ਅਸੀਂ ਖ਼ੁਸ਼ ਕਿਉਂ ਨਹੀਂ ਹੁੰਦੇ?
(ਲੇਖ )
ਖ਼ੁਸ਼ੀ ਗਮੀ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹੈ ਜੇ ਜ਼ਿੰਦਗੀ ਵਿਚ ਕੋਈ ਦੁੱਖ ਨਾ ਹੋਵੇ ਤਾਂ ਖ਼ੁਸ਼ੀ ਅਤੇ ਸੁੱਖ ਦੀ ਕੀਮਤ ਕਿਸ ਨੂੰ ਪਤਾ ਲੱਗੇਗੀ। ਹਰ ਮਨੁੱਖ ਖ਼ੁਸ਼ੀ ਦਾ ਹੀ ਤਲਬਦਾਰ ਹੈ। ਜਿਸ ਕੰਮ ਜਾਂ ਵਸਤੂ ਨਾਲ ਸਾਨੂੰ ਮਾਨਸਿਕ ਸੁੱਖ ਮਿਲਦਾ ਹੈ ਉਹ ਹੀ ਸਾਡੀ ਖ਼ੁਸ਼ੀ ਹੈ। ਕਈ ਲੋਕ ਆਪਣੇ ਆਪ ਨੂੰ ਬਹੁਤ ਚਾਲਾਕ ਅਤੇ ਸਿਆਣੇ ਸਮਜਦੇ ਹਨ। ਉਹ ਗ਼ਲਤ ਢੰਗ ਨਾਲ ਕਾਮਯਾਬੀ ਹਾਸਿਲ ਕਰਦੇ ਹਨ ਅਤੇ ਭ੍ਰਿਸ਼ਟ ਤਰੀਕੇ ਨਾਲ ਧਨ ਅਤੇ ਸੁੱਖ ਸਹੂਲਤਾਂ ਦੇ ਸਾਮਾਨ ਇਕੱਠੇ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਖ਼ੁਸ਼ੀ ਮਿਲੇ ਪਰ ਖ਼ੁਸ਼ੀ ਫਿਰ ਵੀ ਨਹੀਂ ਮਿਲਦੀ। ਉਹ ਸ਼ਰਾਫ਼ਤ ਅਤੇ ਇਮਾਨਦਾਰੀ ਦਾ ਨਕਾਬ ਪਾਈ ਰੱਖਦੇ ਹਨ ਪਰ ਆਤਮਾ ਅੱਗੇ ਕੋਈ ਨਕਾਬ ਨਹੀਂ ਚੱਲਦਾ। ਆਪਣੀ ਆਤਮਾ ਅੱਗੇ ਸਭ ਲੋਕ ਬੇਨਕਾਬ ਹੁੰਦੇ ਹਨ। ਉਨ੍ਹਾਂ ਨੂੰ ਹਰ ਸਮੇਂ ਸਮਾਜ ਸਾਹਮਣੇ ਆਪਣਾ ਭੇਦ ਖੁੱਲਣ ਦਾ ਅਤੇ ਬੇਇੱਜ਼ਤ ਹੋਣ ਦਾ ਡਰ ਬਣਿਆ ਰਹਿੰਦਾ ਹੈ। ਫਿਰ ਕਾਨੂੰਨ ਦਾ ਅੜਿੱਕੇ ਆਉਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਖ਼ੁਸ਼ੀ ਨਹੀਂ ਮਿਲਦੀ। ਸੱਚੀਖ਼ੁਸ਼ੀ ਤਾਂ ਹੱਕ ਹਲਾਲ ਦੀ ਕਮਾਈ ਕਰ ਕੇ ਅਤੇ ਸਹੀ ਰੱਸਤੇ ਤੇ ਚੱਲਣ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਇਸੇ ਲਈ ਗੁਰਬਾਣੀ ਵਿਚ ਵੀ ਲਿਖਿਆ ਹੈ-“ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥”
ਹਰ ਮਨੁੱਖ ਦੀ ਖ਼ੁਸ਼ੀ ਅਲੱਗ ਅਲੱਗ ਹੋ ਸਕਦੀ ਹੈ। ਕਈ ਲੋਕ ਝੁੱਗੀਆਂ ਵਿਚ ਰਹਿ ਕੇ ਵੀ ਖ਼ੁਸ਼ ਹਨ ਕਈ ਮਹਿਲ ਮੁਨਾਰਿਆਂ ਵਿਚ ਰਹਿ ਕੇ ਵੀ ਦੁਖੀ ਹੀ ਹਨ। ਇਕ ਕਹਾਣੀ ਹੈ ਕਿ-ਇਕ ਰਾਜਾ ਬਹੁਤ ਉਦਾਸ ਰਹਿੰਦਾ ਸੀ। ਬੜੇ ਸਿਆਣਿਆਂ, ਹਕੀਮਾਂ ਅਤੇ ਵੈਦਾਂ ਨੂੰ ਦਿਖਾਇਆ ਪਰ ਕੋਈ ਫਰਕ ਨਾ ਪਿਆ।ਆਖਿਰ ਇਕ ਸਾਧੂ ਨੇ ਦੱਸਿਆ ਕਿ ਜੇ ਰਾਜੇ ਨੂੰ ਕਿਸੇ ਖ਼ੁਸ਼ ਆਦਮੀ ਦੀ ਕਮੀਜ਼ ਪੁਆ ਦਿੱਤੀ ਜਾਏ ਤਾਂ ਰਾਜਾ ਠੀਕ ਹੋ ਸਕਦਾ ਹੈ। ਰਾਜੇ ਨੇ ਖ਼ੁਸ਼ ਆਦਮੀ ਦੀ ਤਲਾਸ਼ ਵਿਚ ਆਪਣੇ ਕਰਮਚਾਰੀ ਭੇਜੇ। ਉਨ੍ਹਾਂ ਨੇ ਦੇਖਿਆ ਕਿ ਇਕ ਜੰਗਲ ਵਿਚ ਇਕ ਕਿਸਾਨ ਨੰਗੇ ਪਿੰਡੇ, ਆਪਣੀ ਕੱਖਾਂ ਦੀ ਝੁੱਗੀ ਵਿਚ ਇਕੱਲਾ ਹੀ ਖਿੜ੍ਹ ਖਿੜ੍ਹਾ ਕੇ ਹੱਸ ਰਿਹਾ ਸੀ। ਕਰਮਚਾਰੀਆਂ ਨੇ ਉਸ ਨੂੰ ਕਿਹਾ ਕਿ ਜੇ ਤੂੰ ਸਾਡੇ ਰਾਜੇ ਨੂੰ ਆਪਣੀ ਇਕ ਕਮੀਜ਼ ਪਾਉਣ ਲਈ ਦੇ ਦੇਵੇਂ ਤਾਂ ਇਸ ਨਾਲ ਸਾਡਾ ਰਾਜਾ ਠੀਕ ਹੋ ਜਾਵੇਗਾ ਅਤੇ ਤੈਨੂੰ ਬਹੁਤ ਸਾਰਾ ਧਨ ਮਿਲੇਗਾ। ਇਸ ਤੇ ਕਿਸਾਨ ਹੋਰ ਵੀ ਜ਼ੋਰ ਨਾਲ ਹੱਸਿਆ ਤੇ ਉਸ ਨੇ ਕਿਹਾ ਕਿ ‘ਮੇਰੇ ਕੋਲ ਪਾਣ ਲਈ ਕੋਈ ਕਮੀਜ਼ ਹੀ ਹੈ ਨਹੀਂ। ਰਾਜੇ ਕੋਲ ਬਹੁਤ ਧਨ ਅਤੇ ਸੁੱਖਾਂ ਦੇ ਅਨੇਕਾਂ ਸਾਧਨ ਮੌਜੂਦ ਸਨ ਪਰ ਫਿਰ ਵੀ ਉਹ ਖ਼ੁਸ਼ ਨਹੀਂ ਸੀ। ਦੂਜੇ ਪਾਸੇ ਗ਼ਰੀਬ ਕਿਸਾਨ ਬਿਲਕੁਲ ਕੰਗਾਲ ਅਤੇ ਫੱਕਰ ਸੀ ਫਿਰ ਵੀ ਉਹ ਖ਼ੁਸ਼ ਸੀ। ਸਾਡੀ ਖ਼ੁਸ਼ੀ ਬਹੁਤ ਹੱਦ ਤੱਕ ਸਾਡੀ ਸੋਚ ਤੇ ਨਿਰਭਰ ਕਰਦੀ ਹੈ।
ਜ਼ਿੰਦਗੀ ਵਿਚ ਹਰ ਮਨੁੱਖ ਨੂੰ ਕੋਈ ਨਾ ਕੋਈ ਸਮੱਸਿਆ ਹੈ। ਇਸ ਲਈ ਉਹ ਪ੍ਰੇਸ਼ਾਨ ਰਹਿੰਦਾ ਹੈ। ਬੰਦੇ ਦੇ ਕੰਮਾਂ ਵਿਚ ਰੁਕਾਵਟਾਂ, ਤੰਗੀਆਂ ਤੁਰਸ਼ੀਆਂ, ਬਿਮਾਰੀਆਂ, ਅਸਫ਼ਲਤਾਵਾਂ ਅਤੇ ਮਜ਼ਬੂਰੀਆਂ ਆਦਿ ਉਸ ਦੇ ਸਾਹਮਣੇ ਹਰ ਸਮੇਂ ਬਘਿਆੜ ਦੀ ਤਰ੍ਹਾਂ ਮੂੰਹ ਅੱਡੀ ਖੜ੍ਹੀਆਂ ਉਸ ਨੂੰ ਡਰਾਉਂਦੀਆਂ ਰਹਿੰਦੀਆਂ ਹਨ। ਉਸ ਅੰਦਰ ਹਰ ਸਮੇਂ ਕੀ ਚੰਗਾ ਅਤੇ ਕੀ ਮਾੜਾ ਦਾ ਯੁੱਧ ਚੱਲਦਾ ਹੀ ਰਹਿੰਦਾ ਹੈ ਪਰ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਕੀ ਚੰਗਾ ਅਤੇ ਕੀ ਮਾੜਾ ਹੈ।
ਖ਼ੁਸ਼ੀ ਕੋਈ ਮੁੱਲ ਮਿਲਣ ਵਾਲੀ ਚੀਜ਼ ਨਹੀਂ ਕਿ ਬਾਜ਼ਾਰ ਗਏ ਅਤੇ ਪੈਸੇ ਦੇ ਕੇ ਖ਼ੁਸ਼ੀ ਘਰ ਲੈ ਆਉਂਦੀ। ਖ਼ੁਸ਼ੀ ਦੇ ਬੀਜ਼ ਪਹਿਲਾਂ ਦੂਜਿਆਂ ਦੇ ਮਨਾਂ ਵਿਚ ਬੀਜਣੇ ਪੈਂਦੇ ਹਨ। ਜਦ ਅਸੀਂ ਦੂਜ਼ਿਆਂ ਨੂੰ ਖ਼ੁਸ਼ੀ ਦਿੰਦੇ ਹਾਂ ਤਾਂ ਉਸ ਦੇ ਫ਼ਲ ਸਾਨੂੰ ਵੀ ਮਿਲਦੇ ਹਨ। ਉਸ ਖ਼ੁਸ਼ੀ ਨੂੰ ਹਾਸਿਲ ਕਰਨ ਲਈ ਆਪਣੇ ਮਨ ਨੂੰ ਸਾਫ ਅਤੇ ਨਿਰਛੱਲ ਰੱਖਣਾ ਪੈਂਦਾ ਹੈ।ਸਾਡੀ ਖ਼ੁਸ਼ੀ ਨਾਲ ਸਾਡਾ ਪਰਿਵਾਰ ਅਤੇ ਸਮਾਜ ਖ਼ੁਸ਼ਹਾਲ ਹੁੰਦਾ ਹੈ। ਫਿਰ ਸਾਡੀ ਸਾਰੀ ਜ਼ਿੰਦਗੀ ਹੀ ਵਧੀਆ ਚੱਲਦੀ ਹੈ।
ਖ਼ੁਸ਼ੀ ਦੀ ਤਲਾਸ਼ ਵਿਚ ਮਨੁੱਖ ਸਾਰੀ ਉਮਰ ਇੱਧਰ ਉੱਧਰ ਭਟਕਦਾ ਹੀ ਰਹਿੰਦਾ ਹੈ। ਉਹ ਘਰ ਬਦਲਦਾ ਹੈ, ਲਿਬਾਸ ਬਦਲਦਾ ਹੈ, ਰਿਸ਼ਤੇ ਬਦਲਦਾ ਹੈ ਫਿਰ ਵੀ ਪ੍ਰੇਸ਼ਾਨ ਰਹਿੰਦਾ ਹੈ। ਉਸ ਨੂੰ ਖ਼ੁਸ਼ੀ ਨਹੀਂ ਮਿਲਦੀ ਕਿਉਂਕਿ ਉਹ ਆਪਣੀ ਸੋਚ ਨਹੀਂ ਬਦਲਦਾ। ਪ੍ਰਮਾਤਮਾ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ ਅਸੀਂ ਉਸ ਨਾਲ ਸਬਰ ਨਹੀਂ ਕਰਦੇ। ਅਸੀਂ ਆਪਣੇ ਤੋਂ ਉੱਪਰਲਿਆਂ ਵੱਲ ਦੇਖ ਕੇ ਹਰ ਸਮੇਂ ਝੂਰਦੇ ਹੀ ਰਹਿੰਦੇ ਹਾਂ। ਅਸੀਂ ਕਦੀ ਆਪਣੇ ਤੋਂ ਹੇਠਲਿਆਂ ਵੱਲ ਝਾਤੀ ਨਹੀਂ ਮਾਰਦੇ ਕਿ ਵਾਹਿਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਹੇ। ਜੇ ਵਾਹਿਗੁਰੂ ਸਾਨੂੰ ਇਹ ਸਭ ਕੁਝ ਨਾ ਦਿੰਦਾ ਤਾਂ ਅਸੀਂ ਕੀ ਕਰ ਲੈਂਦੇ? ਜਿਹੋ ਜਿਹੀ ਜ਼ਿੰਦਗੀ ਅਸੀਂ ਅੱਜ ਜੀਅ ਰਹੇ ਹਾਂ ਹੋ ਸਕਦਾ ਹੈ ਅਜਿਹੀ ਜ਼ਿੰਦਗੀ ਲਈ ਕਈ ਲੋਕ ਤਰਸਦੇ ਹੋਣ।
ਸਾਨੂੰ ਦੂਸਰੇ ਦੀਆਂ ਵਸਤੂਆਂ ਅਤੇ ਸਹੂਲਤਾਂ ਜਿਆਦਾ ਕੀਮਤੀ ਅਤੇ ਦੁਰਲੱਭ ਲੱਗਦੀਆਂ ਹਨ ਅਤੇ ਅਸੀਂ ਉਨਾਂ ਦੀ ਲਾਲਸਾ ਕਰਦੇ ਹਾਂ ਪਰ ਸਾਡੇ ਕੋਲ ਜਿਹੜੀ ਵਸਤੂ ਹੈ ਅਸੀਂ ਉਸ ਦੀ ਕਦਰ ਨਹੀਂ ਕਰਦੇ। ਅਸੀਂ ਉਸ ਨੂੰ ਮਾਮੂਲੀ ਸਮਝਦੇ ਹਾਂ। ਇੱਥੇ ਲਈ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:
ਦਰ ਢੱਠਿਆਂ ਦੇ ਗੁਣਾ ਦੀ ਕਦਰ ਨਾ ਪੈਂਦੀ ਯਾਰ
ਜਿਵੇਂ ਗਲੇ ਪਏ ਹਾਰ ਦੀ ਭਾਸੇ ਨਾ ਮਹਿਕਾਰ॥
ਜਿਨ੍ਹਾਂ ਕੋਲ ਸਾਡੇ ਵਾਲੀਆਂ ਸਹੂਲਤਾਂ ਅਤੇ ਵਸਤੂਆਂ ਨਹੀਂ ਹਨ ਉਹ ਇਨ੍ਹਾਂ ਲਈ ਤਰਸਦੇ ਹਨ। ਜਦ ਸਾਡੇ ਕੋਲੋਂ ਸਾਡੀ ਕੋਈ ਵਸਤੂ ਖੁੱਸ ਜਾਂਦੀ ਹੈ ਅਤੇ ਸਾਡੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਫਿਰ ਸਾਨੂੰ ਉਸ ਦੀ ਕੀਮਤ ਦਾ ਪਤਾ ਲੱਗਦਾ ਹੈ।
ਆਪਣੇ ਮਨ ਨੂੰ ਕਾਬੂ ਕਰਨਾ ਸਭ ਤੋਂ ਮੁਸ਼ਕਲ ਹੈ। ਮਨੁੱਖੀ ਮਨ ਕਦੀ ਸੰਤੁਸ਼ਟ ਨਹੀਂ ਹੁੰਦਾ। ਇਸ ਲਈ ਮਨੁੱਖ ਪ੍ਰੇਸ਼ਾਨ ਰਹਿੰਦਾ ਹੈ। ਅਸੀਂ ਆਪਣੇ ਦਿਮਾਗ਼ ਨਾਲੋਂ ਦਿਲ ਦੀ ਗੱਲ ਜ਼ਿਆਦਾ ਮੰਨਦੇ ਹਾਂ। ਕਾਰਾਂ, ਕੋਠੀਆਂ. ਵੱਡਾ ਬੈਂਕ ਬੈਲੈਂਸ ਅਤੇ ਸੋਹਣਾ ਪਰਿਵਾਰ ਹੋਣ ਦੇ ਬਾਵਜ਼ੂਦ ਵੀ ਸਾਡਾ ਮਨ ਸੰਤੁਸ਼ਟ ਨਹੀਂ ਹੁੰਦਾ। ਉਹ ਹੋਰ...ਹੋਰ ਅਤੇ ਹੋਰ ਦੇ ਲਾਲਚ ਵਿਚ ਹੀ ਫਸਿਆ ਰਹਿੰਦਾ ਹੈ। ਬੰਦੇ ਦੀਆਂ ਤ੍ਰਿਸ਼ਨਾਵਾਂ ਕਦੀ ਖਤਮ ਨਹੀਂ ਹੁੰਦੀਆਂ। ਫਿਰ ਵੀ ਆਪਣੇ ਮਨ ਅਤੇ ਮਕਾਨ ਨੂੰ ਸਮੇਂ ਸਮੇਂ ਸਿਰ ਸਾਫ ਕਰਨਾ ਜ਼ਰੂਰੀ ਹੈ ਕਿਉਂਕਿ ਮਕਾਨ ਵਿਚ ਕੂੜ ਕਬਾੜ ਅਤੇ ਮਨ ਵਿਚ ਬੇਮਤਲਬ ਦੀਆਂ ਗ਼ਲਤਫ਼ਹਿਮੀਆਂ ਅਤੇ ਇੱਛਾਵਾਂ ਭਰ ਜਾਂਦੀਆਂ ਹਨ।
ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ ਚੁਗਲੀ ਅਤੇ ਭ੍ਰਿਸ਼ਟਾਚਾਰ ਦੀ ਅੱਗ ਬੱਲਦੀ ਰਹਿੰਦੀ ਹੈ। ਅਸੀਂ ਹਮੇਸ਼ਾਂ ਅੰਦਰੋਂ ਤੱਪਦੇ ਰਹਿੰਦੇ ਹਾਂ। ਫਿਰ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ? ਮਨ ਦੀ ਖ਼ੁਸ਼ੀ ਪਦਾਰਥਾਂ ਵਿਚ ਨਹੀਂ। ਮਨ ਦੀ ਸ਼ਾਂਤੀ ਅਤੇ ਸੱਚੀ ਖ਼ੁਸ਼ੀ ਤਾਂ ਪਿਆਰ, ਨਿਮਰਤਾ, ਸੇਵਾ, ਸਹਿਜ, ਸਬਰ ਅਤੇ ਸੰਤੋਖ ਵਿਚ ਹੈ। ਇਸ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਖ਼ਤਮ ਹੋ ਜਾਂਦੀਆਂ ਹਨ। ਹਾਏ ਤੌਬਾ ਦੀ ਭਟਕਣ ਘਟ ਜਾਂਦੀ ਹੈ। ਮਨ ਦੇ ਅੰਦਰ ਦੀ ਅੱਗ ਸ਼ਾਂਤ ਹੋ ਜਾਂਦੀ ਹੈ। ਜ਼ਿੰਦਗੀ ਖ਼ੁਸ਼ੀ ਨਾਲ ਸਹਿਜ ਵਿਚ ਚੱਲਦੀ ਹੈ।
ਬਾਹਰੋਂ ਕਦੀ ਸੱਚੀ ਖ਼ੁਸ਼ੀ ਨਹੀਂ ਮਿਲਦੀ। ਖ਼ੁਸ਼ੀ ਸਾਡੇ ਅੰਦਰ ਹੀ ਹੈ ਜੋ ਸਾਡੇ ਵਿਉਹਾਰ ਅਤੇ ਸਾਡੀ ਸੋਚ ਤੇ ਨਿਰਭਰ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਵਰਤਮਾਨ ਨਾਲ ਸੰਤੁਸ਼ਟ ਰਹਿਣਾ ਸਿੱਖੋ। ਜੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋ ਤਾਂ ਹੋਰ ਮਿਹਨਤ ਕਰੋ ਅਤੇ ਆਪਣੀ ਯੋਗਤਾ ਨੂੰ ਸੁਧਾਰੋ। ਕੇਵਲ ਕਿਸਮਤ ਦੇ ਭਰੋਸੇ ਤੇ ਹੀ ਨਾ ਬੈਠੇ ਰਹੋ। ਨਿਠੱਲੇ ਬੈਠ ਕੇ ਕਿਸਮਤ ਦੇ ਭਰੋਸੇ ਬੈਠਿਆ ਬੰਦਾ ਕਦੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਅਤੇ ਨਾ ਹੀ ਉਸ ਨੂੰ ਕਦੀ ਖ਼ੁਸ਼ੀ ਮਿਲ ਸਕਦੀ ਹੈ। ਉਸ ਦੀਆਂ ਉਮੀਦਾਂ ਮਰ ਜਾਂਦੀਆਂ ਹਨ। ਮੰਜ਼ਿਲ ਤੇ ਪਹੁੰਚਣ ਲਈ ਦ੍ਰਿੜ ਇਰਾਦਾ, ਬੁਲੰਦ ਹੌਸਲੇ ਅਤੇ ਸਖਤ ਮਿਹਨਤ ਦੀ ਲੋੜ ਹੈ। ਮਨੁੱਖ ਦੀ ਕਾਮਯਾਬੀ ਉਸ ਨੂੰ ਖ਼ੁਸ਼ੀ ਦਿੰਦੀ ਹੈ।