ਵਿਲੀਅਮ ਹੈਜਲਿਟ ਨੇ ਬਹੁਤ ਖੂਬ ਲਿਖਿਆ ਹੈ ," ਦੁਨੀਆਂ ਦੇ ਅਤਿ ਸੁਆਦਲੇ ਅਮਲਾਂ ਵਿਚੋਂ ਇੱਕ ਅਮਲ ਕਿਸੇ ਸਫ਼ਰ ਉੱਤੇ ਚੜ੍ਹਨਾ ਹੈ।" ਉਂਝ ਤਾਂ ਕਿਧਰੇ ਘੁੰਮ ਆਉਣ ਦੀ ਬਿਰਤੀ ਮੇਰੀ ਸ਼ੁਰੂ ਤੋਂ ਹੀ ਰਹੀ ਹੈ, ਪਰ ਹਾਲਾਤਾਂ ਦੀਆਂ ਮਜਬੂਰੀਆਂ ਬੰਨਦੀਆਂ ਰਹੀਆਂ ਸਨ। ਮੈਨੂੰ ਯਾਦ ਹੈ ਇੱਕ ਵਾਰੀ ਪ੍ਰਸਿੱਧ ਘੁਮੱਕੜ ਹਾਸ ਵਿਅੰਗ ਲੇਖਕ ਪਿਆਰਾ ਸਿੰਘ ਦਾਤਾ ਜੀਂ ਨੇ ਜਦੋਂ ਮੈਨੂੰ ਕਿਧਰੇ ਘੁੰਮ ਫਿਰ ਆਉਣ ਦੀ ਸਲਾਹ ਦਿੱਤੀ ਤਾਂ ਮੈਂ ਜਵਾਬੀ ਖ਼ਤ ਵਿਚ ਲਿਖਿਆ ਸੀ ਕਿ ਸੱਸਾ ਸਫ਼ਰ ਲਈ ਤਿੰਨ ਹੋਰ ਸੱਸੇ ਚਾਹੀਦੇ ਹਨ, ਸਮਾਂ, ਸਾਥੀ ਅਤੇ ਸਰਮਾਇਆ। ਤਿੰਨੋਂ ਇੱਕਠੇ ਹੋਣ ਤੇ ਹੀ ਕਿਧਰੇ ਟੂਰ ਤੇ ਨਿਕਲ ਸਕੀਦਾ ਹੈ।
ਖੈਰ, ਅਸੀਂ ਭਾਰਤ ਦੇ ਪਹਾੜੀ ਸਥਾਨਾਂ ਤੇ ਤਾਂ ਬਥੇਰਾ ਗਏ ਸੀ, ਪਰ ਛੁੱਟ ਕੈਨੇਡਾ ਤੋਂ ,ਹੋਰ ਕਿਸੇ ਦੇਸ਼ ਵਿੱਚ ਕਦਮ ਨਹੀਂ ਸੀ ਰੱਖਿਆ। ਇਸ ਵਾਰ ਅਚਨਚੇਤ ਹੀ ਆਪਣੀ " ਜਦੇ ਜਾਂ ਕਦੇ " ਦੀ ਬਿਰਤੀ ਨੂੰ ਮੁੱਖ ਰੱਖ ਕੇ ਪਤਨੀ ਨੂੰ ਫਤਵਾ ਸੁਣਾ ਦਿੱਤਾ ਕਿ ਕੱਲ੍ਹ ਨੂੰ ਬੈੰਕਾਕ ਲਈ ਚੱਲ ਰਹੇ ਹਾਂ। ਵਿਚਾਰੀ ਔਖੀ ਤਾਂ ਜਰੂਰ ਹੋਈ , ਪਰ ਮਾਂ ਦੀ ਧੀ ਨੇ ਫਟਾ ਫਟ ਅਟੈਚੀ ਬੰਨ੍ਹਣੇ ਸ਼ੁਰੂ ਕਰ ਦਿੱਤੇ। ਮੇਰੀ ਕਾਹਲ ਲਈ ਦੋ ਚਾਰ ਅੱਛੇ ਕੁਮੈਂਟ ਮੈਨੂੰ ਜਰੂਰ ਮਿਲ ਗਏ।
21 ਫਰਬਰੀ 2025 ਨੂੰ ਸਵੇਰੇ 4.30 ਤੇ ਹੀ ਘਰੋਂ ਟੈਕਸੀ ਰਾਹੀਂ ਅੰਮ੍ਰਿਤਸਰ ਏਅਰਪੋਰਟ ਤੇ ਆ ਗਏ ਜਿਥੋਂ ਬੈੰਕਾਕ ਦਾ ਜਹਾਜ ਲੈਣਾ ਸੀ। ਭਾਵੇਂ ਲੱਗਦਾ ਸੀ ਕਿ ਲੇਟ ਹੋ ਗਏ ਹਾਂ, ਪਰ ਸਭ ਕੁਝ ਬੜੇ ਅਰਾਮ ਨਾਲ ਨਿਪਟਦਾ ਗਿਆ ਅਤੇ ਜਹਾਜ ਆਪਣੇ ਠੀਕ ਵਕਤ 10.55 ਤੇ ਬੈੰਕਾਕ ਲਈ ਉੱਡ ਪਿਆ। ਸ਼ਾਮੀ 5 ਵਜੇ ਦੇ ਕਰੀਬ ਥਾਈਲੈਂਡ ਦੀ ਰਾਜਧਾਨੀ ਬੈੰਕਾਕ ਦੇ ਸ਼ਾਨਦਾਰ ਏਅਰਪੋਰਟ ਤੇ ਸਾਂ। ਏਅਰਪੋਰਟ ਅਧਿਕਾਰੀਆਂ ਨੇ ਪੂਰੇ ਸਵਾਗਤੀ ਅੰਦਾਜ ਵਿਚ ਵੀਜਾ ਲਗਾਇਆ । (ਇੱਥੇ ਆਉਣ ਲਈ ਪਹਿਲਾਂ ਵੀਜ਼ਾ ਲੈਣ ਦੀ ਜਰੂਰਤ ਨਹੀਂ ਹੈ। ਆਨ ਅਰਾਈਵਲ ਵੀਜਾ ਮਿਲਦਾ ਹੈ ) ਬੇਟੇ ਨੇ ਹੋਟਲ ਪਹਿਲਾਂ ਹੀ ਆਨ ਲਾਈਨ ਬੁੱਕ ਕਰਵਾ ਦਿੱਤਾ ਸੀ, ਇਸ ਲਈ ਅਸੀਂ ਟੈਕਸੀ ਲਈ ਅਤੇ ਹੋਟਲ ਵਿਖੇ ਪੁੱਜ ਗਏ। ਇਥੇ ਗਰੈਬ ਟੈਕਸੀ ਦੀ ਐਪ ਮੈ ਮੋਬਾਈਲ ਤੇ ਪਹਿਲਾਂ ਹੀ ਕਰ ਲਈ ਸੀ। ਮੋਬਾਈਲ ਵਿੱਚ ਅੰਤਰਰਾਸ਼ਟਰੀ ਪੈਕ ਵੀ ਪਵਾ ਕੇ ਆਇਆ ਸੀ, ਇਸ ਲਈ ਕੋਈ ਸਮੱਸਿਆ ਨਹੀਂ ਆਈ ਅਤੇ ਸਿੱਧਾ ਹੋਟਲ ਪੁੱਜ ਕੇ ਆਰਾਮ ਫੁਰਮਾਇਆ ਅਤੇ ਅਗਲੇ ਦਿਨ ਦੀ ਯੋਜਨਾ ਬਣਾਉਣ ਲੱਗੇ।
22 ਫਰਬਰੀ ਨੂੰ ਅਸੀਂ ਘਰੋਂ ਗਰੈਂਡ ਪੈਲੇਸ ਦੇਖਣ ਪੁੱਜੇ। ਇੱਥੇ ਆ ਕੇ ਪਤਾ ਲੱਗਿਆ ਕਿ ਇਹ 11 ਵਜੇ ਖੁੱਲਦਾ ਹੈ। ਅਸੀਂ ਇੱਕ ਟੁਕ ਟੁਕ ( ਇਥੇ ਆਟੋ ਨੂੰ ਟੁਕ ਟੁਕ ਕਹਿੰਦੇ ਹਨ) ਦੀ ਸਲਾਹ ਤੇ ਵਾਟ ਅਰੁਣ , ਵਾਟ ਫਰੋ ਅਤੇ ਫਲੋਟਿੰਗ ਮਾਰਕੀਟ ਦੇਖਣ ਦਾ ਮਨ ਬਣਾ ਲਿਆ। ਇੰਜਣ ਵਾਲੀ ਕਿਸ਼ਤੀ ਵਿਚ ਬੈਠੇ। ਇਸ ਦਾ 2 ਘੰਟੇ ਵਿਚ ਆਉਣ ਜਾਣ ਇੱਕ ਵਿਅਕਤੀ ਦਾ 1500 ਥਾਈ ਵਾਟ ( ਇੱਕ ਥਾਈ ਵਾਟ ਵਿੱਚ 2.75 ਰੁਪਏ ਹੁੰਦੇ ਹਨ) ਦੱਸਿਆ। ਸਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਹ ਬਾਰਗੇਨਿੰਗ ਕਰ ਲੈਂਦੇ ਹਨ। ਕੁਝ ਜੋਰ ਪਾਉਣ ਤੇ 1200 ਥਾਈ ਵਾਟ ਵਿਚ ਤੈਅ ਹੋਇਆ। ਚਾਓ ਫਰਾਇਆ ਦਰਿਆ ਵਿਚੋਂ ਕਿਸ਼ਤੀ ਰਾਹੀਂ ਚੱਲਦੇ ਰਹੇ। ਰਸਤੇ ਵਿੱਚ 2 ਥਾਵਾਂ ਤੇ ਰੁਕੇ ਵੀ। ਇੱਥੇ ਬੋਧੀ ਮੰਦਰ ਕਾਫੀ ਜ਼ਿਆਦਾ ਹਨ। ਲੋਕਾਂ ਦਾ ਮੁੱਖ ਧਰਮ ਹੀ ਬੁੱਧ ਧਰਮ ਹੈ। ਵਾਟ ਅਰੁਣ ਮੰਦਰ ਦੇਖਿਆ। ਵਾਟ ਸ਼ਬਦ ਇੱਥੇ ਬੋਧੀ ਮੰਦਰ ਲਈ ਵਰਤਿਆ ਜਾਂਦਾ ਹੈ। ਹੋਰ ਵੀ ਕਈ ਇਸ ਤਰਾਂ ਦੀਆਂ ਥਾਵਾਂ ਹਨ ਜਿਵੇਂ ਵਾਟ ਫਰੋ ਆਦਿ। ਇੱਕ ਗੱਲ ਹੋਰ ਅਜੀਬ ਲੱਗੀ ਕਿ ਮੰਦਰ ਵਿਚ ਵੀ ਦਾਖਲ ਹੋਣ ਲਈ ਤੁਹਾਨੂੰ ਟਿਕਟ ਲੈਣਾ ਪਵੇਗਾ। ਕਿਉਂਕਿ ਇਹ ਦੇਸ਼ ਵਧੇਰੇ ਟੂਰਿਜਮ ਤੇ ਨਿਰਭਰ ਕਰਦਾ ਹੈ। ਇਸ ਲਈ ਵੀ ਦਾਖਲਾ ਟਿਕਟ ਰੱਖਿਆ ਹੋ ਸਕਦਾ ਹੈ। ਦਰਿਆ ਚੋਂ ਕਿਸ਼ਤੀ ਰਾਹੀਂ ਜਾਂਦੇ ਹੋਏ ਰਸਤੇ ਵਿਚ ਫਾਟਕ ਬੰਦ ਮਿਲੇ। ਪਾਣੀ ਵਿਚ ਫਾਟਕ ਬੰਦ ਮਿਲਣੇ ਵੀ ਇੱਕ ਨਵਾਂ ਅਨੁਭਵ ਸੀ। ਇਸ ਦਰਿਆ ਦਾ ਪਾਣੀ ਬਹੁਤਾ ਸਾਫ ਨਹੀਂ ਹੈ। ਪਾਣੀ ਅੰਦਰ ਹੀ ਕਿੰਨੀਆਂ ਹੀ ਦੁਕਾਨਾਂ ਸਨ। ਕੁਝ ਤਾਂ ਕਿਸ਼ਤੀ ਉੱਤੇ ਹੀ ਵੇਚਣ ਵਾਲਾ ਸਮਾਨ ਚੁੱਕੀ ਫਿਰਦੇ ਸਨ, ਜਿਹੜੇ ਕੋਲੋਂ ਲੰਘਦੀ ਕਿਸ਼ਤੀ ਹੌਲੀ ਹੋ ਜਾਂਦੀ ਸੀ ਅਤੇ ਲੋੜ ਅਨੁਸਾਰ ਰੁਕ ਵੀ ਜਾਂਦੀ ਸੀ। ਇਸੇ ਲਈ ਇਸਦਾ ਨਾਮ ਫਲੋਟਿੰਗ ਮਾਰਕੀਟ ਪਿਆ ਹੋਣਾ ਏ। ਵਾਪਸੀ ਤੇ ਵਾਟ ਫਰੋ ਮੰਦਰ ਵੀ ਗਏ। ਇਹ ਮੰਦਰ ਕਾਫੀ ਖੂਬਸੂਰਤ ਹਨ ਅਤੇ ਮਹਾਤਮਾ ਬੁੱਧ ਦੀਆਂ ਵੱਡੀਆਂ ਅਤੇ ਸੋਨ ਰੰਗੀਆਂ ਮੂਰਤੀਆਂ ਕਾਫੀ ਹਨ। ਮੰਦਰਾਂ ਵਿੱਚ ਮੱਥਾ ਟੇਕਦੇ ਮਹਾਤਮਾ ਬੁੱਧ ਜੀਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਸਿਧਾਂਤ ਅਤੇ ਵਿਚਾਰ ਯਾਦ ਕੀਤੇ। ਬੁੱਧ ਦੇ ਨਿਰਵਾਣ ਬਾਰੇ ਇੱਕ ਪ੍ਰੇਰਨਾਦਾਇਕ ਛੋਟੀ ਡਾਕੂਮੈਂਟਰੀ ਫਿਲਮ ਵੀ ਦਿਖਾਈ ਜਾ ਰਹੀ ਸੀ, ਜਿਸ ਦਾ ਆਨੰਦ ਮਾਣਿਆ।
ਇਸ ਤੋਂ ਬਾਅਦ ਅਸੀਂ ਗਰੈਂਡ ਪੈਲੇਸ ਪੁੱਜ ਗਏ। ਇਹ ਇਥੋਂ ਦੇ ਰਾਜੇ ਦਾ ਮਹਿਲ ਹੈ। ਟਿਕਟਾਂ ਲੈ ਕੇ ਅੰਦਰ ਗਏ ਅਤੇ ਪਹਿਲਾ ਚਰਣ ਬੋਧੀ ਮੰਦਰ ਦਾ ਦੇਖਿਆ। ਇਹ ਲੋਕ ਆਪਣੇ ਰਾਜੇ ਨੂੰ ਬਹੁਤ ਸਤਿਕਾਰ ਦਿੰਦੇ ਹਨ। ਅਸੀਂ ਕਈ ਘਰਾਂ ਅਤੇ ਦਫਤਰਾਂ ਅੱਗੇ ਵੀ ਰਾਜੇ ਦੀਆਂ ਵੱਡੇ ਆਕਾਰ ਦੀਆਂ ਫੋਟੋਆਂ ਕੰਧ ਤੇ ਬਣੀਆਂ ਦੇਖੀਆਂ ਸਨ । ਪੈਲੇਸ ਬਹੁਤ ਹੀ ਸ਼ਾਨਦਾਰ ਬਣਿਆ ਹੈ, ਪਰ ਸ਼ਾਮ ਹੋ ਜਾਣ ਕਾਰਨ ਅਸੀਂ ਪੂਰਾ ਨਹੀਂ ਦੇਖ ਸਕੇ। ਟਿਕਟ ਇੱਕ ਹਫਤੇ ਤੱਕ ਚੱਲਦੀ ਹੋਣ ਕਾਰਨ ਫੇਰ ਕਦੇ ਤੇ ਛੱਡ ਕੇ ਚਾਨਣ ਰਹਿੰਦੇ ਹੋਟਲ ਦੇ ਕਮਰੇ ਵਿੱਚ ਪੁੱਜ ਗਏ।
23 ਫਰਬਰੀ 2025 ਅੱਜ ਅਸੀਂ ਚਾਟਾਚੁਕ ਵੀਕ ਐਂਡ ਮਾਰਕੀਟ ਜਾਣ ਦਾ ਫ਼ੈਸਲਾ ਕੀਤਾ ਸੀ। ਟੈਕਸੀ ਮਹਿੰਗੀ ਹੋਣ ਕਰਕੇ ਅੱਜ ਟਰੇਨ ਜਾਣ ਦਾ ਮਨ ਬਣਿਆ। ਹੋਟਲ ਦੇ ਕਮਰੇ ਤੋਂ ਪੈਦਲ ਚੱਲ ਕੇ ਹੀ ਨੇੜੇ ਦੇ ਮੈਟਰੋ ਸਟੇਸ਼ਨ ਲਾਡ ਪਰੋ 101 ਪੁੱਜ ਗਏ। ਟਿਕਟ ਕਾਊਂਟਰ ਤੇ ਬੈਠੀ ਬੀਬੀ ਨੂੰ ਪੁੱਛਣ ਤੇ ਉਸਨੇ ਪੂਰਾ ਨਕਸ਼ਾ ਦਿਖਾ ਕੇ ਸਮਝਾ ਦਿੱਤਾ ਕਿ ਪਹਿਲਾਂ ਯੈਲੋ ਲਾਈਨ ਤੇ ਜਾਣਾ ਹੈ। ਫੇਰ ਲਾਟ ਫਰੋ ਸਟੇਸ਼ਨ ਤੋਂ ਬਲਿਊ ਲਾਈਨ ਤੋਂ ਕੈਂਫਾਇੰਗ ਫੇਟ ਸਟੇਸ਼ਨ ਤੇ ਪੁੱਜਣਾ ਹੈ। ਯੈਲੋ ਲਾਈਨ ਦਾ ਭਾਵ ਉਸ ਟਰੇਨ ਤੋਂ ਹੈ ਜਿਹੜੀ ਉਪਰ ਬਣੀ ਰੇਲਵੇ ਲਾਈਨ ਤੇ ਚੱਲਦੀ ਹੈ। ਜਦਕਿ ਬਲਿਊ ਲਾਈਨ ਉਸ ਟਰੇਨ ਨੂੰ ਕਹਿੰਦੇ ਹਨ ਜਿਹੜੀ ਜਮੀਨ ਲੈਵਲ ਤੋਂ ਹੇਠਾਂ ਬਣੀ ਲਾਈਨ ਤੇ ਚੱਲਦੀ ਹੈ। ਦਿੱਲੀ ਵਿੱਚ ਵੀ ਦੋਵੇ ਤਰਾਂ ਦੀਆਂ ਲਾਈਨਾਂ ਹਨ, ਪਰ ਉਥੇ ਮੈਂ ਇਹ ਨਾਮ ਨਹੀਂ ਸੁਣਿਆ। ਮੈਟਰੋ ਦੀ ਖਾਸ ਖੂਬੀ ਇਹ ਲੱਗੀ ਕਿ ਇਹ ਬਿਨਾਂ ਕਿਸੇ ਡਰਾਈਵਰ ਤੋਂ ਹੀ ਚੱਲ ਰਹੀ ਸੀ। ਸੰਭਾਵਨਾ ਹੋ ਸਕਦੀ ਏ ਕਿ ਕਿਸੇ ਕੰਟਰੋਲ ਰੂਮ ਵਿਚੋਂ ਇਸਤੇ ਕੰਟਰੋਲ ਕੀਤਾ ਜਾਂਦਾ ਹੋਵੇ ਜਾਂ ਫੇਰ ਸਾਰਾ ਸਿਸਟਮ ਹੀ ਪਹਿਲਾਂ ਨਿਰਧਾਰਤ ਸੌਫਟਵੇਅਰ ਮੁਤਾਬਿਕ ਫੀਡ ਕੀਤਾ ਗਿਆ ਹੋਵੇ। ਦੱਸੇ ਸਟੇਸ਼ਨ ਤੇ ਉੱਤਰ ਕੇ ਥੋੜ੍ਹਾ ਜਿਹਾ ਹੀ ਪੈਦਲ ਤੁਰਨਾ ਪਿਆ ਕਿ ਮਾਰਕੀਟ ਆ ਗਈ। ਦੁਕਾਨਾਂ ਬਹੁਤ ਤੰਗ ਬਣੀਆਂ ਹੋਈਆਂ ਸਨ ਅਤੇ ਸਾਰੀਆਂ ਹੀ ਆਰਜੀ ਸਨ। ਲੋਹੇ ਦੇ ਐਗਲਾ ਪੱਤੀਆਂ ਆਦਿ ਦੀ ਵਰਤੋਂ ਕੀਤੀ ਗਈ ਸੀ। ਕੁਝ ਦੇਰ ਮਾਰਕੀਟ ਵਿੱਚ ਘੁੰਮੇ ਵੀ। ਹਲਕੀ ਜਿਹੀ ਹੀ ਖਰੀਦੋ ਫਰੋਖਤ ਕੀਤੀ। ਉਪਰੰਤ ਟੈਕਸੀ ਲੈ ਕੇ ਮਿਊਜ਼ੀਅਮ ਆਫ ਕੰਟੈਪਰੇਰੀ ਆਰਟ ਵਿਖੇ ਗਏ। ਇਹ ਬਹੁਤ ਹੀ ਸ਼ਾਨਦਾਰ 6 ਮੰਜਲਾ ਮਿਊਜ਼ੀਅਮ ਹੈ ਜਿੱਥੇ ਵੱਡੇ ਆਕਾਰ ਦੀਆਂ ਪੇਟਿੰਗਜ ਹਨ। ਨਾਲ ਤਿੰਨ ਵਿਧਾਵਾਂ ਵਾਲੀਆਂ ਮੂਰਤੀਆਂ ਵੀ ਬਹੁਤ ਵਿਲੱਖਣ ਸਨ। ਜਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਮੂਰਤੀਆਂ ਆਪਣੀ ਕਹਾਣੀ ਕਹਿ ਰਹੀਆਂ ਸਨ। ਹਰੇਕ ਦੇ ਨਾਲ ਉਸਦੇ ਕਲਾਕਾਰ ਦਾ ਨਾਮ ਲਿਖਿਆ ਗਿਆ ਸੀ। ਭਾਵੇਂ ਕਿ ਇਹਨਾਂ ਸਾਰਿਆਂ ਨੂੰ ਧੁਰ ਅੰਦਰ ਤੱਕ ਸਮਝਣ ਲਈ ਇੱਕ ਕਲਾਕਾਰ ਦਾ ਸੂਖਮ ਮਨ ਚਾਹੀਦਾ ਹੈ। ਅਸੀਂ ਕੋਈ ਕਲਾਕਾਰ ਤਾਂ ਨਹੀਂ ਸੀ, ਕੁਝ ਹੱਦ ਤੱਕ ਸਮਝ ਆਏ ਤੇ ਕਈ ਨਹੀਂ ਵੀ ਸਮਝ ਆਏ। ਕਲਾਕਾਰੀ ਦੇ ਅੰਦਾਜ਼ ਵਿਚ ਬਹੁਤ ਤਸਵੀਰਾਂ ਅਤੇ ਬੁੱਤ ਅਲਫ ਨੰਗੇ ਵੀ ਸਨ, ਜਿਹੜੇ ਇਸ ਖੇਤਰ ਵਿੱਚ ਪ੍ਰਵਾਨ ਹੁੰਦੇ ਹਨ। ਇਸ ਉਪਰੰਤ ਅਸੀਂ 21 ਟਰਮੀਨਲ ਤੇ ਪੁੱਜ ਗਏ। ਇਹ ਇੱਕ ਬਹੁਤ ਵੱਡਾ ਸ਼ਾਪਿੰਗ ਮਾਲ ਹੈ। ਤਕਰੀਬਨ 8 ਮੰਜਲਾਂ ਹੋਣਗੀਆਂ। ਹਰੇਕ ਮੰਜ਼ਲ ਤੇ ਇੱਕ ਜਾਂ ਦੋ ਵੱਖਰੇ ਵੱਖਰੇ ਦੇਸ਼ਾਂ ਦੀ ਪ੍ਰਤੀਨਿਧਤਾ ਸੀ। ਭਾਵ ਉਹਨਾਂ ਦੇਸ਼ਾਂ ਦਾ ਸਾਮਾਨ ਵਿਕਣ ਲਈ ਰੱਖਿਆ ਹੋਇਆ ਸੀ। ਮੁੱਖ ਰੂਪ ਵਿੱਚ ਰੋਮਨ, ਲੰਡਨ, ਸਾਨਫਰਾਂਸਿਸਕੋ, ਇਸਤਨਾਬਬੁਲ, ਜਪਾਨ, ਕੈਲੀਫੋਰਨੀਆ ਆਦਿ ਦੇਸ਼ਾਂ ਦੀ ਪ੍ਰਤੀਨਿਧਤਾ ਸੀ। ਕੁਦਰਤੀ ਸੀ ਕਿ ਹਰ ਸਮੇਂ ਬਹੁਤ ਹੀ ਜਿਆਦਾ ਮਹਿੰਗਾ ਸੀ। ਖਾਣ ਲਈ ਮਾਸਾਹਾਰੀ ਭੋਜਨ ਜਿਆਦਾ ਸੀ। ਅਸੀਂ ਸ਼ਾਕਾਹਾਰੀ ਭੋਜਨ ਲੱਭਣ ਦੀ ਔਖ ਮਹਿਸੂਸ ਕਰ ਰਹੇ ਸਾਂ। ਸ਼ਾਮ ਤੱਕ ਵਾਪਸ ਹੋਟਲ ਦੇ ਕਮਰੇ ਵਿੱਚ ਆਉਣਾ ਜਰੂਰੀ ਹੁੰਦਾ ਸੀ।
ਤੀਸਰਾ ਦਿਨ ਅਸੀਂ ਪਟਾਇਆ ਬੀਚ ਦਾ ਨਿਸ਼ਚਿਤ ਕੀਤਾ ਹੋਇਆ ਸੀ। ਇਸ ਲਈ ਹੋਟਲ ਤੋਂ ਟੈਕਸੀ ਰਾਹੀਂ ਇਕਾਮਾਈ ਬੱਸ ਟਰਮੀਨਲ ਤੇ ਆਏ। ਇਥੋਂ ਪਟਾਇਆ ਲਈ ਬੱਸਾਂ ਤਿਆਰ ਹੀ ਖੜ੍ਹੀਆਂ ਸਨ। ਬੱਸ ਨੇ ਲੱਗਭੱਗ 1.30-2 ਘੰਟੇ ਵਿੱਚ ਸਾਨੂੰ ਪਟਾਇਆ ਬੀਚ ਤੇ ਪਹੁੰਚਾ ਦਿੱਤਾ। ਤੁਰੰਤ ਹੀ ਕੋਹ ਲਾਰਨ ਟਾਪੂ ਲਈ ਫੈਰੀ ਤਿਆਰ ਮਿਲ ਗਈ। ਇਹ ਟਾਪੂ ਇਥੋਂ ਲੱਗਭੱਗ 35 ਮਿੰਟ ਦੂਰ ਹੈ। ਇਹ 35 ਮਿੰਟ ਵਿਸ਼ਾਲ ਸਮੁੰਦਰ ਦੇ ਪਾਣੀਆਂ ਵਿਚੋਂ ਤੇਜ ਜਾਂਦੀ ਫੈਰੀ ਦਾ ਆਨੰਦ ਮਾਣਿਆ। ਟਾਪੂ ਤੇ ਉੱਤਰ ਕੇ ਅੰਦਰ ਜਾ ਕੇ ਆਏ। ਇਥੇ ਹੋਰ ਯਾਤਰੀ ਕਾਫੀ ਪਾਣੀ ਵਾਲੀਆਂ ਐਕਟੀਵਿਟੀਜ ਵੀ ਕਰ ਰਹੇ ਸਨ। ਪਰ ਅਸੀਂ ਸਿਰਫ ਦੇਖਣ ਵਿੱਚ ਹੀ ਸੰਤੁਸ਼ਟ ਸਾਂ। ਇੱਥੇ ਵੀ ਇੱਕ ਬੋਧੀ ਮੰਦਰ ਮਿਲਿਆ। ਬਾਕੀ ਮਾਰਕੀਟ ਵਿੱਚ ਗੇੜਾ ਕੱਢਿਆ। ਕੁਝ ਖਾ ਪੀ ਕੇ ਫੈਰੀ ਰਾਹੀਂ ਹੀ ਵਾਪਸ ਆ ਗਏ। ਪਟਾਇਆ ਤੋਂ 4.50 ਤੇ ਵਾਪਸ ਬੈੰਕਾਕ ਪੁੱਜੇ ਅਤੇ ਇਥੋਂ ਟੈਕਸੀ ਰਾਹੀਂ ਹੋਟਲ ਵਿੱਚ।
ਅੱਜ 25 ਫਰਬਰੀ ਹੈ। ਸਾਡੀ ਯਾਤਰਾ ਦਾ ਚੌਥਾ ਦਿਨ। ਅਸੀਂ ਲਿੰਫਨੀ ਪਾਰਕ ਵਿਚ ਟਰੇਨ ਰਾਹੀਂ ਪੁੱਜੇ। ਕਿਉਂਕਿ ਇਹ ਮੈਟਰੋ ਸਟੇਸ਼ਨ ਤੋਂ ਨੇੜੇ ਹੀ ਹੈ। ਪਾਰਕ ਕਾਫੀ ਵੱਡਾ ਹੈ ਜਿਸ ਵਿੱਚ ਇੱਕ ਝੀਲ ਵੀ ਹੈ ਅਤੇ ਪੈਡਲ ਵਾਲੀਆਂ ਕਿਸ਼ਤੀਆਂ ਮੁਫ਼ਤ ਹਨ। ਇੱਕ ਲਾਇਬਰੇਰੀ ਵੀ ਪਾਰਕ ਵਿੱਚ ਹੈ। ਬੱਚਿਆਂ ਦੀਆਂ ਖੇਡਾਂ ਅਤੇ ਝੂਲੇ ਆਦਿ ਵੀ ਬਹੁਤ ਵਧੀਆ ਹਨ। ਕੁਝ ਦੇਰ ਆਰਾਮ ਨਾਲ ਬੈਠੇ, ਘੁੰਮੇ ਫਿਰੇ। ਫੋਟੋਆਂ ਬਗੈਰਾ ਖਿੱਚੀਆਂ। ਉਪਰੰਤ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬੈੰਕਾਕ ਵਿਖੇ ਪੁੱਜੇ। ਗੁਰਦੁਆਰੇ ਦੀ ਸ਼ਾਨਦਾਰ ਇਮਾਰਤ ਵੇਖ ਕੇ ਖੁਸ਼ੀ ਹੋਈ ਕਿ ਸਿੱਖ ਜਿੱਥੇ ਵੀ ਗਏ ਹਨ, ਉਹਨਾਂ ਉੱਥੇ ਹੀ ਗੁਰਦੁਆਰਾ ਬਣਾ ਲਿਆ ਹੈ। ਚੌਥੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਮੱਥਾ ਟੇਕਿਆ। ਭਾਈ ਸਾਹਿਬ ਨਾਲ ਵਿਚਾਰ ਵਟਾਂਦਰਾ ਹੋਇਆ। ਉਹਨਾਂ ਲੰਗਰ ਛਕਣ ਲਈ ਆਖਿਆ। ਅੱਜ ਕਿਸੇ ਜੋੜੇ ਦਾ ਵਿਆਹ ਸੀ ਤੇ ਪਰਿਵਾਰ ਵਲੋਂ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ। ਅਸੀਂ ਦੇਰ ਬਾਅਦ ਪੰਜਾਬੀ ਖਾਣਾ ਖਾਧਾ। ਅਤੇ ਸੰਤੁਸ਼ਟੀ ਮਹਿਸੂਸ ਕੀਤੀ। ਇਸ ਉਪਰੰਤ ਅਸੀਂ ਗਰੈਂਡ ਪੈਲੇਸ ਆ ਗਏ ,ਜੋ ਸਾਡਾ ਪੂਰਾ ਨਹੀਂ ਸੀ ਦੇਖਿਆ ਗਿਆ। ਜਦੋਂ ਦਾਖਲੇ ਸਮੇ ਟਿਕਟਾਂ ਸਕੈਨ ਕਰਨ ਲੱਗੇ, ਉਹਨਾਂ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਆ ਚੁੱਕੇ ਹੋ। ਹੁਣ ਨਵੀ ਟਿਕਟ ਲੱਗੇਗੀ। ਮੈਨੂੰ ਬੜਾ ਗੁੱਸਾ ਆਇਆ ਕਿਉਂਕਿ ਟਿਕਟ ਤੇ ਸਾਫ ਲਿਖਿਆ ਸੀ ਵੈਲਿਡ ਫ਼ਾਰ ਵਨ ਵੀਕ ਅਤੇ ਤਾਰੀਖ ਵੀ ਪਾਈ ਹੋਈ ਸੀ ਕਿ 28/2/25 ਤੱਕ ਚੱਲੇਗੀ। ਪਰ ਉਹਨਾਂ ਨੇ ਦਾਖਲ ਨਾ ਹੋਣ ਦਿੱਤਾ। ਅਸੀਂ ਟਿਕਟ ਕਾਊਂਟਰ ਤੇ ਆ ਗਏ ਅਤੇ ਮੈਂ ਆਪਣਾ ਇਤਰਾਜ ਜਾਹਰ ਕੀਤਾ। ਉਸਨੇ ਸਮਝਾਇਆ ਕਿ ਇਸਦੇ 4 ਚਰਣ ਹਨ। ਇੱਕ ਚਰਣ ਵਿੱਚ ਇਕੋ ਵਾਰ ਹੀ ਜਾਇਆ ਜਾ ਸਕਦਾ ਹੈ। ਬਾਕੀ ਤਿੰਨ ਲਈ ਦਾਖਲ ਹੋਣ ਵਾਲਾ ਵੱਖਰਾ ਦਰਵਾਜਾ ਸੀ। ਸਮਝ ਆਉਣ ਤੇ ਤੱਸਲੀ ਹੋਈ। ਦੂਸਰੇ ਚਰਣ ਵਿੱਚ ਪੁੱਜੇ ਇਸ ਵਿਚ ਰਾਣੀ ਦੀ ਡਰੈਸ ਦੇ ਡਿਜ਼ਾਈਨ ਦੀ ਪ੍ਰਦਰਸ਼ਨੀ ਸੀ। ਰਾਣੀ ਦੇ ਕੱਪੜੇ, ਜੁੱਤੀਆਂ, ਟੋਪੀ,ਛਤਰੀ ਆਦਿ ਸਭ ਰੱਖਿਆ ਹੋਇਆ ਸੀ। ਕਿਸ ਸਮੇ ਉਸਨੇ ਕਿਹੜੀ ਡਰੈਸ ਪਹਿਨੀ। ਕਿਹੜੀ ਡਰੈਸ ਵਿਚ ਕਿਹੜਾ ਫਾਈਬਰ ਕਿਹੜਾ ਧਾਗਾ ਲੱਗਿਆ ਹੋਇਆ ਹੈ। ਆਦਿ ਬਾਰੇ ਇੰਨੇ ਵਿਸਥਾਰ ਨਾਲ ਦੱਸਿਆ ਗਿਆ ਸੀ ਕਿ ਇਹ ਸਭ ਅਮੀਰਾਂ ਦੇ ਚੋਚਲੇ ਮਹਿਸੂਸ ਹੋਏ। ਰਾਜੇ ਰਾਣੀਆਂ ਕਿੰਨੀ ਐਸ਼ ਦੀ ਜਿੰਦਗੀ ਬਤੀਤ ਕਰਦੇ ਸਨ, ਇਹ ਜਾਣ ਕੇ ਹੈਰਾਨੀ ਹੋਈ। ਇਸ ਦਾ ਚੌਥਾ ਹਿੱਸਾ ਇਥੋਂ 2-3 ਕਿਲੋਮੀਟਰ ਦੀ ਦੂਰੀ ਤੇ ਹੈ ਜਿਥੇ ਤੱਕ ਖੁੱਲੀਆਂ ਬੱਸਾਂ ਵਿੱਚ ਮੁਫ਼ਤ ਲਿਜਾਇਆ ਗਿਆ। ਇਹ ਇੱਕ ਸਿਨੇਮਾ ਹਾਲ ਵਿਚ masked musical dance ਸੀ। ਕਰੀਬ 35 ਕੁ ਮਿੰਟ ਦਾ ਇਹ ਸ਼ੋਅ ਬਹੁਤ ਵਧੀਆ ਲੱਗਿਆ। ਇਸ ਵਿਚ ਬਹੁ ਵਿਧਾਈ ਕੰਮ ਸੀ। ਇੱਕ ਪਾਸੇ ਪਿੱਛੇ ਲੰਮੀ ਸਕਰੀਨ ਸੀ। ਇਸ ਸਕਰੀਨ ਤੇ 3 D ਨਜਰ ਆਉਂਦੀਆਂ ਸੀਨਰੀਆ ਅਤੇ ਦ੍ਰਿਸ਼ਟਾਂਤ ਸਿਰਜੇ ਗਏ ਸਨ । ਇਸ ਤੋਂ ਅੱਗੇ ਸਟੇਜ ਦੀ ਚਾਰ ਪਰਦਿਆ ਰਾਹੀਂ ਵੰਡ ਕੀਤੀ ਹੋਈ ਸੀ। ਨਾਟਕਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵਾਂਗ ਦਰਖਤ, ਪਹਾੜ ਆਦਿ ਲਿਆਂਦੇ ਗਏ ਸਨ। ਉਪਰੰਤ ਅਸਲ ਵਿਚ ਮੁੰਡੇ ਕੁੜੀਆਂ ਵੱਖੋ ਵੱਖ ਪਹਿਰਾਵੇ ਅਤੇ ਮਾਸਕ ਲਗਾ ਕੇ ਨੱਚ ਰਹੇ ਸਨ। ਦਰਸ਼ਕਾਂ ਦੀ ਨਿਗਾਹ ਸਾਹਮਣੇ ਹੀ ਸਟੇਜ ਦੇ ਇੱਕ ਕੋਨੇ ਵਿੱਚ ਦਰਸ਼ਕਾਂ ਵਾਲੇ ਪਾਸੇ ਹੀ 8-9 ਸਾਜੀ ਬੈਠੇ ਸਾਜ ਵਜਾ ਰਹੇ ਸਨ। ਸਾਜ ਵੀ ਲੱਗਭੱਗ ਨਵੀਂ ਕਿਸਮ ਦੇ ਹੀ ਸਨ । ਪੂਰੇ ਸ਼ੋਅ ਵਿੱਚ ਸਿਰਫ ਸਾਜਾਂ ਰਾਹੀਂ ਸੰਗੀਤ ਪੈਦਾ ਕੀਤਾ ਗਿਆ ਸੀ, ਪਰ ਨਯ ਕੋਈ ਗੀਤ ਨਾ ਹੀ ਕਿਸੇ ਤਰਾਂ ਦਾ ਵਾਰਤਾਲਾਪ । ਨਾਚ ਸਮੇਂ ਰਾਮਾਇਣ ਵਿਚੋਂ ਵੀ ਕੁਝ ਸੀਨ ਪੇਸ਼ ਕੀਤੇ ਗਏ ਸਨ । ਸਮੁੱਚੇ ਰੂਪ ਵਿਚ ਇਹ ਕਾਫੀ ਵਧੀਆ ਲੱਗਿਆ । ਇਸ ਨਾਲ ਤਰੋ ਤਾਜਾ ਹੋ ਕੇ ਆਪਣੇ ਕਮਰੇ ਵਿੱਚ ਆ ਗਏ।
26 ਫਰਬਰੀ ਸਾਡਾ ਆਖਰੀ ਦਿਨ ਸੀ। ਫਲਾਈਟ ਸ਼ਾਮ 6 ਵਜੇ ਦੀ ਸੀ । ਤਿੰਨ ਘੰਟੇ ਪਹਿਲਾਂ ਪਹੁੰਚਣਾ ਹੁੰਦਾ ਹੈ ਅਤੇ ਇੱਕ ਘੰਟਾ ਏਅਰਪੋਰਟ ਤੇ ਜਾਣ ਲਈ ਵੀ ਚਾਹੀਦਾ ਸੀ। ਅਸੀਂ ਉਸ ਅਨੁਸਾਰ ਹੀ ਪ੍ਰੋਗਰਾਮ ਬਣਾਉਣਾ ਸੀ। ਹੋਟਲ ਨੂੰ ਅਲਵਿਦਾ ਸਵੇਰੇ ਹੀ ਕਹਿ ਦਿੱਤਾ। ਸਮਾਨ ਪੈਕ ਕਰ ਕੇ ਹੋਟਲ ਦੀ ਰਿਸੈਪਸ਼ਨ ਨੇੜੇ ਹੀ ਰੱਖ ਕੇ ਕੁਝ ਦੇਰ ਜਾ ਆਉਣ ਦੀ ਸੋਚੀ। ਹੁਣ ਤੱਕ ਅਸੀਂ ਬੇਸ਼ਕ ਕਈ ਸ਼ਾਪਿੰਗ ਮਾਲ ਦੇਖ ਚੁੱਕੇ ਸਾਂ, ਪਰ ਬਹੁਤੀ ਖਰੀਦੋ ਫਰੋਖਤ ਨਹੀਂ ਸੀ ਕੀਤੀ। ਸ੍ਰੀ ਮਤੀ ਦੀ ਸਲਾਹ ਅਨੁਸਾਰ ਨੇੜੇ ਦੀ ਮਾਰਕੀਟ ਇੰਟਰਨੈੱਟ ਤੋਂ ਲੱਭੀ । ਟਰੇਨ ਰਾਹੀਂ ਬੈਗ ਕਾਪੀ ਮਾਰਕੀਟ ਵਿੱਚ ਗਏ। ਪਰਿਵਾਰ ਲਈ ਕੁਝ ਕੱਪੜੇ, ਗਿਫਟ ਬਗੈਰਾ ਲੈ ਲਏ। ਵਾਪਸ ਆ ਕੇ ਕੁਝ ਅਰਾਮ ਕੀਤਾ, ਖਾਣਾ ਖਾਧਾ ਅਤੇ ਟੈਕਸੀ ਲੈ ਕੇ ਏਅਰਪੋਰਟ ਤੇ ਆ ਗਏ। ਕਰੀਬ 10.30 ਵਜੇ ਅੰਮ੍ਰਿਤਸਰ ਏਅਰਪੋਰਟ ਉੱਤਰੇ। ਇਹ ਰਾਤ ਦਰਬਾਰ ਸਾਹਿਬ ਦੀ ਸਰਾਂ ਵਿੱਚ ਕਮਰਾ ਲੈ ਕੇ ਗੁਜਾਰੀ। ਦੂਜੇ ਦਿਨ ਦਰਬਾਰ ਸਾਹਿਬ ਮੱਥਾ ਟੇਕਿਆ, ਲੰਗਰ ਛਕਿਆ ਅਤੇ ਘਰ ਨੂੰ ਚਾਲੇ ਪਾ ਦਿੱਤੇ। ਕਰੀਬ 3 ਵਜੇ ਆਪਣੇ ਆਲ੍ਹਣੇ ਪੁੱਜ ਗਏ।
ਭਾਵੇਂ ਇਹ ਬੜਾ ਛੋਟਾ ਜਿਹਾ ਟੂਰ ਸੀ, ਪਰ ਕਾਫੀ ਸੁਆਦਲਾ ਰਿਹਾ। ਬੈੰਕਾਕ ਇੱਕ ਵਧੀਆ ਸਫਾਈ ਵਾਲਾ ਸ਼ਹਿਰ ਹੈ। ਟੂਰਿਜ਼ਮ ਤੋਂ ਇਸ ਨੂੰ ਕਾਫੀ ਆਮਦਨ ਹੈ। ਇਸ ਕਰਕੇ ਇਹਨਾਂ ਲੋਕਾਂ ਦਾ ਬਾਹਰੋਂ ਆਏ ਯਾਤਰੀਆਂ ਪ੍ਰਤੀ ਰਵਈਆ ਬਹੁਤ ਹਮਦਰਦਾਨਾ ਅਤੇ ਨਰਮੀ ਵਾਲਾ ਹੈ। ਇੱਕ ਵੱਡੀ ਸਮੱਸਿਆ ਭਾਸ਼ਾ ਦੀ ਹੈ। ਪਬਲਿਕ ਥਾਵਾਂ ਜਿਵੇਂ ਏਅਰਪੋਰਟ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਕਰਮਚਾਰੀਆਂ ਤੋਂ ਬਿਨਾਂ ਬਹੁਤੇ ਲੋਕਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ। ਉਹ ਆਪਣੀ ਮਾਤ ਭਾਸ਼ਾ ਥਾਈ ਹੀ ਬੋਲਦੇ ਅਤੇ ਸਮਝਦੇ ਹਨ। ਟੂਰਿਸਟਾਂ ਵਾਸਤੇ ਸਾਈਨ ਬੋਰਡ ਆਦਿ ਅੰਗਰੇਜ਼ੀ ਵਿਚ ਲਿਖੇ ਗਏ ਹਨ। ਜਿਸ ਨੂੰ ਅੰਗਰੇਜ਼ੀ ਬੋਲਣੀ ਅਤੇ ਸਮਝਣੀ ਵੀ ਨਹੀਂ ਆਉਂਦੀ, ਉਸ ਨੂੰ ਇੱਥੇ ਵਿਚਰਨਾ ਕੁਝ ਮੁਸ਼ਕਿਲ ਹੋ ਸਕਦਾ ਹੈ। ਅਸੀਂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਦੋਵੇਂ ਜਣੇ ਅੰਗਰੇਜ਼ੀ ਵਧੀਆ ਬੋਲ ਅਤੇ ਸਮਝਦੇ ਹਾਂ । ਦੂਜੇ ਮੈਂ ਗੂਗਲ ਟ੍ਰਾੰਸਲੇਟ ਦੀ ਮੱਦਦ ਵੀ ਲੈਂਦਾ ਰਿਹਾ। ਗਰੈਬ ਟੈਕਸੀ ਤਾਂ ਭਲਾ ਆਨ ਲਾਈਨ ਹੋਣ ਕਰਕੇ ਸਾਰਾ ਇੰਗਲਿਸ਼ ਵਿਚ ਹੀ ਹੈ। ਜੇ ਉਸ ਤੋਂ ਬਿਨਾਂ ਕਿਸੇ ਟੈਕਸੀ ਵਾਲੇ ਜਾਂ ਟੁਕ ਟੁਕ ਵਾਲੇ ਨਾਲ ਗੱਲ ਕਰਨੀ ਸੀ, ਤਾਂ ਅੰਗਰੇਜ਼ੀ ਲਿਖ ਕੇ ਉਸਨੂੰ ਥਾਈ ਵਿੱਚ ਬਦਲ ਕੇ ਮੋਬਾਈਲ ਦਿਖਾਂਦੇ ਸਾਂ। ਇਸੇ ਤਰਾਂ ਸਾਈਨ ਬੋਰਡ ਅਤੇ ਵਸਤੂਆਂ ਦੇ ਪੈਕਟਾਂ ਤੇ ਜੋ ਥਾਈ ਵਿੱਚ ਲਿਖੇ ਸਨ, ਪਹਿਲਾਂ ਉਨ੍ਹਾਂ ਦੀ ਫੋਟੋ ਲੈ ਕੇ ਅੰਗਰੇਜ਼ੀ ਵਿਚ ਬਦਲਣਾ, ਫੇਰ ਫ਼ੈਸਲਾ ਕਰਨਾ ਕਿ ਕੋਈ ਵਸਤੂ ਲੈਣ ਯੋਗ ਹੈ ਜਾਂ ਨਹੀਂ। ਛੋਟਾ ਜਿਹਾ ਟੂਰ ਵੀ ਯਾਦਾਂ ਦੇ ਖਜ਼ਾਨੇ ਨੂੰ ਭਰਪੂਰ ਕਰ ਗਿਆ।