ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ‘ਵਿਦਰੋਹੀ ਬੋਲ’ ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ (ਆਲੋਚਨਾਤਮਕ ਲੇਖ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੇਘਾ ਸਿੰਘ   (ਡਾ.)ਦੀ ਸੰਪਾਦਿਤ ‘ਵਿਦਰੋਹੀ ਬੋਲ’ (ਨਕਸਲਬਾੜੀ ਲਹਿਰ ਦੇ ਦੌਰ ਦੀ ਚੋਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ) ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ ਹੈ। ਸਮਾਜ ਵਿੱਚ ਵੱਖ-ਵੱਖ ਸਮੇਂ ਲਹਿਰਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਲਗਪਗ ਸਾਰੀਆਂ ਹੀ ਲਹਿਰਾਂ ਸਮਾਜਕ ਢਾਂਚੇ ਵਿੱਚ ਸੁਧਾਰ ਲਿਆਕੇ ਤਬਦੀਲੀ ਲਿਆਉਣ ਲਈ ਸ਼ੁਰੂ ਕੀਤੀਆਂ ਜਾਂਦੀਆਂ ਹਨ। ਇਹ ਲਹਿਰਾਂ ਮੁੱਖ ਤੌਰ ‘ਤੇ ਲੋਕਾਈ ਵਿੱਚ ਜੋਸ਼ ਪੈਦਾ ਕਰਕੇ ਸਮਾਜਿਕ ਤਾਣੇ-ਬਾਣੇ ਨੂੰ ਸੰਗਠਿਤ ਕਰਨ ਵਿੱਚ ਕਾਰਗਰ ਸਾਬਤ ਹੁੰਦੀਆਂ ਹਨ। ਦੇਸ਼ ਖਾਸ ਤੌਰ ‘ਤੇ ਪੰਜਾਬ ਵਿੱਚ ਭਗਤੀ ਲਹਿਰ, ਗੁਰਮਤਿ ਲਹਿਰ, ਗ਼ਦਰ ਲਹਿਰ, ਨਾਮਧਾਰੀ ਲਹਿਰ, ਇਨਕਲਾਬੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ, ਖਾਲਿਸਤਾਨੀ ਲਹਿਰ ਅਤੇ ਨਕਸਲਵਾੜੀ ਲਹਿਰ ਵਰਣਨਯੋਗ ਹਨ। ਇਨ੍ਹਾਂ ਲਹਿਰਾਂ ਦੌਰਾਨ ਬਹੁਤ ਸਾਰਾ ਸਾਹਿਤ ਰਚਿਆ ਗਿਆ, ਜਿਹੜਾ ਸਾਹਿਤਕ ਖੇਤਰ ਵਿੱਚ ਮੀਲ-ਪੱਥਰ ਸਾਬਤ ਹੋਇਆ ਹੈ। ਇਸ਼ਕ-ਮੁਸ਼ਕ ਦਾ ਸਾਹਿਤ ਆਮ ਤੌਰ ‘ਤੇ ਕਾਲਪਨਿਕ ਹੁੰਦਾ ਹੈ ਪ੍ਰੰਤੂ ਲਹਿਰਾਂ ਦਾ ਸਾਹਿਤ ਸਮਾਜਿਕ ਸਰੋਕਾਰਾਂ ਵਾਲਾ ਇਨਕਲਾਬੀ, ਪਦਾਰਥਵਾਦੀ ਤੇ ਯੁਗਪਲਟਾਊ ਹੁੰਦਾ ਹੈ। ਨਕਸਲਵਾੜੀ ਲਹਿਰ ਭਾਵੇਂ ਦੇਸ਼ ਦੇ ਹੋਰ ਹਿੱਸਿਆਂ ਤੋਂ ਸ਼ੁਰੂ ਹੋਈ ਪ੍ਰੰਤੂ ਪੰਜਾਬ ਵਿੱਚ ਇਹ ਲਹਿਰ ਬਹੁਤ ਹੀ ਵੱਡੇ ਰੂਪ ਵਿੱਚ ਸਾਹਮਣੇ ਆਈ। ਪੰਜਾਬੀ ਕਿਉਂਕਿ ਦਲੇਰ, ਬਹਾਦਰ ਅਤੇ ਮਨੁੱਖੀ ਹੱਕਾਂ ‘ਤੇ ਪਹਿਰਾ ਦੇਣ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਮਿਲੀ ਹੋਈ ਹੈ। ਨਕਸਲਵਾੜੀ ਲਹਿਰ ਵਿੱਚ ਪੰਜਾਬ ਦਾ ਯੋਗਦਾਨ ਜ਼ਬਰਦਸਤ ਹੈ, ਇਸ ਲਈ ਕੁਦਰਤੀ ਹੈ ਕਿ ਪੰਜਾਬ ਵਿੱਚ ਇਸ ਲਹਿਰ ਤੋਂ ਪ੍ਰਭਾਵਤ ਹੋ ਕੇ ਜੁਝਾਰੂ ਸਾਹਿਤ ਰਚਿਆ ਗਿਆ। ਵੈਸੇ ਤਾਂ ਬਹੁਤ ਸਾਰੇ ਜੁਝਾਰੂ ਕਵੀ ਸਾਹਿਤਕ ਖੇਤਰ ਵਿੱਚ ਜਾਣੇ ਜਾਂਦੇ ਹਨ ਪ੍ਰੰਤੂ ਇਨ੍ਹਾਂ ਤੋਂ ਜ਼ਿਆਦਾ ਅਣਗੌਲੇ ਰਹਿ ਗਏ। 

         ਮੇਘਾ ਸਿੰਘ (ਡਾ.) ਨੇ ਉਨ੍ਹਾਂ ਅਣਗੌਲੇ ਕਵੀਆਂ ਨੂੰ ਆਪਣੀ ਖੋਜ ਰਾਹੀਂ ਉਨ੍ਹਾਂ ਦੇ ਸਾਹਿਤ ਨੂੰ ਵਿਸ਼ਾ ਬਣਾਇਆ ਹੈ। ਮੇਘਾ ਸਿੰਘ (ਡਾ.) ਖੱਬੇ-ਪੱਖੀ ਸੋਚ ਵਾਲਾ ਵਿਦਵਾਨ, ਜੁਝਾਰੂ ਸਾਹਿਤਕਾਰ,ਅਧਿਆਪਕ, ਲੇਖਕ, ਪੱਤਰਕਾਰ ਅਤੇ ਸੰਪਾਦਕ ਹੈ। ਉਸ ਦੀਆਂ ਹੁਣ ਤੱਕ ਤੇਰਾਂ ਮੌਲਿਕ ਅਤੇ ਚੌਧਵੀਂ ਚਰਚਾ ਅਧੀਨ ‘ਵਿਦਰੋਹੀ ਬੋਲ’ (ਨਕਸਲਬਾੜੀ ਲਹਿਰ ਦੇ ਦੌਰ ਦੀ ਚੋਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ) ਸੰਪਾਦਿਤ ਪੁਸਤਕ ਹੈ। ਮੇਘਾ ਸਿੰਘ (ਡਾ.) ਆਮ ਪਰੰਪਰਾਵਾਦੀ ਕੰਮ ਨਹੀਂ ਕਰਦੇ, ਹੁਣ ਤੱਕ ਉਸਨੇ ਜਿਤਨੀਆਂ ਵੀ ਪੁਸਤਕਾਂ ਲਿਖੀਆਂ ਹਨ, ਸਾਰੀਆਂ ਹੀ ਨਿਵੇਕਲੀਆਂ ਤੇ  ਵਿਲੱਖਣ ਹਨ, ਜਿਨ੍ਹਾਂ ਤੋਂ ਸਮਾਜ ਦੇ ਵੱਡੇ ਤਬਕੇ ਨੂੰ ਲਾਭ ਹੋ ਸਕੇ। ਡਾ.ਮੇਘਾ ਸਿੰਘ ਪਰੰਪਰਾਤਮਿਕ ਸਾਹਿਤਕ ਪਗਡੰੀਡੀਆਂ ‘ਤੇ ਚਲਣ ਵਾਲਾ ਵਿਦਵਾਨ ਸਾਹਿਤਕਾਰ ਨਹੀਂ ਸਗੋਂ ਉਹ ਆਪਣੀ ਖੋਜੀ ਪ੍ਰਵਿਰਤੀ ਨਾਲ ਨਵੇਂ ਕੀਰਤੀਮਾਨ ਸਿਰਜਕੇ ਮੋਕਲੇ ਤੇ ਖੁਲ੍ਹੇ ਰਸਤੇ ਬਣਾਉਂਦਾ ਹੈ। ਉਸ ਦੀਆਂ ਪੁਸਤਕਾਂ ਨੌਜਵਾਨ ਪੀੜ੍ਹੀ ਖਾਸ ਤੌਰ ‘ਤੇ ਖੋਜੀ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਦੀਆਂ ਹਨ। ਉਸ ਦੀਆਂ ਪੰਜਾਬੀ ਪੱਤਰਕਾਰੀ ਬਾਰੇ ਵਿਦਿਆਰਥੀਆਂ ਲਈ ਚਾਰ, ਕਾਨੂੰਨ ਦੇ ਵਿਦਿਆਰਥੀਆਂ ਲਈ ਦੋ, ਪੰਜਾਬੀ ਟ੍ਰਿਬਿਊਨ ਦੀਆਂ ਸੰਪਾਦਕੀਆਂ ਦੀਆਂ 6, ਕਿਸਾਨ ਅੰਦੋਲਨ ਸੰਬੰਧੀ ਇੱਕ ਅਤੇ ਦੋ ਕਵਿਤਾ ਦੀਆਂ ਪੁਸਤਕਾਂ ਹਨ। ਡਾ.ਮੇਘਾ ਸਿੰਘ ਖੋਜੀ ਵਿਦਵਾਨ ਹੈ, ਇਹ ਪੁਸਤਕ ਵੀ ਉਸਨੇ ਖੋਜ ਕਰਕੇ ਸੰਪਾਦਿਤ ਕੀਤੀ ਹੈ। ਜੁਝਾਰੂ ਸਾਹਿਤ ਨਾਲ ਸੰਬੰਧਤ ਪੁਸਤਕਾਂ ਦੀ ਛਾਣ-ਬੀਣ ਕਰਕੇ ਸਥਾਪਤ ਅਤੇ ਅਣਗੌਲੇ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਲ ਕਰਕੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਪੰਜਾਬੀ ਬੋਲੀ ਦੀ ਸਾਹਿਤਕ ਜੁਝਾਰੂ ਵਿਰਾਸਤ ਨੂੰ ਜਾਨਣ ਅਤੇ ਉਸਤੋਂ ਪ੍ਰੇਰਨਾ ਲੈ ਕੇ ਭਵਿਖ ਵਿੱਚ ਸਮਾਜ ਦੇ ਮਨੁੱਖੀ ਹੱਕਾਂ ‘ਤੇ ਪਹਿਰਾ ਦੇਣ ਦੇ ਮਕਸਦ ਨਾਲ ਸੰਪਾਦਿਤ ਕੀਤੀ ਗਈ ਮਹਿਸੂਸ ਹੁੰਦੀ ਹੈ। ਉਸਨੇ ਇਹ ਪੁਸਤਕ ਨਿੱਠ ਕੇ ਲਿਖੀ ਹੈ। ਇਹ ਉਸਦਾ ਸੁਭਾਅ ਹੈ ਕਿ ਉਹ ਜਿਹੜਾ ਵੀ ਕੰਮ ਕਰਦਾ ਹੈ, ਪਹਿਲਾਂ ਟੀਚਾ ਨਿਸਚਤ ਕਰਦਾ ਹੈ, ਫਿਰ ਉਸਨੂੰ ਤੱਥਾਂ ‘ਤੇ ਅਧਾਰਤ ਜਾਣਕਾਰੀ ਪ੍ਰਾਪਤ ਕਰਕੇ ਨੇਪਰੇ ਚਾੜ੍ਹਦਾ ਹੈ। ਆਮ ਤੌਰ ਤੇ ਅਜਿਹੇ ਕਾਰਜ ਨੂੰ ਰੁੱਖਾ ਸਮਝਕੇ ਬਹੁਤੇ ਵਿਦਵਾਨ ਪਾਸਾ ਵੱਟ ਜਾਂਦੇ ਹਨ। ਉਹ ਸਿਰੜ੍ਹੀ ਵਿਦਵਾਨ ਹੈ, ਉਹ ਅੱਕਦਾ, ਥੱਕਦਾ ਤੇ ਰੁਕਦਾ ਨਹੀਂ ਸਗੋਂ ਹੋਰ ਉਤਸ਼ਾਹ, ਲਗਨ ਤੇ ਦ੍ਰਿੜ੍ਹਤਾ ਨਾਲ ਜੁੱਟਿਆ ਰਹਿੰਦਾ ਹੈ। ਇਸ ਪੁਸਤਕ ਵਿੱਚ ਉਸਨੇ 1968 ਤੋਂ 82 ਤੱਕ ਲਿਖੀਆਂ ਗਈਆਂ ਜੁਝਾਰੂ ਲਹਿਰ ਤੋਂ ਪ੍ਰਭਾਵਤ 112 ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਡਾ.ਮੇਘਾ ਸਿੰਘ ਨੇ ਇਹ ਵਿਲੱਖਣ ਕਾਰਜ਼ ਕਰਕੇ ਇਤਿਹਾਸ ਸਿਰਜ ਦਿੱਤਾ ਹੈ, ਕਿਉਂਕਿ ਆਮ ਤੌਰ ‘ਤੇ ਵੇਖਣ ਵਿੱਚ ਆਇਆ ਹੈ ਕਿ ਬਹੁਤੇ ਸਾਹਿਤਕਾਰ ਤੇ ਖੋਜੀ ਵਿਦਵਾਨ ਸਥਾਪਤ ਕਵੀਆਂ ਦੇ ਯੋਗਦਾਨ ਨੂੰ ਹੀ ਪ੍ਰਮੁੱਖਤਾ ਦਿੰਦੇ ਹਨ, ਪ੍ਰੰਤੂ ਮੇਘਾ ਸਿੰਘ (ਡਾ.) ਦੀ ਇਸ ਪੁਸਤਕ ਦੀ ਖਾਸੀਅਤ ਹੈ ਕਿ ਉਸਨੇ ਉਨ੍ਹਾਂ ਜੁਝਾਰੂ ਕਵੀਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ, ਜਿਨ੍ਹਾਂ ਦਾ ਯੋਗਦਾਨ ਤਾਂ ਵੱਡਾ ਹੈ ਪ੍ਰੰਤੂ ਖੋਜੀਆਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਆਲੋਚਕਾਂ ਨੇ ਇਨ੍ਹਾਂ ਦੇ ਕਾਰਜ ਨੂੰ ਅਣਡਿਠ ਹੀ ਕੀਤਾ ਹੈ। ਅਸਲ ਵਿੱਚ ਸਾਡੇ ਵਿਦਵਾਨ ਮਿਹਨਤ ਕਰਨ ਤੋਂ ਕੰਨ੍ਹੀ ਕਤਰਾਉਂਦੇ ਹਨ, ਜਿਹੜਾ ਮੈਟਰ ਸੌਖਿਆਂ ਹੀ ਮਿਲ ਜਾਂਦਾ ਹੈ, ਉਸਨੂੰ ਹੀ ਪ੍ਰਮੁੱਖਤਾ ਦਿੰਦੇ ਹਨ। ਜਿਸ ਸਮੇਂ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਦੋਂ ਆਈ. ਟੀ. ਦਾ ਜ਼ਮਾਨਾ ਨਹੀਂ ਸੀ, ਬਹੁਤੇ ਅਖ਼ਬਾਰ ਤੇ ਰਸਾਲੇ ਵੀ ਨਹੀਂ ਸਨ, ਇਸ ਲਈ ਇਨ੍ਹਾਂ ਜੁਝਾਰੂ ਕਵੀਆਂ ਦੀਆਂ ਰਚਨਾਵਾਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਸਾਂਭੀਆਂ ਨਹੀਂ ਗਈਆਂ ਅਤੇ ਆਮ ਲੋਕਾਂ ਦੇ ਧਿਆਨ ਵਿੱਚ ਵੀ ਨਹੀਂ ਆਈਆਂ। ਇਹ ਜੁਝਾਰੂ ਕਵੀ ਥੋੜ੍ਹੇ ਅਵੇਸਲੇ ਵੀ ਰਹੇ ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਪ੍ਰਚਾਰ ਵਿੱਚ ਵਿਸ਼ਵਾਸ਼ ਵੀ ਨਹੀਂ ਰੱਖਦੇ ਸਨ, ਉਹ ਤਾਂ ਸਿਰੜ੍ਹ ਨਾਲ ਆਪਣੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਆਪਣੀਆਂ ਕਵਿਤਾਵਾਂ ਲਿਖਦੇ ਸਨ। ਡਾ.ਮੇਘਾ ਸਿੰਘ ਨੇ ਕਈ ਸਾਲਾਂ ਦੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਮਸਤ ਹਾਥੀ ਦੀ ਚਾਲ ਚਲਦਿਆਂ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ, ਹਰ ਸਾਧਨ ਰਾਹੀਂ ਇਕੱਤਰ ਕਰਕੇ ਪ੍ਰਕਾਸ਼ਤ ਕਰਵਾਈਆਂ ਹਨ। ਇਨ੍ਹਾਂ ਕਵੀਆਂ ਵਿੱਚੋਂ ਬਹੁਤੇ ਕਵੀ ਤਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਮਿਤਰਾਂ ਕੋਲੋਂ ਇਕੱਤਰ ਕੀਤੀਆਂ ਹਨ। ਅਜਿਹਾ ਕਾਰਜ਼ ਸਿਰੜ੍ਹੀ ਤੇ ਖੋਜੀ ਰੁੱਚੀ ਵਾਲਾ ਵਿਦਵਾਨ ਹੀ ਕਰ ਸਕਦਾ ਹੈ। ਇਸ ਲਈ ਇਹ ਕੋਈ ਸੌਖਾ ਕਾਰਜ਼ ਨਹੀਂ ਸੀ, ਮੇਘਾ ਸਿੰਘ (ਡਾ.) ਦੀ ਖੱਬੇ-ਪੱਖੀ ਸੋਚ ਨੇ ਇਸ ਨੂੰ ਨੇਪਰੇ ਚਾੜ੍ਹਕੇ ਬਾਕਮਾਲ ਕੰਮ ਕੀਤਾ ਹੈ। ਕ੍ਰਿਸ਼ਨ ਕੋਰਪਾਲ ਦੀ ਕਵਿਤਾ ‘ਮੈਂ ਇੱਕ ਮਜ਼ਦੂਰ ਹਾਂ’ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:

     ਮੈਂ ਇੱਕ ਮਜ਼ਦੂਰ ਹਾਂ. . . . .!

     ਥੋਡੇ ਕੁੱਤੇ ਕੇਕ ਨੀਂ ਖਾਂਦੇ, ਮੇਰੇ ਜੁਆਕ ਭੁੱਖੇ ਸੌਂ ਜਾਂਦੇ।

     ਨਿੱਕੇ ਨਿੱਕੇ ਬਲੂਰ, ਓ ਮਹਿਲਾਂ ਵਾਲਿਓ।

    ਮੈਂ ਇੱਕ ਮਜ਼ਦੂਰ ਹਾਂ. . . . .!

    ਨਰਕੀ ਜ਼ਿੰਦਗੀ ਜੀਵਣ ਨਾਲੋਂ, ਘੁੱਟ ਜ਼ਹਿਰ ਦੇ ਪੀਵਣ ਨਾਲੋਂ।

    ਲੜਨਾ ਮਰਨਾ ਮਨਜ਼ੂਰ, ਓ ਮਹਿਲਾਂ ਵਾਲਿਓ।

      ਕ੍ਰਿਸ਼ਨ ਕੋਰਪਾਲ ਦੀ ਕਵਿਤਾ ਵਿੱਚ ਖ਼ੁਦਦਾਰੀ ਅਤੇ ਇਨਕਲਾਬੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਉਹ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਜਦੋਜਹਿਦ ਕਰਨ ਦੀ ਪ੍ਰੇਰਨਾ ਦਿੰਦਾ ਹੈ।

      ਇਸ ਤਰ੍ਹਾਂ ਹੀ ਜਗਰੂਪ ਝੁਨੀਰ ਦੀ ਆਪਣੀ ਕਵਿਤਾ ‘ਕੈਦੀ ਦੀ ਭੈਣ’ ਵਿੱਚ ਲਿਖਦਾ ਹੈ:

    ਹੱਥਕੜੀਆਂ ਦੇ ਸਾਜ਼ ਵਜਾਉਂਦਾ, ਬੇੜੀ ਦਾ ਛਣਕਾਟਾ ਪਾਉਂਦਾ।

    ਮੇਰਾ ਵੀਰ ਗਰਜਦਾ ਆਉਂਦਾ, ਜਕੜਿਆ ਵਿੱਚ ਜ਼ੰਜ਼ੀਰਾਂ ਦੇ।

    ਜ਼ੁਲਮ ਸੰਗ ਟਕਰਾਉਂਦਾ ਕਾਫ਼ਲੇ ਚਲੇ ਵੀਰਾਂ ਦੇ।

        ਜਗਰੂਪ ਝੁਨੀਰ ਦੀ ਕਵਿਤਾ ਇਨਕਲਾਬੀ ਪਰਿਵਾਰ ਦੀ ਲੜਕੀ ਦੇ ਜੋਸ਼ੀਲੇ ਜ਼ਜ਼ਬਾਤਾਂ ਰਾਹੀਂ ਪੰਜਾਬੀ ਇਸਤਰੀਆਂ ਦੀ ਮਾਨਸਿਕਤਾ ਬਾਰੇ ਜਾਣਕਾਰੀ ਦਿੰਦੀ ਹੈ।

      ਜੁਗਰਾਜ ਧੌਲਾ ਦੀ ਗ਼ਜ਼ਲ ਪੰਜਾਬੀਆਂ ਦੇ ਬੁਲੰਦ ਹੌਸਲਿਆਂ ਦੀ ਗਵਾਹੀ ਭਰਦੀ ਹੈ, ਜਿਸ ਵਿੱਚ ਉਹ  ਲਿਖਦਾ ਹੈ:

    ਤੂਫ਼ਾਨਾ ਦੇ ਵਹਿਣਾਂ ਤਾਈਂ ਰੋਕਾਂਗੇ।

    ਹੌਸਲੇ ਕਰ ਫੌਲਾਦੀ, ਹਿੱਕਾਂ ਠੋਕਾਂਗੇ।

    ਦਰਿਆ ਅੱਗ ਦੇ ਅੰਦਰ ਤਾਰੀ ਲਾਵਾਂਗੇ। ਹੱਸ ਹੱਸ ਲਹਿਰਾਂ ਅੰਦਰ ਹਿੱਕਾਂ ਝੋਕਾਂਗੇ।

    ਜਸਵੰਤ ਕੈਲਵੀ ਆਪਣੀ ਕਵਿਤਾ ‘ਜਦ ਦਿਲ ਵਿੱਚ ਰੋਹ ਦਾ ਜੇਠ ਤਪੇ’ ਵਿੱਚ ਇਨਕਲਾਬੀਆਂ ਦੀ ਜੁਝਾਰੂ ਸੋਚ ਬਾਰੇ ਲਿਖਦਾ ਹੈ:

     ਜਦ ਦਿਲ ਵਿੱਚ ਰੋਹ ਦਾ ਜੇਠ ਤਪੇ, ਨੈਣਾਂ ‘ਚੋਂ ਹੰਝੂ ਸੁੱਕ ਜਾਂਦੇ।

    ਜਦ ਚੜ੍ਹਦਾ ਸੂਰਜ ਪੂਰਬ ‘ਚੋਂ, ਹਨ ਘੋਰ ਹਨੇਰੇ ਲੁਕ ਜਾਂਦੇ।

    ਸਾਰੇ ਜੱਗ ‘ਚਾਨਣ ਹੁੰਦਾ ਹੈ, ਜਦ ਚਿਤਾ ਸ਼ਹੀਦਾਂ ਦੀ ਬਲਦੀ।

    ਜਦ ਡੁਲ੍ਹਦਾ ਲਹੂ ਜੁਝਾਰਾਂ ਦਾ, ਜੜ੍ਹ ਜ਼ੁਲਮ ਦੀ ਉਦੋਂ ਹੀ ਗਲਦੀ।

       ਮੇਘਾ ਸਿੰਘ (ਡਾ.) ਨੇ ਅਣਗੌਲੇ ਦੇਸ਼ ਭਗਤ ਜੁਝਾਰੂ ਕਵੀਆਂ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਨਜ਼ਮਾ ਨੂੰ ਪ੍ਰਕਾਸ਼ਤ ਕਰਵਾਕੇ ਉਨ੍ਹਾਂ ਮਹਾਨ ਸਾਹਿਤਕਾਰਾਂ ਦੇ ਯੋਗਦਾਨ ਨੂੰ ਇਤਿਹਾਸ ਦਾ ਹਿੱਸਾ ਬਣਾਕੇ ਬਿਹਤਰੀਨ ਕਾਰਜ ਕੀਤਾ ਹੈ। ਉਮੀਦ ਕਰਦਾ ਹਾਂ ਕਿ ਭਵਿਖ ਵਿੱਚ ਵੀ ਡਾ.ਮੇਘਾ ਸਿੰਘ ਅਜਿਹੇ ਵਿਲੱਖਣ ਉਦਮ ਕਰਕੇ ਪੰਜਾਬੀ ਦੀ ਸਾਹਿਤਕ ਵਿਰਾਸਤ ਵਿੱਚ ਵੱਡਮੁਲਾ ਯੋਗਦਾਨ ਪਾਵੇਗਾ।