ਦੋਵੇਂ ਪਰਿਵਾਰਾਂ ਨੇ ਹਰ ਪੱਖੋਂ ਆਪਣੀ ਆਪਣੀ ਤਸੱਲੀ ਕਰਨ ਉਪਰੰਤ ਬੜੇ ਜ਼ੋਰ ਸ਼ੋਰ ਨਾਲ ਮੁੰਡੇ ਕੁੜੀ ਦਾ ਵਿਆਹ ਕਰ ਦਿੱਤਾ। ਰਸਮ ਵੱਜੋਂ ਜਦ ਮੁੰਡਾ ਅਗਲੇ ਦਿਨ ਆਪਣੇ ਸਹੁਰੇ ਘਰ ਫੇਰਾ ਪਾਉਣ ਗਿਆ ਤਾਂ ਚੱਕਰ ਜਿਹਾ ਖਾ ਕੇ ਡਿੱਗ ਪਿਆ। ਹੋਸ਼ ਆਉਣ ਤੇ ਉਹ ਬੜਾ ਸ਼ਰਮਿੰਦਾ ਹੋਇਆ, ਤੇ ਹੱਦੋਂ ਵੱਧ ਹੈਰਾਨ ਵੀ ਕਿਉਂਕਿ ਉਸਦੀ ਇਸ ਹਾਲਤ ਬਾਰੇ ਸਹੁਰਾ ਪਰਿਵਾਰ 'ਚੋਂ ਕਿਸੇ ਨੇ ਉਸਨੂੰ ਕੁੱਝ ਕਿਹਾ ਜਾ ਪੁੱਛਿਆ ਨਹੀਂ ਸੀ। ਇੱਕ ਵੱਡਾ ਸਵਾਲ ਦਿਲ 'ਚ ਲਈ ਘਰ ਪਰਤ ਰਹੇ ਮੁੰਡੇ ਨੂੰ ਅੰਦਰੋਂ ਅੰਦਰੀਂ ਹੁਣ ਇਹ ਡਰ ਵੀ ਖਾ ਰਿਹਾ ਸੀ ਕਿ ਕਿਤੇ ਉਸਦੀ ਪਤਨੀ ਹੀ ਨਾ ਕੁੱਝ ਪੁੱਛ ਲਵੇ। ਪਰ ਉਸਦੀ ਪਤਨੀ ਨੇ ਕੋਈ ਗੱਲ ਨਾ ਤੋਰੀ। ਇੱਕ-ਦੋ ਦਿਨ ਮਸੀ ਲੰਘੇ ਹੋਣਗੇ ਮੁੰਡੇ ਨੂੰ ਆਪਣੇ ਸਵਾਲ ਦਾ ਜੁਆਬ ਖੁਦ-ਵਾ-ਖੁਦ ਸਪੱਸ਼ਟ ਰੂਪ ਵਿਚ ਮਿਲ ਗਿਆ, ਜਦ ਉਸਦੀ ਪਤਨੀ ਅਚਾਨਕ ਸਿਰ ਫੜ੍ਹ ਚਕਰਾ ਕੇ ਡਿੱਗ ਪਈ 'ਤੇ ਉਸਦੇ ਮੁਢਲੇ ਲੱਛਣ ਦੇਖ ਮੁੰਡੇ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਵੀ ਉਸ ਵਾਂਗ ਹੀ ਮਿਰਗੀ ਦੇ ਰੋਗ ਤੋਂ ਪੀੜਤ ਹੈ। ਗੁਮਸੁਮ ਹੋਇਆ ਖੜਾ ਮੁੰਡਾ ਸੋਚ ਰਿਹਾ ਸੀ ਕਿ ਵਿਆਹ ਤੋਂ ਪਹਿਲਾਂ ਸਾਡੇ ਦੋਵਾਂ ਦੇ ਪਰਿਵਾਰਾਂ ਨੇ ਪੂਰੀ ਮੁਸਤੈਦੀ ਨਾਲ ਸਾਡੇ ਸਾਰੇ ਗੁਣ ਮਿਲਾਏ ਜੋ ਮਿਲ ਵੀ ਗਏ। ਪਰ ਅਸੀਂ ਦੋਵਾਂ ਨੇ ਜਿਹੜਾ ਇਹ ਰੋਗ ਵਾਲਾ ਸੱਚ ਇੱਕ-ਦੂਜੇ ਤੋਂ ਛੁਪਾਇਆ ਸੀ, ਉਹ ਅੱਜ ਉਜਾਗਰ ਹੋਣ ਤੇ ਸਾਡੇ ਦੋਵਾਂ ਦੇ ਗੁਣਾਂ ਨਾਲ ਇੱਕ-ਇੱਕ ਔਗੁਣ ਵੀ ਮਿਲ ਗਿਆ। ਥੋੜ੍ਹੇ ਸਮੇਂ ਬਾਅਦ ਹੋਸ਼ ਵਿਚ ਆਉਣ ਤੇ ਪਤਨੀ ਨੇ ਨੀਵੀਂ ਪਾ ਲਿੱਤੀ। ਕੁੱਝ ਦੇਰ ਚੁੱਪੀ ਛਾਈ ਰਹੀ ਫਿਰ ਆਨੇ-ਬਹਾਨੇ ਜਦੋਂ ਗੱਲ-ਬਾਤ ਚੱਲੀ ਤਾਂ ਦੋਵਾਂ ਦਾ ਇੱਕ ਹੋਰ ਔਗੁਣ ਵੀ ਮਿਲ ਗਿਆ ਕਿਉਂਕਿ ਹੁਣ ਤੱਕ ਮੁੰਡੇ ਕੁੜੀ ਦੇ ਪਰਿਵਾਰਾਂ ਨੇ ਉਨ੍ਹਾਂ ਦਾ ਇਲਾਜ਼ ਕਰਵਾਉਣ ਦੀ ਬਜਾਏ ਟੂਣੇ ਟੋਟਕੇ ਦਾ ਸਹਾਰਾ ਲੈ ਕੇ ਅਖੌਤੀ ਸਿਆਣਿਆਂ ਦੇ ਘਰ ਹੀ ਭਰੇ ਸਨ। ਆਪਣੇ ਭਵਿੱਖ ਵੱਲ ਵੇਖਦਿਆਂ ਦੋਵਾਂ ਨੇ ਰਾਇ ਬਣਾਈ ਕਿ ਹੁਣ ਉਹ ਆਪਣਾ ਕਿਸੇ ਚੰਗੇ ਡਾਕਟਰ ਤੋਂ ਇਲਾਜ਼ ਕਰਵਾਉਣਗੇ। ਇਸ ਸਾਝੇ ਉਸਾਰੂ ਫੈਸਲੇ ਨਾਲ ਉਨ੍ਹਾਂ ਦਾ ਇੱਕ-ਇੱਕ ਗੁਣ ਹੋਰ ਮਿਲ ਗਿਆ।