ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਆਪਣੇ ਆਪ ’ਤੇ ਰੱਖੋ ਭਰੋਸਾ (ਲੇਖ )

    ਹਰਦੀਪ ਕੌਰ ਨਾਜ਼   

    Email: harknaaz@gmail.com
    Address:
    ਫਗਵਾੜਾ Punjab India
    ਹਰਦੀਪ ਕੌਰ ਨਾਜ਼ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਹਿੰਦੇ ਨੇ ਇੱਕ ਵਾਰ ਇੱਕ ਮੰਚ ਤੋਂ ਕਿਸੇ ਪ੍ਰਸਿੱਧ ਵਕਤਾ ਨੇ ਆਪਣੇ ਹੱਥ ਵਿੱਚ ਦੋ ਹਜ਼ਾਰ ਰੁਪਏ ਦੇ ਨਵੇਂ ਨੋਟ ਨੂੰ ਆਪਣੇ ਹੱਥ ਵਿੱਚ ਹਿਲਾਉਂਦਿਆਂ ਹਾਜ਼ਰ ਦਰਸ਼ਕਾਂ ਨੂੰ ਪੁੱਛਿਆ ਕਿ, ‘ਤੁਹਾਡੇ ਵਿੱਚੋਂ ਕੌਣ ਹੈ ਜੋ ਇਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ?’ ਤਾਂ ਸਭ ਨੇ ਆਪਣੇ ਹੱਥ ਖੜੇ ਕਰ ਲਏ। ਫਿਰ ਉਸ ਵਕਤਾ ਨੇ ਉਸ ਨੋਟ ਨੂੰ ਆਪਣੇ ਦੋਵਾਂ ਹੱਥਾਂ ਨਾਲ ਗੁੱਛਾ-ਮੁੱਛਾ ਕੀਤਾ, ਚੰਗੀ ਤਰ੍ਹਾਂ ਮਰੋੜਿਆ ਤਾਂ ਉਹ ਨੋਟ ਕੜਕਵੀਂ ਹਾਲਤ ਤੋਂ ਵੱਟੋ-ਵੱਟ ਜਿਹਾ ਹੋ ਗਿਆ। ਹੁਣ ਉਸਨੇ ਦੁਬਾਰਾ ਉਹ ਨੋਟ ਦਰਸ਼ਕਾਂ ਨੂੰ ਦਿਖਾਉਂਦੇ ਹੋਏ ਪੁੱਛਿਆ ਕਿ ਹੁਣ ਦੱਸੋ ਤੁਹਾਡੇ ਵਿੱਚ ਕੌਣ ਹੈ ਜੋ ਇਸ ਨੋਟ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ? ਤਾਂ ਦੁਬਾਰਾ ਵੀ ਸਭ ਦਰਸ਼ਕਾਂ ਨੇ ਹੱਥ ਖੜੇ ਕਰ ਲਏ। ਤੀਜੀ ਵਾਰ ਉਸਨੇ ਨੋਟ ਨੂੰ ਜ਼ਮੀਨ ‘ਤੇ ਸੁੱਟਿਆ ਅਤੇ ਪੈਰਾਂ ਹੇਠ ਲਿਤਾੜ ਕੇ ਉਸਦੀ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਕਰ ਦਿੱਤੀ ਅਤੇ ਮੁੜ ਆਪਣਾ ਸਵਾਲ ਦੁਹਰਾਇਆ ਤਾਂ ਵੀ ਸਭ ਦਰਸ਼ਕਾਂ ਨੇ ਆਪਣੇ ਹੱਥ ਖੜੇ ਕਰ ਲਏ। ਜਦਕਿ ਹੁਣ ਨੋਟ ਗੰਦਾ ਵੀ ਹੋ ਚੁੱਕਿਆ ਸੀ ਤਾਂ ਨੋਟ ਵਿੱਚ ਪਏ ਵੱਟਾਂ ਨੂੰ ਹੱਥ ਨਾਲ ਕੱਢਦਿਆ ਅਤੇ ਸਾਫ਼ ਕਰਦਿਆਂ ਉਹ ਵਿਅਕਤੀ ਕਹਿਣ ਲੱਗਾ, ਤੁਸੀਂ ਇਸ ਨੂੰ ਇਸ ਹਾਲਤ ਵਿੱਚ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੱਖ ਮਰੋੜਨ ਜਾਂ ਮੈਲਾ ਹੋਣ ਦੇ ਬਾਵਜੂਦ ਵੀ ਇਸਦੀ ਜੋ ਕੀਮਤ ਹੈ, ਉਸ ਨੂੰ ਕੋਈ ਫ਼ਰਕ ਨਹੀਂ ਪਿਆ। ਹੁਣ ਵੀ ਇਸ ਦੀ ਕੀਮਤ ਦੋ ਹਜ਼ਾਰ ਰੁਪਏ ਹੀ ਹੈ। ਤਾਂ ਯਾਦ ਰੱਖੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਸਾਨੂੰ ਇਸੇ ਤਰ੍ਹਾਂ ਮਰੋੜਦੀ ਹੈ ਅਤੇ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ/ਸਮੱਸਿਆਵਾਂ ਨਾਲ ਸਾਨੂੰ ਤੰਗ ਕਰਦੀ ਹੈ ਅਤੇ ਕੁਝ ਲੋਕ ਇਹਨਾਂ ਪ੍ਰਸ਼ਾਨੀਆਂ ਜਾਂ ਦੁੱਖਾਂ ਵਿੱਚੋਂ ਲੰਘਦੇ ਹੋਏ ਆਪਣੀ ਕੀਮਤ ਘੱਟ ਮੰਨਣ ਲੱਗ ਜਾਂਦੇ ਹਨ, ਜੋ ਕਿ ਸਹੀ ਨਹੀਂ ਹੈ।
    ਜ਼ਿੰਦਗੀ ਦੇ ਸਫ਼ਰ ਵਿੱਚ ਸਾਡੇ ਨਾਲ ਕੀ ਵਾਪਰ ਰਿਹਾ ਹੈ ਕਿਵੇਂ ਵਾਪਰ ਰਿਹਾ ਹੈ ਜਾਂ ਸਾਡੀ ਮੰਜ਼ਲ ਦੇ ਰਸਤੇ ਵਿੱਚ ਕਿਹੜੀਆਂ ਸਮੱਸਿਆਵਾਂ ਹਨ ਇਹ ਸੋਚ ਕੇ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਸਾਡੀ ਕੀਮਤ ਘੱਟ ਗਈ ਹੈ ਜਾਂ ਸਾਡੀ ਕਿਸਮਤ ਖ਼ਰਾਬ ਹੈ, ਬਲਕਿ ਆਪਣੀ ਕੀਮਤ ਨੂੰ ਸਮਝਦੇ ਹੋਏ ਹਮੇਸ਼ਾਂ ਲਗਨ, ਦ੍ਰਿੜਤਾ ਅਤੇ ਲਗਨ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਤਾਂ ਦੇਖਿਓ ਇੱਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਅਤੇ ਲੋਕ ਤੁਹਾਡੇ ਕੰਮ ਜਾਂ ਤੁਹਾਡੀ ਪ੍ਰਾਪਤੀ ਦੀ ਕੀਮਤ ਨੂੰ ਸਮਝ ਸਕਣਗੇ। ਇਸ ਲਈ ਜ਼ਰੂਰੀ ਹੈ ਕਿ ਆਪਣੇ ਆਪ ’ਤੇ ਪੂਰਨ ਭਰੋਸਾ ਰੱਖੋ ਅਤੇ ਆਪਣੇ ਆਪ ਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਤੋਂ ਘੱਟ ਨਾ ਸਮਝੋ। ਕਿਉਂਕਿ ਜੇਕਰ ਤੁਹਾਡਾ ਭਰੋਸਾ ਹੀ ਡੋਲ ਗਿਆ ਤਾਂ ਤੁਸੀਂ ਯਕੀਨਨ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਪਵੋਗੇ ਜਿਸ ਨਾਲ ਤੁਹਾਡੇ ਵਿੱਚ ਹੀਣ-ਭਾਵਨਾ ਪੈਦਾ ਹੋਵੇਗੀ ਅਤੇ ਹੀਣ-ਭਾਵਨਾ ਜਾਂ ਨਿਰਸ਼ਾਤਾ ਹਮੇਸ਼ਾਂ ਤੁਹਾਨੂੰ ਅੱਗੇ ਵੱਧਣ ਤੋਂ ਰੋਕੇਗੀ।
    ਪਰ ਜੇਕਰ ਤੁਹਾਨੂੰ ਆਪਣੇ ਉੇਤੇ ਪੂਰਨ ਭਰੋਸਾ ਹੋਵੇਗਾ ਤਾਂ ਤੁਸੀਂ ਆਪਣੇ ਲਈ ਫੈਸਲਿਆਂ ’ਤੇ ਸ਼ੱਕ/ਸੰਦੇਹ ਕਰਨ ਦੀ ਥਾਂ ਆਪਣੇ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ ਯਤਨ ਕਰੋਗੇ ਤਾਂ ਜ਼ਰੂਰ ਕਾਮਯਾਬ ਹੋ ਜਾਵੋਗੇ। ਸਵੈ-ਵਿਸ਼ਵਾਸ, ਸਵੈ-ਮਾਣ ਵਿੱਚ ਵਾਧਾ ਕਰਦਾ ਹੈ ਅਤੇ ਸਵੈ-ਮਾਣ ਹਮੇਸ਼ਾਂ ਤੁਹਾਨੂੰ ਚੰਗਾ ਅਤੇ ਵਧੀਆ ਕਰਨ ਲਈ ਪ੍ਰੇਰਦਾ ਹੈ। ਜਿਸ ਕਿਸੇ ਕਾਰਜ ਤੋਂ ਡਰ ਲੱਗਦਾ ਹੋਵੇ ਉਸਨੂੰ ਚੁਣੌਤੀ ਵਜੋਂ ਸਵਿਕਾਰ ਕਰੋ। ਆਪਣੇ ਆਪ ਦੀ ਤੁਲਨਾ ਕਿਸੇ ਨਾਲ ਨਾ ਕਰੋ। ਸਗੋਂ ਇਹ ਯਾਦ ਰੱਖੋ ਕਿ ਤੁਹਾਡੇ ਅੰਦਰ ਵੀ ਰੱਬਤਾ ਮੌਜੂਦ ਹੈ, ਸਹੀ ਸੋਚ ਅਤੇ ਚੰਗੇਰੇ ਕਾਰਜਾਂ ਲਈ ਉਹ ਵੀ ਤੁਹਾਡੀ ਮੱਦਦ ਕਰੇਗੀ, ਜੇਕਰ ਤੁਸੀਂ ਸਹੀ ਦਿਸ਼ਾ ਵੱਲ ਚੱਲਦੇ ਰਹੋਗੇ ਭਾਵੇਂ ਰਾਹ ਵਿੱਚ ਔਕੜਾਂ ਕਿੰਨੀਆਂ ਵੀ ਕਿਉਂ ਨਾ ਹੋਣ।
    ਸੋ! ਆਓ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਵੈ-ਭਰੋਸੇ ਨਾਲ ਅੱਗੇ ਵਧੀਏ ਅਤੇ ਕਾਮਯਾਬ ਹੋਈਏ। ਇੱਕ ਚੰਗਾ ਅਤੇ ਨਰੋਆ ਸਮਾਜ ਸਿਰਜਣ ਵਿੱਚ ਮਦਦਗਾਰ ਬਣੀਏ।