਵੀ ਹੁਣ ਖੂਬ ਪਸੀਨਾ ਆਵੇਗਾ ।
ਠੰਢਾ ਪਾਣੀ ਪੀਵਾਂਗੇ ਤੇ ਆਈਸਕਰੀਮਾਂ ਖਾਵਾਂਗੇ !
ਸੁੱਖ-ਸ਼ਾਂਤੀ ਰਹੇ ਦੇਸ ਵਿੱਚ ਇਹ ਅਰਦਾਸ ਕਰਾਵਾਂਗੇ ।
ਅਗਲੇ ਸਾਲ ਵਿਸਾਖੀ ਮੌਕੇ ਫਿਰ ਚਾਵਾਂ ਨਾਲ ਆਵਾਂਗੇ ।
ਸ਼ਾਮਾਂ ਤੀਕਰ ਫਤਹਿ ਬੁਲਾ ਮੁੜ ਵਾਪਸ ਘਰ ਨੂੰ ਆਵਾਂਗੇ !